ਵੇਰਕਾ ਮਿਲਕ ਪਲਾਂਟ ਦੇ ਬਾਹਰ ਗਰਜੇ ਦੁੱਧ ਉਤਪਾਦਕ

ਮਿਲਕਫੈੱਡ ਵੱਲੋਂ ਸਰਦੀਆਂ ਵਿੱਚ ਦੁੱਧ ਦਾ ਭਾਅ ਘਟਾਉਣ ਵਿਰੁੱਧ ਦੁੱਧ ਉਤਪਾਦਕਾਂ ’ਚ ਭਾਰੀ ਰੋਸ

ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ:
ਪੰਜਾਬ ਵਿੱਚ ਦੁੱਧ ਦੇ ਸਹਾਇਕ ਧੰਦੇ ਨਾਲ ਦੁੱਧ ਉਤਪਾਦਕਾਂ ਨੇ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਹੱਡ ਚੀਰਵੀਂ ਠੰਢ ਵਿੱਚ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ, ਮਿਲਕ ਪਲਾਂਟ ਮੈਨੇਜਮੈਂਟ ਅਤੇ ਮਿਲਕਫੈੱਡ ਅਧਿਕਾਰੀਆਂ ਨੂੰ ਰੱਜ ਕੇ ਕੋਸਿਆ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਬਲਦੇਵ ਸਿੰਘ ਚੱਕਲ, ਮਲਕੀਤ ਸਿੰਘ ਖਟੜਾ, ਬਲਵੀਰ ਸਿੰਘ ਪੱਤੋਂ, ਗੁਰਮੀਤ ਸਿੰਘ ਸ਼ਾਂਟੂ, ਬਲਵੀਰ ਸਿੰਘ ਬਹਿਰਾਮਪੁਰ ਅਤੇ ਹੋਰਨਾਂ ਦੁੱਧ ਉਤਪਾਦਕਾਂ ਨੇ ਦੋਸ਼ ਲਾਇਆ ਕਿ ਹਰੇਕ ਸਾਲ ਸਰਦੀਆਂ ਦੇ ਮੌਸਮ ਵਿੱਚ ਮਿਲਕਫੈੱਡ ਵੱਲੋਂ ਦੁੱਧ ਦਾ ਭਾਅ ਘਟਾ ਦਿੱਤਾ ਜਾਂਦਾ ਹੈ ਜਦੋਂਕਿ ਸਰਦੀਆਂ ਵਿੱਚ ਠੰਢ ਕਾਰਨ ਦੁੱਧ ਘੱਟ ਜਾਂਦਾ ਹੈ ਅਤੇ ਸਪਲਾਈ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ।
ਬੁਲਾਰਿਆਂ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਵੱਲੋਂ 15 ਦਿਨ ਦੇ ਅੰਦਰ-ਅੰਦਰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਮੈਨੇਜਮੈਂਟ ਮੀਟਿੰਗ ਲਈ ਢੁਕਵਾਂ ਸਮਾਂ ਦੇਣ ਤੋਂ ਭੱਜ ਰਹੀ ਹੈ। ਜਿਸ ਕਾਰਨ ਦੁੱਧ ਉਤਪਾਦਕਾਂ ਨੂੰ ਸੀਤ ਲਹਿਰ ਦੇ ਬਾਵਜੂਦ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਦੁੱਧ ਉਤਪਾਦਕਾਂ ਨੇ ਪੰਜਾਬ ਸਰਕਾਰ, ਮਿਲਕਫੈੱਡ ਅਤੇ ਮਿਲਕ ਪਲਾਂਟ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਮਿਲਕਫੈੱਡ ਨੇ 100 ਰੁਪਏ ਪ੍ਰਤੀ ਕੁਇੰਟਲ ਫੀਡ ਦਾ ਰੇਟ ਵਧਾ ਦਿੱਤਾ ਅਤੇ ਦੋ ਵਾਰੀ ਵਿੱਚ 3 ਰੁਪਏ ਦੁੱਧ ਦਾ ਰੇਟ ਘਟਾ ਦਿੱਤਾ ਹੈ ਜਦੋਂਕਿ ਹੋਰ ਖਰਚੇ ਲਗਾਤਾਰ ਵਧਦੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦੇ ਰੇਟ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਦੁੱਧ ਉਤਪਾਦਕਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਹਾਲ ਕੀਤੀਆਂ ਜਾਣ, ਹਰੇਕ ਮਸਲੇ ਵਿੱਚ ਮਿਲਕਫੈੱਡ ਦੀ ਮਿਲਕ ਪਲਾਂਟ ਵਿੱਚ ਦਖ਼ਲ-ਅੰਦਾਜ਼ੀ ਬੰਦ ਹੋਵੇ, ਮਿਲਾਵਟੀ ਦੁੱਧ ਦੀ ਵਿੱਕਰੀ ਸਖ਼ਤੀ ਨਾਲ ਰੋਕੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਉਹ ਉਪਰੋਕਤ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ ਸਮੂਹ ਦੁੱਧ ਸੁਸਾਇਟੀਆਂ ਨਾਲ ਮਿਲ ਕੇ ਜਨ ਅੰਦੋਲਨ ਸ਼ੁਰੂ ਕਰਨਗੇ। ਉਧਰ, ਮਿਲਕਫੈੱਡ ਦੇ ਜਨਰਲ ਮੈਨੇਜਰ ਸੰਜੀਵ ਸ਼ਰਮਾ ਅਤੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਮੈਨੇਜਰ ਰੁਪਿੰਦਰ ਸਿੰਘ ਸੇਖੋਂ ਨੇ ਧਰਨੇ ਵਿੱਚ ਪਹੁੰਚ ਕੇ ਦੁੱਧ ਉਤਪਾਦਕਾਂ ਤੋਂ ਮੰਗ ਪੱਤਰ ਲਿਆ ਅਤੇ ਜਲਦ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…