Nabaz-e-punjab.com

ਮਾਈਨਿੰਗ ਵਿਭਾਗ ਤੇ ਰੈਵੇਨਿਊ ਵਿਭਾਗ ਦੀ ਸਾਂਝੀ ਟੀਮ ਵੱਲੋਂ ਧਰਮਗੜ੍ਹ ਤੇ ਕੋਰੇਮਾਜਰਾ ਦੇ ਖੇਤਾਂ ਦੀ ਜਾਂਚ

ਮਾਈਨਿੰਗ ਵਿਭਾਗ ਨੇ ਰੈਵੇਨਿਊ ਵਿਭਾਗ ਨੂੰ ਲਿਖਤੀ ਰੂਪ ਵਿੱਚ ਜਲਦੀ ਰਿਪੋਰਟ ਦੇਣ ਲਈ ਆਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਧਰਮਗੜ੍ਹ ਅਤੇ ਕੋਰੇਮਾਜਰਾ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਮਾਈਨਿੰਗ ਵਿਭਾਗ ਅਤੇ ਰੈਵੇਨਿਊ ਵਿਭਾਗ ਦੀ ਸਾਂਝੀ ਟੀਮ ਨੇ ਅੱਜ ਉਕਤ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਟੀਮ ਵਿੱਚ ਮਾਈਨਿੰਗ ਵਿਭਾਗ ਦੇ ਐਸਡੀਓ ਯਾਦਵਿੰਦਰ ਸਿੰਘ, ਇੰਸਪੈਕਟਰ ਗੁਰਜੀਤ ਸਿੰਘ ਅਤੇ ਕਾਨੂੰਗੋਈ ਦੇਸ਼ ਰਾਜ ਅਤੇ ਮਹਿਲਾ ਪਟਵਾਰੀ ਸੋਮਨ ਰਾਣੀ ਸ਼ਾਮਲ ਸਨ। ਉਧਰ, ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ ਮਹੀਨਾ ਪਹਿਲਾਂ ਜ਼ਮੀਨ ਮਾਲਕਾਂ ਦਾ ਵੇਰਵਾ ਦੇਣ ਲਈ ਰੈਵੇਨਿਊ ਵਿਭਾਗ ਨੂੰ ਪੱਤਰ ਲਿਖਿਆ ਸੀ ਲੇਕਿਨ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ।
ਇਹ ਅਧਿਕਾਰੀ ਜ਼ਮੀਨ ਦੇ ਖਸਰਾ ਨੰਬਰਾਂ ਦੀ ਜਾਂਚ ਲਈ ਨਕਸ਼ਾ (ਲੱਠਾ) ਲੈ ਕੇ ਆਏ ਸੀ। ਜਿਨ੍ਹਾਂ ਨੇ ਸ਼ਿਕਾਇਤਕਰਤਾਵਾਂ ਰਜਿੰਦਰ ਸਿੰਘ, ਉਸ ਦੇ ਭਰਾ ਭੁਪਿੰਦਰ ਸਿੰਘ ਅਤੇ ਐਚਐਸ ਗਰੇਵਾਲ ਦੀ ਮੌਜੂਦਗੀ ਵਿੱਚ ਧਰਮਗੜ੍ਹ ਅਤੇ ਕੋਰੇਮਾਜਰਾ ਦੀ ਜ਼ਮੀਨ ਵਿੱਚ ਪਏ ਡੂੰਘੀ ਖੱਡਿਆਂ ਦੀ ਜਾਂਚ ਕੀਤੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਖੇਤਾਂ ਵਿੱਚ ਕਰੀਬ 10 ਤੋਂ 12 ਫੁੱਟ ਡੂੰਘੇ ਅਤੇ ਕਾਫੀ ਲੰਮੇ ਖੱਡੇ ਪਏ ਹੋਏ ਸਨ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਜ਼ਮੀਨ ’ਚੋਂ ਨਾਜਾਇਜ਼ ਮਾਈਨਿੰਗ ਹੋਈ ਹੈ। ਇਸ ਸਬੰਧੀ ਪਿਛਲੇ ਦਿਨੀਂ ਹੁਕਮਰਾਨ ਕਾਂਗਰਸ ਪਾਰਟੀ ਦੇ ਸਮਰਥਕ ਵਿਅਕਤੀਆਂ ’ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਦੋਸ਼ ਵੀ ਲੱਗੇ ਸਨ। ਹਾਲਾਂਕਿ ਪਹਿਲਾਂ ਸੱਤਾਧਾਰੀ ਆਗੂ ਇਹ ਕਹਿੰਦੇ ਰਹੇ ਹਨ ਕਿ ਕਿਸਾਨ ਆਪਣੇ ਖੇਤਾਂ ਦੀ ਜ਼ਮੀਨ ਨੂੰ ਪੱਧਰਾ ਕਰਨ ਲਈ ਮਿੱਟੀ ਚੁੱਕ ਰਹੇ ਹਨ। ਜਿਸ ਨੂੰ ਨਾਜਾਇਜ਼ ਮਾਈਨਿੰਗ ਦਾ ਨਾਂ ਦਿੱਤਾ ਜਾ ਰਿਹਾ ਹੈ। ਨਿਯਮ ਇਹ ਕਹਿੰਦੇ ਹਨ ਕਿ ਸਰਕਾਰੀ ਪ੍ਰਵਾਨਗੀ ਨਾਲ ਵੀ ਜ਼ਮੀਨ ਮਾਲਕ ਆਪਣੇ ਖੇਤਾਂ ’ਚੋਂ ਸਿਰਫ਼ ਤਿੰਨ ਫੁੱਟ ਤੱਕ ਮਿੱਟੀ ਚੁੱਕ ਸਕਦਾ ਹੈ।
ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਪਿੰਡ ਧਰਮਗੜ੍ਹ ਅਤੇ ਕੋਰੇਮਾਜਰਾ ਦੇ ਖੇਤਾਂ ਦੀ ਜਾਂਚ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰੈਵੇਨਿਊ ਵਿਭਾਗ ਨੂੰ ਜਲਦੀ ਲਿਖਤੀ ਰੂਪ ਵਿੱਚ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ ਅਤੇ ਰਿਪੋਰਟ ਦੀ ਕਾਪੀ ਮਿਲਣ ਤੋਂ ਬਾਅਦ ਸਬੰਧਤ ਜ਼ਮੀਨ ਮਾਲਕਾਂ ਨੂੰ ਜੁਰਮਾਨੇ ਦੀ ਵਸੂਲੀ ਲਈ ਨੋਟਿਸ ਜਾਰੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਵੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਹੁਕਮਾਂ ’ਤੇ ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਨੇ ਪੀੜਤ ਕਿਸਾਨਾਂ ਦੀ ਹਾਜ਼ਰੀ ਵਿੱਚ ਮੌਕੇ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨੂੰ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇਣ ਨੂੰ ਆਖਿਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਬੀਤੀ 21 ਜੂਨ ਨੂੰ ਮੁਹਾਲੀ ਦੇ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਪਿੰਡ ਕੋਰੇਮਾਜਰਾ ਅਤੇ ਪਿੰਡ ਧਰਮਗੜ੍ਹ ਵਿੱਚ ਨਾਜਾਇਜ਼ ਮਾਈਨਿੰਗ ਸਬੰਧੀ ਸਬੰਧਤ ਜ਼ਮੀਨ ਮਾਲਕਾਂ ਦਾ ਵੇਰਵਾ ਮੰਗਿਆ ਗਿਆ ਸੀ। ਇਸ ਪੱਤਰ ਦਾ ਉਤਾਰਾ ਮੁਹਾਲੀ ਦੇ ਐਸਡੀਐਮ ਅਤੇ ਥਾਣਾ ਸੋਹਾਣਾ ਦੇ ਐਸਐਚਓ ਨੂੰ ਵੀ ਭੇਜਿਆ ਗਿਆ ਸੀ। ਲੇਕਿਨ ਸਿਆਸੀ ਦਬਾਅ ਹੋਣ ਕਾਰਨ ਇਹ ਕਾਰਵਾਈ ਠੰਢੇ ਬਸਤੇ ਵਿੱਚ ਪੈ ਗਈ ਜਾਪਦੀ ਹੈ ਕਿਉਂਕਿ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਰੈਵਨਿਊ ਵਿਭਾਗ ਵੱਲੋਂ ਜ਼ਮੀਨ ਮਾਲਕਾਂ ਦੀ ਸ਼ਨਾਖ਼ਤ ਨਹੀਂ ਕੀਤੀ ਜਾ ਸਕੀ ਹੈ।
ਸਰਕਾਰੀ ਪੱਤਰ ਅਨੁਸਾਰ ਮੁੱਢਲੀ ਜਾਂਚ ਵਿੱਚ ਨਾਜਾਇਜ਼ ਮਾਈਨਿੰਗ ਦੀ ਗੱਲ ਸਾਹਮਣੇ ਆਈ ਹੈ। ਲਿਹਾਜ਼ਾ ਇਸ ਦਫ਼ਤਰ ਨੂੰ ਸਬੰਧਤ ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਅਤੇ ਨਿਕਾਸੀ ਵਾਲੇ ਖਸਰਾ ਨੰਬਰਾਂ ਦੀ ਪਛਾਣ ਕੀਤੀ ਜਾਣੀ ਲੋੜੀਂਦੀ ਹੈ। ਇਸ ਲਈ ਜਾਂਚ ਅਧਿਕਾਰੀ ਨਾਲ ਤਾਲਮੇਲ ਕਰਕੇ ਜਮ੍ਹਾਬੰਦੀ\ਗਿਰਦਾਵਰੀ ਅਨੁਸਾਰ ਨਿਕਾਸੀ ਵਾਲੀ ਜ਼ਮੀਨ ਦੀ ਮਾਲਕੀ ਬਾਰੇ ਰਿਪੋਰਟ ਭੇਜੀ ਜਾਵੇ। ਜੇਕਰ ਨਿਕਾਸੀ ਵਾਲੀ ਜ਼ਮੀਨ ’ਚ ਸਾਂਝੀ ਖੇਵਟਦਾਰ ਹਨ ਤਾਂ ਨਿਕਾਸੀ ਵਾਲੇ ਸਥਾਨ ’ਤੇ ਕਾਬਜ਼ਕਾਰਾਂ ਦਾ ਨਾਂ ਦੱਸਿਆ ਜਾਵੇ ਤਾਂ ਜੋ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…