nabaz-e-punjab.com

ਵਿਜੀਲੈਂਸ ਕੇਸਾਂ ਦਾ ਲੇਖਾ-ਜੋਖਾ: 2023 ਵਿੱਚ ਭ੍ਰਿਸ਼ਟਾਚਾਰ ਦੇ 251 ਕੇਸਾਂ ਵਿੱਚ 288 ਮੁਲਜ਼ਮ ਗ੍ਰਿਫ਼ਤਾਰ

ਵੱਖ-ਵੱਖ ਸਿਆਸੀ ਪਾਰਟੀਆਂ ਦੇ 7 ਪ੍ਰਮੁੱਖ ਆਗੂ ਤੇ 70 ਅਫ਼ਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਪਰਚੇ ਦਰਜ

66 ਪੁਲੀਸ ਅਫ਼ਸਰ\ਮੁਲਾਜ਼ਮ ਤੇ 44 ਮਾਲ ਅਧਿਕਾਰੀ/ਕਰਮਚਾਰੀ ਵੀ ਕੀਤੇ ਗ੍ਰਿਫ਼ਤਾਰ

ਵੱਖ-ਵੱਖ 133 ਟਰੈਪ ਕੇਸਾਂ ਵਿੱਚ 59,57,000 ਰੁਪਏ ਦੀ ਬਰਾਮਦਗੀ, 33 ਕੇਸਾਂ ’ਚ 43 ਦੋਸ਼ੀਆਂ ਨੂੰ ਦਿੱਤੀਆਂ ਸਜ਼ਾਵਾਂ

