ਐਸਡੀਐਮਜ਼ ਨੂੰ ਅਪਾਰਟਮੈਂਟ ਵਿੱਚ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਆਦੇਸ਼

ਦਾਅਵਿਆਂ ਤੇ ਇਤਰਾਜ਼ਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦੇ ਹੁਕਮ, ਵਿਸ਼ੇਸ਼ ਸਰਸਰੀ ਸੁਧਾਈ-2024 ਦੀ ਪ੍ਰਗਤੀ ਦੀ ਸਮੀਖਿਆ

ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਵੋਟਰ ਬਣਾਉਣ ਲਈ ਲਾਏ ਜਾਣਗੇ ਵਿਸ਼ੇਸ਼ ਕੈਂਪ

ਨਬਜ਼-ਏ-ਪੰਜਾਬ, ਮੁਹਾਲੀ, 18 ਦਸੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਸਡੀਐਮਜ਼ ਨੂੰ ਹਦਾਇਤ ਕੀਤੀ ਕਿ ਉਹ ਅਪਾਰਟਮੈਂਟਸ ਵਿੱਚ ਪੋਲਿੰਗ ਸਟੇਸ਼ਨ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਤਾਂ ਜੋ ਵੋਟਰ ਪ੍ਰਤੀਸ਼ਤਤਾ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਰਿਹਾਇਸ਼ੀ ਸਥਾਨਾਂ ਦੇ ਨੇੜੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਵਿਸ਼ੇਸ਼ ਸਰਸਰੀ ਸੁਧਾਈ-2024 ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ, ਉਨ੍ਹਾਂ ਨੇ ਐਸਡੀਐਮਜ਼ ਨੂੰ 26 ਦਸੰਬਰ, 2023 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਤਾਂ ਜੋ 5 ਜਨਵਰੀ, 2024 ਨੂੰ ਫਾਈਨਲ ਚੋਣ ਸੂਚੀ ਦੇ ਪ੍ਰਕਾਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ।
ਚੋਣ ਹਲਕੇ ਚੋਂ ਤਬਦੀਲ ਹੋਏ ਅਤੇ ਮ੍ਰਿਤਕ ਵੋਟਰਾਂ ਦੇ ਨਾਮ ਹਟਾਉਣ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਉਨ੍ਹਾਂ ਨੂੰ ਬੂਥ ਲੈਵਲ ਅਫਸਰਾਂ ਅਤੇ ਸੁਪਰਵਾਈਜ਼ਰਾਂ ਤੋਂ ਜ਼ਿੰਮੇਵਾਰੀ ਨਾਲ ਠਿਕਾਣਿਆਂ ਦੀ ਤਸਦੀਕ ਕਰਵਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 27 ਅਕਤੂਬਰ ਤੋਂ 9 ਦਸੰਬਰ 2023 ਤੱਕ ਕੀਤੀ ਗਈ ਵਿਸ਼ੇਸ਼ ਸਰਸਰੀ ਸੁਧਾਈ -2024 ਦੌਰਾਨ ਕੁੱਲ 13886 ਫਾਰਮ ਪ੍ਰਾਪਤ ਹੋਏ। ਜਿਨ੍ਹਾਂ ’ਚੋਂ 8167 ਨਵੇਂ ਵੋਟਰਾਂ ਦੇ ਫਾਰਮ ਹਨ ਜਦਕਿ 1451 ਨਾਮ ਕੱਟਣ ਦੀਆਂ ਬੇਨਤੀਆਂ ਤੋਂ ਇਲਾਵਾ 4267 ਦਰੁਸਤੀ ਲਈ ਹਨ।
ਇਸੇ ਤਰ੍ਹਾਂ ਜ਼ਿਲ੍ਹੇ ਦੀ ਘਰ-ਘਰ ਜਾ ਕੇ ਪੜਤਾਲ ਕੀਤੀ ਗਈ ਹੈ। ਹਾਊਸ ਟੁ ਹਾਊਸ ਤਸਦੀਕ ਦੌਰਾਨ ਕੁੱਲ 29379 ਤਬਦੀਲ/ਮ੍ਰਿਤਕ/ਧੁੰਦਲੀ ਤਸਵੀਰ/ਦੋਹਰੇ ਮਤਦਾਤਾ ਫੋਟੋ ਪਛਾਣ ਪੱਤਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਸਿਰਫ਼ 12 ਪ੍ਰਤੀਸ਼ਤ ਨਿਪਟਾਰੇ ਲਈ ਲੰਬਿਤ ਹਨ। ਉਨ੍ਹਾਂ ਨੇ ਐਸਡੀਐਮਜ਼ ਨੂੰ ਨੌਜਵਾਨ ਵੋਟਰਾਂ ਨੂੰ ਰਜਿਸਟਰ ਕਰਨ ਲਈ ਕਾਲਜ/ਯੂਨੀਵਰਸਿਟੀ ਪੱਧਰ ਦੇ ਕੈਂਪਾਂ ਦੀ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਨੇ ਉਹਨਾਂ ਵੋਟਰਾਂ ਨੂੰ ਰਜਿਸਟਰ ਕਰਨ ਲਈ ਆਰ.ਡਬਲਯੂ.ਏ. (ਨਾਗਰਿਕ ਭਲਾਈ ਐਸੋਸੀਏਸ਼ਨ) ਨਾਲ ਤਾਲਮੇਲ ਕਰਨ ਲਈ ਵੀ ਕਿਹਾ ਜੋ ਅਜੇ ਤੱਕ ਰਜਿਸਟਰ ਨਹੀਂ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਐਸਡੀਐਮਜ਼ ਨੂੰ ਸਵੀਪ ਤਹਿਤ ਵੋਟਰ ਜਾਗਰੂਕਤਾ ਗਤੀਵਿਧੀਆਂ ਉਲੀਕਣ ਅਤੇ ਸਵੀਪ ਗਤੀਵਿਧੀਆਂ ਨੂੰ ਜਨਵਰੀ ਤੋਂ ਸ਼ੁਰੂ ਕਰਨ ਲਈ ਬਜਟ ਦੀ ਮੰਗ ਸਮੇਤ ਯੋਜਨਾਵਾਂ ਜ਼ਿਲ੍ਹਾ ਚੋਣ ਦਫ਼ਤਰ ਨੂੰ ਸੌਂਪਣ ਲਈ ਕਿਹਾ। ਮੀਟਿੰਗ ਵਿੱਚ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਐਸਡੀਐਮ ਚੰਦਰਜੋਤੀ ਸਿੰਘ, ਐਸਡੀਐਮ ਖਰੜ ਗੁਰਮੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…