nabaz-e-punjab.com

ਗਵਾਹ ’ਤੇ ਜਾਨਲੇਵਾ ਹਮਲਾ: ਗੈਂਗਸਟਰਾਂ ਦੇ ਸਾਥੀ ਬ੍ਰਹਮ ਦੱਤ ਲੱਕੀ ਨੂੰ ਜੇਲ੍ਹ ਭੇਜਿਆ

ਫਰਾਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲੀਸ ਵੱਲੋਂ ਪੰਚਕੂਲਾ ਤੇ ਜ਼ੀਰਕਪੁਰ ਵਿੱਚ ਛਾਪੇਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਸੈਕਟਰ-76 ਵਿੱਚ ਸ਼ੁੱਕਰਵਾਰ ਨੂੰ ਗੈਂਗਸਟਰਾਂ ਦੇ ਖ਼ਿਲਾਫ਼ ਗਵਾਹੀ ਦੇਣ ਆਏ ਸ਼ਿਕਾਇਤ ਕਰਤਾ\ਗਵਾਹ ਰੋਹਿਤ ਜੋਸ਼ੀ ਵਾਸੀ ਬਨੂੜ ’ਤੇ ਬਿਲਕੁਲ ਕੋਰਟ ਰੂਮ ਦੇ ਬਾਹਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਗੈਂਗਸਟਰਾਂ ਦੇ ਇਕ ਸਾਥੀ ਬ੍ਰਹਮ ਦੱਤ ਉਰਫ਼ ਲੱਕੀ ਨੂੰ ਪਹਿਲਾਂ ਦਿੱਤਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਥਾਣਾ ਸੋਹਾਣਾ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਰੋਹਿਤ ਜੋਸ਼ੀ ਵਾਸੀ ਬਨੂੜ ਦੇ ਬਿਆਨਾਂ ’ਤੇ ਬ੍ਰਹਮ ਦੱਤ ਉਰਫ਼ ਲੱਕੀ, ਦੀਪਕ ਚਹਿਲ, ਸੇਵਕ, ਬਿੱਲਾ, ਸਤਨਾਮ ਸਿੰਘ, ਮਨੀਰ ਮੋਂਗੀਆਂ ਉਰਫ਼ ਮਾਹੀ, ਦਿਲਵਰ ਖਾਨ ਅਤੇ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 341, 323, 506 ਅਤੇ ਗਵਾਹ ਨੂੰ ਧਮਕਾਉਣ ਦੀ ਧਾਰਾ 195ਏ ਦੇ ਤਹਿਤ ਕੇਸ ਦਰਜ ਗਿਆ ਹੈ। ਉਨ੍ਹਾਂ ਦੱਸਿਆ ਕਿ ਬ੍ਰਹਮ ਦੱਤ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਸੀ ਜਦੋਂਕਿ ਬਾਕੀ ਫਰਾਰ ਹਮਲਾਵਰਾਂ ਦੀ ਪੈੜ ਨੱਪਣ ਲਈ ਪੰਚਕੂਲਾ ਅਤੇ ਜ਼ੀਰਕਪੁਰ ਸਮੇਤ ਹੋਰ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਪੀੜਤ ਰੋਹਿਤ ਜੋਸ਼ੀ ਦੀ ਸ਼ਿਕਾਇਤ ’ਤੇ ਤਿੰਨ ਸਾਲ ਪਹਿਲਾਂ 6 ਅਪਰੈਲ 2017 ਨੂੰ ਹਰਤੇਜਵੰਤ ਸਿੰਘ, ਦਿਨੇਸ਼ ਕੁਮਾਰ, ਗੁਰਵਿੰਦਰ ਸਿੰਘ ਉਰਫ਼ ਗੋਲਡੀ, ਦੀਪਕ ਉਰਫ਼ ਦੀਪੂ, ਸੰਦੀਪ ਨਾਟਾ, ਲਾਡੀ ਛੱਤ, ਅਮਨਦੀਪ ਸਿੰਘ ਮੰਨੀ ਰਿਸਕੀ ਦੇ ਖ਼ਿਲਾਫ਼ ਧਾਰਾ 307, 452, 506, 148, 149 ਅਤੇ ਅਸਲਾ ਐਕਟ ਤਹਿਤ ਥਾਣਾ ਬਨੂੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸੰਦੀਪ ਨਾਟਾ, ਤੇਜਵੰਤ, ਦਿਨੇਸ਼, ਗੋਲਡੀ ਜ਼ਮਾਨਤ ’ਤੇ ਹਨ। ਉਸ ਨੂੰ ਮੁਲਜ਼ਮਾਂ ਦੇ ਖ਼ਿਲਾਫ਼ ਗਵਾਹ ਦੇਣ ਨਾ ਦੇਣ ਸਬੰਧੀ ਪਹਿਲਾਂ ਹੀ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਸ਼ੁੱਕਰਵਾਰ ਨੂੰ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਉਹ ਗਵਾਹੀ ਦੇਣ ਆਇਆ ਸੀ। ਜਿੱਥੇ ਪਹਿਲਾਂ ਹੀ ਮੁਲਜ਼ਮਾਂ ਦੇ ਸਮਰਥਕ ਉਕਤ ਵਿਅਕਤੀ ਅਦਾਲਤ ਵਿੱਚ ਮੌਜੂਦ ਸਨ। ਗਵਾਹੀ ਲਈ ਆਵਾਜ਼ ਪੈਣ ’ਤੇ ਉਹ ਗਵਾਹੀ ਦੇਣ ਲਈ ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਐਨੇ ਵਿੱਚ ਕੋਰਟ ਰੂਮ ਦੇ ਬਾਹਰ ਰੌਲਾ ਪੈ ਗਿਆ। ਬਾਹਰ ਆ ਕੇ ਦੇਖਿਆ ਕਿ ਮੁਲਜ਼ਮਾਂ ਦੇ ਸਾਥੀ ਉਸ ਦੇ ਦੋਸਤਾਂ ਦੀ ਕੁੱਟਮਾਰ ਕਰ ਰਹੇ ਸੀ। ਹਮਲਾਵਰਾਂ ਨੇ ਉਸ ਨੂੰ ਦੇਖਦੇ ਹੀ ਉਸ ਉੱਤੇ ਵੀ ਹਮਲਾ ਬੋਲ ਦਿੱਤਾ। ਹਾਲਾਂਕਿ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਪੁਲੀਸ ਕਰਮਚਾਰੀ ਤਾਇਨਾਤ ਸਨ। ਇਸ ਦੇ ਬਾਵਜੂਦ ਹਮਲਾਵਰ ਸ਼ਿਕਾਇਤ ਕਰਤਾ ਨੂੰ ਗਵਾਹੀ ਦੇਣ ਦੀ ਸੂਰਤ ਵਿੱਚ ਭਿਆਨਕ ਸਿੱਟੇ ਭੁਗਤਣੇ ਧਮਕੀ ਦੇ ਕੇ ਲਲਕਾਰੇ ਮਾਰੇ ਹੋਏ ਫਰਾਰ ਹੋ ਗਏ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…