ਨਬਜ਼-ਏ-ਪੰਜਾਬ, ਮੁਹਾਲੀ, 27 ਦਸੰਬਰ:
ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਸਾਲ ਭਰ ਪੂਰੀ ਚਹਿਲ-ਪਹਿਲ ਰਹੀ। ਕਈ ਸਿਆਸੀ ਆਗੂਆਂ ਅਤੇ ਉੱਚ ਅਫ਼ਸਰਾਂ ਦੀ ਫੜੋ-ਫੜੀ ਕਾਰਨ ਵਿਜੀਲੈਂਸ ਦਫ਼ਤਰ ਸੁਰਖ਼ੀਆਂ ਵਿੱਚ ਰਿਹਾ। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਵਿਜੀਲੈਂਸ ਵੱਲੋਂ ਸਾਲ 2023 ਦੌਰਾਨ 26 ਦਸੰਬਰ ਤੱਕ 251 ਪਰਚੇ ਦਰਜ ਕੀਤੇ ਗਏ। ਜਿਨ੍ਹਾਂ ਵਿੱਚ 133 ਟਰੈਪ ਕੇਸ ਹਨ। ਟਰੈਪ ਕੇਸਾਂ ਵਿੱਚ 59,57,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ। ਅਪਰਾਧਿਕ ਮਾਮਲਿਆਂ ਸਮੇਤ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ 288 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ 66 ਪੁਲੀਸ ਮੁਲਾਜ਼ਮ ਅਤੇ 44 ਮਾਲ ਅਧਿਕਾਰੀ/ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸੱਤ ਸਿਆਸੀ ਆਗੂਆਂ ਅਤੇ 70 ਸਰਕਾਰੀ ਅਫ਼ਸਰਾਂ/ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤੇ ਗਏ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਮਾਰਚ 2022 ਤੋਂ ਆਰੰਭੀ ਗਈ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਜੀਲੈਂਸ ਵੱਲੋਂ ਆਡੀਓ-ਵੀਡੀਓ ਰਿਕਾਰਡਿੰਗਾਂ ਦੇ ਸਬੂਤਾਂ ਸਮੇਤ 11,074 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ’ਚੋਂ 5740 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਕਾਰਵਾਈ ਲਈ ਭੇਜੀਆਂ ਗਈਆਂ ਅਤੇ 630 ਸ਼ਿਕਾਇਤਾਂ ਵੱਖ-ਵੱਖ ਵਿਜੀਲੈਂਸ ਰੇਂਜਾਂ ਨੂੰ ਦਿੱਤੀਆਂ ਗਈਆਂ ਤਾਂ ਜੋ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾ ਸਕੇ। ਵਿਜੀਲੈਂਸ ਰੇਂਜਾਂ ਵੱਲੋਂ ਜਾਂਚ ਤੋਂ ਬਾਅਦ ਹੁਣ ਤੱਕ ਦਰਜ ਕੀਤੀਆਂ 124 ਐਫਆਈਆਰਜ਼ ਵਿੱਚ 151 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ 103 ਅਪਰਾਧਿਕ ਅਤੇ 15 ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦਰਜ ਕੀਤੇ ਹਨ। ਇਨ੍ਹਾਂ ’ਚੋਂ ਅਦਾਲਤ ਨੇ 33 ਕੇਸਾਂ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਨਤੀਜੇ ਵਜੋਂ 43 ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਸਜ਼ਾ ਸੁਣਾਈ ਗਈ। ਵੱਖ-ਵੱਖ ਅਦਾਲਤਾਂ ਵਿੱਚ 181 ਕੇਸਾਂ ਦੇ ਚਲਾਨ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 82 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ।
ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸਾਬਕਾ ਵਿਧਾਇਕ, ਫਿਰੋਜ਼ਪੁਰ ਦਿਹਾਤੀ ਸਤਕਾਰ ਕੌਰ ਗਹਿਰੀ ਅਤੇ ਉਸ ਦਾ ਪਤੀ ਜਸਮੇਲ ਸਿੰਘ, ਸਾਬਕਾ ਵਿਧਾਇਕ ਤੇ ਸਾਬਕਾ ਮੈਂਬਰ ਡਾ. ਸਤਵੰਤ ਸਿੰਘ ਮੋਹੀ, ਏਆਈਜੀ ਅਸ਼ੀਸ਼ ਕਪੂਰ ਅਤੇ ਉਸ ਦੀ ਪਤਨੀ ਕਮਲ ਕਪੂਰ ਅਤੇ ਸਾਬਕਾ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ (ਡੀਈਟੀਸੀ) ਪਟਿਆਲਾ ਯੁਵਿੰਦਰ ਸਿੰਘ ਮੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਡੀਐਸਪੀ ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ, ਬਠਿੰਡਾ ਦੇ ਵਿਧਾਇਕ ਅਮਿਤ ਰਤਨ ਨੂੰ 4 ਲੱਖ ਰੁਪਏ, ਜਲ ਸਪਲਾਈ ਤੇ ਸੈਨੇਟਰੀ ਵਿਭਾਗ ਮੁਹਾਲੀ ਦੇ ਸੁਪਰਡੈਂਟ ਇੰਜੀਨੀਅਰ ਆਰ.ਕੇ. ਗੁਪਤਾ ਨੂੰ 1 ਲੱਖ ਰੁਪਏ, ਕਾਰਜਕਾਰੀ ਮਾਈਨਿੰਗ ਇੰਜੀਨੀਅਰ ਸਰਤਾਜ ਸਿੰਘ ਰੰਧਾਵਾ ਅਤੇ ਐਸਡੀਓ ਹਰਜਿੰਦਰ ਸਿੰਘ ਨੂੰ 5 ਲੱਖ ਰੁਪਏ ਤੇ ਐਸਡੀਓ ਸਰਬਜੀਤ ਸਿੰਘ ਤੇ ਹੋਰਾਂ 40,000 ਰੁਪਏ, ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਦੇ ਐਸਐਮਓ ਡਾ. ਪੂਨਮ ਗੋਇਲ ਤੇ ਡਾ. ਗੌਰਵ ਜੈਨ ਨੂੰ 15,000 ਰੁਪਏ, ਸਹਾਇਕ ਇੰਜੀਨੀਅਰ (ਵਾਧੂ ਚਾਰਜ ਪੰਚਾਇਤ ਵਿਭਾਗ, ਰਾਜਪੁਰਾ) ਅਮਰਜੀਤ ਕੁਮਾਰ ਨੂੰ 2 ਲੱਖ ਰੁਪਏ ਅਤੇ ਵਧੀਕ ਸੁਪਰਡੈਂਟ ਇੰਜੀਨੀਅਰ ਸਬ-ਡਵੀਜ਼ਨ ਪੀ.ਐਸ.ਪੀ.ਸੀ.