Share on Facebook Share on Twitter Share on Google+ Share on Pinterest Share on Linkedin ਝੋਨੇ ਦੇ ਅਗਲੇ ਸੀਜ਼ਨ ਤੱਕ ਤਿੰਨ ਲੱਖ ਮੀਟਰਿਕ ਟਨ ਸਮਰੱਥਾ ਦੇ ਹੋਰ ਯੂਨਿਟ ਲਗਾਉਣ ਦਾ ਟੀਚਾ: ਡੀਸੀ ਡੀਸੀ ਆਸ਼ਿਕਾ ਜੈਨ ਨੇ ਭਾਗੀਦਾਰਾਂ ਨਾਲ ਮੀਟਿੰਗ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਨਬਜ਼-ਏ-ਪੰਜਾਬ, ਮੁਹਾਲੀ, 8 ਜਨਵਰੀ: ਉਦਯੋਗਾਂ ਵਿੱਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਬੁਆਇਲਰਾਂ ਰਾਹੀਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਖਪਤ ਲਈ ਅਗਾਊਂ ਤਿਆਰੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਸਮਰੱਥਾ 4 ਲੱਖ ਮੀਟਰਿਕ ਟਨ ਸਾਲਾਨਾ ਕਰਨ ਲਈ ਹੁਣੇ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ 1.98 ਲੱਖ ਮੀਟਰਿਕ ਟਨ ਪ੍ਰਤੀ ਸਾਲ ਹੁੰਦੀ ਹੈ ਪਰ ਅਸੀਂ ਨੇੜਲੇ ਜ਼ਿਲ੍ਹਿਆਂ ਬਾਰੇ ਵੀ ਸੋਚ ਰਹੇ ਹਾਂ। ਉਨ੍ਹਾਂ ਕਿਹਾ ਕਿ ਝੋਨੇ ਦੇ ਅਗਲੇ ਸੀਜ਼ਨ ਤੱਕ ਪ੍ਰਸਤਾਵਿਤ 3 ਲੱਖ ਮੀਟਰਿਕ ਟਨ ਦੇ ਨਾਲ ਅਸੀਂ ਫ਼ਸਲਾਂ ਦੀ ਰਹਿੰਦ-ਖੂੰਹਦ (ਝੋਨੇ ਦੀ ਪਰਾਲੀ) ਨੂੰ ਜੈਵਿਕ ਬਾਲਣ ਵਜੋਂ ਵਰਤਣ ਦੇ ਯੋਗ ਹੋ ਜਾਵਾਂਗੇ। ਡੀਸੀ ਆਸ਼ਿਕਾ ਜੈਨ ਨੇ ਅੱਜ ਇੱਥੇ ਮੌਜੂਦਾ ਸਮਰੱਥਾ ਦੀ ਸਮੀਖਿਆ ਕਰਦੇ ਹੋਏ, ਜਿਸ ਵਿੱਚ ਸਾਲਾਨਾ ਇੱਕ ਲੱਖ ਮੀਟਰਿਕ ਟਨ ਵਿੱਚ ਯੋਗਦਾਨ ਪਾਉਣ ਲਈ ਪੰਜ ਯੂਨਿਟ ਸ਼ਾਮਲ ਹਨ ਅਤੇ ਦੋ ਹੋਰ ਹਿੱਸੇਦਾਰ ਚੰਡੀਗੜ੍ਹ ਡਿਸਟਿਲਰੀ ਅਤੇ ਨਾਹਰ ਇੰਡਸਟਰੀਜ਼ ਝੋਨੇ ਦੀ ਪਰਾਲੀ ਦੇ ਬਾਲਣ ਆਧਾਰਿਤ ਬੁਆਇਲਰਾਂ ਦੀ ਸਥਾਪਨਾ ’ਤੇ ਕੰਮ ਕਰ ਰਹੇ ਹਨ, ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਮੌਜੂਦਾ ਸਮਰੱਥਾ ਚਾਰ ਲੱਖ ਮੀਟਰਿਕ ਟਨ ਤੱਕ ਵਧ ਜਾਵੇਗੀ। ਇਸ ਤੋਂ ਇਲਾਵਾ ਇੱਟਾਂ ਦੇ ਭੱਠਿਆਂ ਨੂੰ ਪਰਾਲੀ ਆਧਾਰਿਤ ਪੈਲੇਟ ਸਪਲਾਈ ਕਰਨ ਲਈ ਮੁਹਾਲੀ ਵਿੱਚ ਜਲਦੀ 3300 ਮੀਟਰਿਕ ਟਨ ਸਾਲਾਨਾ ਦੀ ਸਮਰੱਥਾ ਵਾਲਾ ਇੱਕ ਨਵਾਂ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਬੁਆਇਲਰ ਯੂਨਿਟਾਂ ਦੀ ਸਮਰੱਥਾ ਅਨੁਸਾਰ ਬੇਲਰਾਂ ਦੀ ਘਾਟ ਨਾਲ ਨਜਿੱਠਣ ਲਈ ਜ਼ਿਲ੍ਹੇ ਨੂੰ ਢੁਕਵੀਂ ਗਿਣਤੀ ਵਿੱਚ ਬੇਲਿੰਗ ਮਸ਼ੀਨਾਂ ਦੀ ਸਪਲਾਈ ਦੇਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਏਡੀਸੀ (ਪੇਂਡੂ ਵਿਕਾਸ) ਨੂੰ ਬੇਲਰ ਮਸ਼ੀਨਾਂ ਦੀ ਵਾਧੂ ਅੰਦਾਜ਼ਨ ਗਿਣਤੀ ਤਿਆਰ ਕਰਨ ਲਈ ਕਿਹਾ, ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਲੋੜ ਹੈ। ਭਾਵੇਂ ਜ਼ਿਲ੍ਹੇ ਵਿੱਚ ਖੇਤੀ ਰਕਬਾ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਹੈ ਪਰ ਸੂਬੇ ਵਿੱਚ ਸਾਡੀ ਖਪਤ ਸਮਰੱਥਾ ਵੱਧ ਹੈ, ਇਸ ਲਈ ਸਾਡਾ ਮੁੱਖ ਜ਼ੋਰ ਸਮੇਂ ਸਿਰ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਕਰਨ ’ਤੇ ਹੋਣਾ ਚਾਹੀਦਾ ਹੈ। ਪਰਾਲੀ ਆਧਾਰਿਤ ਬੁਆਇਲਰ ਲਗਾਉਣ ਦੀ ਪ੍ਰਕਿਰਿਆ ਵਿੱਚ ਲੱਗੇ ਉਦਯੋਗਿਕ ਨੁਮਾਇੰਦਿਆਂ ਨੂੰ ਭਰੋਸਾ ਦਿੰਦਿਆਂ ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਪਰਾਲੀ ਦੇ ਸਟਾਕ ਨੂੰ ਸਟੋਰ ਕਰਨ ਲਈ ਲੈਂਡ ਬੈਂਕਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਨਵੇਂ ਉਦਯੋਗਾਂ ਵਿੱਚ ਪਰਾਲੀ ਆਧਾਰਿਤ ਬੁਆਇਲਰਾਂ ਨੂੰ ਉਤਸ਼ਾਹਿਤ ਕਰਨ ਲਈ ਐਲਾਨੀ ਸਬਸਿਡੀ ਦੇ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਪਰਾਲੀ ਸਾੜਨ ਦੇ ਕਾਰਨਾਂ ਦੀ ਜਾਂਚ ਕਰਨ ਲਈ, ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਵਾਲੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਨਾ ਸਾੜਨ ਵਾਲੇ ਪਿੰਡਾਂ ਨੂੰ ਉਤਸ਼ਾਹ ਦੇਣ ਲਈ ਦੌਰਾ ਕਰਨਗੇ। ਮੀਟਿੰਗ ਵਿੱਚ ਉਦਯੋਗਿਕ ਨੁਮਾਇੰਦਿਆਂ ਤੋਂ ਇਲਾਵਾ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏਸੀ (ਅੰਡਰ ਟਰੇਨਿੰਗ) ਡੇਵੀ ਗੋਇਲ, ਡੀਡੀਪੀਓ ਅਮਨਿੰਦਰ ਪਾਲ ਸਿੰਘ ਚੌਹਾਨ, ਡੀਆਰ ਸਹਿਕਾਰੀ ਗੁਰਬੀਰ ਸਿੰਘ ਢਿੱਲੋਂ, ਕਾਰਜਕਾਰੀ ਇੰਜਨੀਅਰ ਪੀਪੀਸੀਬੀ ਗੁਰਸ਼ਰਨ ਦਾਸ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਡਾ. ਨਵਰੀਤ ਕੌਰ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