ਐਲ. ਲਹਿਰਾਗਾਗਾ ਮਨੀਸ਼ ਜਿੰਦਲ ਨੂੰ 45,000 ਰੁਪਏ, ਵਿਪਨ ਸ਼ਰਮਾ ਬੀਡੀਪੀਓ ਬਟਾਲਾ ਨੂੰ 15,000 ਰੁਪਏ, ਪੁੱਡਾ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਨੂੰ 20,000 ਰੁਪਏ, ਸੁਖਵਿੰਦਰ ਸਿੰਘ ਮੁਲਤਾਨੀ, ਕਾਰਜਕਾਰੀ ਇੰਜੀਨੀਅਰ ਪਾਵਰਕੌਮ ਨੂੰ 4 ਲੱਖ ਰੁਪਏ ਨੂੰ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਸਰਕਾਰੀ ਜ਼ਮੀਨ ਅਲਾਟ ਕਰਨ ਦੇ ਦੋਸ਼ ਹੇਠ ਕੁਲਦੀਪ ਸਿੰਘ ਡੀਡੀਪੀਓ (ਸੇਵਾਮੁਕਤ) ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਾਰਮੇਸੀ ਦੀਆਂ ਡਿਗਰੀਆਂ ਦੇਣ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਵਿੱਚ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਸਾਬਕਾ ਰਜਿਸਟਰਾਰ ਪ੍ਰਵੀਨ ਕੁਮਾਰ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ ਤੋਂ ਇਲਾਵਾ ਲੇਖਾਕਾਰ (ਹੁਣ ਸੁਪਰਡੈਂਟ) ਅਸ਼ੋਕ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ।
ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਰੇਂਜ ਵੱਲੋਂ ਸੂਬੇ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਐਮਡੀ ਨੀਲਿਮਾ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਗੁਲਮੋਹਰ ਟਾਊਨਸ਼ਿਪ ਮੁਹਾਲੀ ਦਾ ਮਾਲਕ ਜਗਦੀਪ ਸਿੰਘ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਰੁੱਧ ਪਲਾਟਾਂ ਦੀ ਖਰੀਦ ਵਿਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ। ਏਆਈਜੀ ਮਾਲਵਿੰਦਰ ਸਿੰਘ ਸਿੱਧੂ ਅਤੇ ਹੋਰਨਾਂ ਨੂੰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਪੀਸੀਐਸ ਜਗਦੀਪ ਸਿੰਘ ਜੌਹਲ, ਦਿਨੇਸ਼ ਕੁਮਾਰ ਡਿਪਟੀ ਡਾਇਰੈਕਟਰ (ਸੇਵਾਮੁਕਤ) ਬਾਗਬਾਨੀ, ਜਸਪ੍ਰੀਤ ਸਿੰਘ ਸਿੱਧੂ ਅਤੇ ਵੈਸ਼ਾਲੀ (ਦੋਵੇਂ ਬਾਗਬਾਨੀ ਵਿਕਾਸ ਅਫ਼ਸਰ) ਅਤੇ ਹੋਰਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ’ਤੇ ਅਮਰੂਦਾਂ ਦਾ ਬਾਗ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਮੁਆਵਜ਼ਾ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰ ਨੂੰ 4.78 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੀਐਸਪੀਸੀਐਲ ਦੇ ਜਗਮੋਹਨ ਸਿੰਘ, ਰਵਿੰਦਰ ਸਿੰਘ ਅਤੇ ਵਿਨੋਦ ਕੁਮਾਰ, ਸਾਰੇ ਚੀਫ਼ ਇੰਜਨੀਅਰ (ਸੇਵਾਮੁਕਤ), ਐਮਆਰ ਥਾਪਰ ਅਤੇ ਪਰਮਿੰਦਰ ਸਿੰਘ ਦੋਵੇਂ ਡਿਪਟੀ ਚੀਫ਼ ਇੰਜਨੀਅਰ (ਸੇਵਾਮੁਕਤ), ਸੁਖਵੰਤ ਸਿੰਘ ਏਈਈ (ਹੁਣ ਏਈ), ਜਸਵਿੰਦਰ ਸਿੰਘ ਵਿਰਦੀ ਏਈਈ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਜਦੋਂਕਿ ਰਵੀ ਪੰਕਜ ਸ਼ਰਮਾ ਸਹਾਇਕ ਟਾਊਨ ਪਲਾਨਰ ਜਲੰਧਰ ਅਤੇ ਹੋਰਾਂ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਹੁਤ ਘੱਟ ਕੀਮਤ ’ਤੇ ਲੀਜ਼ ਉੱਤੇ ਦੇਣ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾਇਰੈਕਟਰ ਸੈਰ ਸਪਾਟਾ ਕਮਲਪ੍ਰੀਤ ਬਰਾੜ ਅਤੇ ਸੰਜੇ ਕੁਮਾਰ ਆਈਏਐਸ (ਸੇਵਾਮੁਕਤ) ਵਿਰੁੱਧ ਵਿਜੀਲੈਂਸ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਜਾਰੀ ਫੰਡਾਂ ਵਿੱਚ 303.90 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਅਤੇ ਹੋਰਨਾਂ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਜੀਲੈਂਸ ਜਾਂਚ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕੰਜ਼ਰਵੇਟਰ ਆਫ਼ ਫਾਰੈਸਟਸ ਸ਼ਿਵਾਲਿਕ ਪਹਾੜੀਆਂ ਵਿਸ਼ਾਲ ਚੌਹਾਨ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਆਈਏਐਸ (ਸੇਵਾਮੁਕਤ) ਡਾ. ਸਵਰਨ ਸਿੰਘ ਚੰਨੀ, ਭੂਮੀ ਗ੍ਰਹਿਣ ਅਫ਼ਸਰ ਜਗਦੀਸ਼ ਸਿੰਘ ਜੌਹਲ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਏਆਈਜੀ ਮਲਵਿੰਦਰ ਸਿੰਘ ਸਿੱਧੂ, ਪੁੱਡਾ ਦੇ ਕਾਰਜਕਾਰੀ ਇੰਜੀਨੀਅਰ ਮਹੇਸ਼ ਬਾਂਸਲ, ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਸੰਗਰੂਰ ਵਿਪਨ ਬਾਂਸਲ, ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਕੁਲਤਾਰਨ ਸਿੰਘ ਘੁੰਮਣ, ਮੁੱਖ ਵਾਤਾਵਰਨ ਇੰਜੀਨੀਅਰ, ਪੀਪੀਸੀਬੀ, ਲੁਧਿਆਣਾ ਸੰਦੀਪ ਬਹਿਲ ਅਤੇ ਅਮਰੂਦ ਦੇ ਬਾਗ ਸਬੰਧੀ ਮਾਮਲੇ ਦਾ ਮੁੱਖ ਮੁਲਜ਼ਮ ਬਚਿੱਤਰ ਸਿੰਘ, ਪਟਵਾਰੀ ਵਿਰੁੱਧ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…