Share on Facebook Share on Twitter Share on Google+ Share on Pinterest Share on Linkedin ਸਿਹਤ ਵਿਭਾਗ ਨੇ ਡੇਂਗੂ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਤੋਂ ਸਹਿਯੋਗ ਮੰਗਿਆ ਸਿਵਲ ਸਰਜਨ ਨੇ ਨਿੱਜੀ ਹਸਪਤਾਲਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ: ਸਿਹਤ ਵਿਭਾਗ ਵੱਲੋਂ ਬਰਸਾਤ ਦੇ ਮੌਸਮ ਵਿੱਚ ਡੇਂਗੂ, ਚਿਕਨਗੁਨੀਆ ਅਤੇ ਹੋਰ ਬਿਮਾਰੀਆਂ ਨਾਲ ਸਾਂਝੇ ਤੌਰ ’ਤੇ ਨਜਿੱਠਣ ਲਈ ਅੱਜ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸ਼ਹਿਰ ਦੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਡੇਂਗੂ ਨਾਲ ਟਾਕਰਾ ਕਰਨ ਲਈ ਨਿੱਜੀ ਸਿਹਤ ਸੰਸਥਾਵਾਂ ਤੋਂ ਸਹਿਯੋਗ ਮੰਗ ਕਰਦਿਆਂ ਉਨ੍ਹਾਂ ਨੂੰ ਕੁਝ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਜਿਹੀ ਜਾਨਲੇਵਾ ਬਿਮਾਰੀ ਹਰ ਕਿਸੇ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਨਿੱਜੀ ਹਸਪਤਾਲ ਆਪਣੇ ਤੌਰ ’ਤੇ ਲੋਕਾਂ ਨੂੰ ਜਾਗਰੂਕ ਕਰ ਕੇ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੇਂਗੂ ਬੁਖ਼ਾਰ ਦਾ ਟੈੱਸਟ ਅਤੇ ਇਲਾਜ ਕਰਕੇ ਡੇਂਗੂ ਵਿਰੋਧੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ। ਉਨ੍ਹਾਂ ਨੇ ਨਿੱਜੀ ਹਸਪਤਾਲਾਂ ਨੂੰ ਕਿਹਾ ਕਿ ਉਹ ਡੇਂਗੂ ਦੇ ਕਿਸੇ ਵੀ ਸ਼ੱਕੀ ਅਤੇ ਪੀੜਤ ਮਰੀਜ਼ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦੇਣ ਤਾਂ ਜੋ ਡੇਂਗੂ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਲੋੜੀਂਦੇ ਉਪਾਅ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਨਿੱਜੀ ਹਸਪਤਾਲਾਂ ਵਿੱਚ ਕਾਰਡ ਆਧਾਰਿਤ ਟੈੱਸਟ ਦੀ ਸਹੂਲਤ ਹੈ, ਉਹ ਡੇਂਗੂ ਬੁਖ਼ਾਰ ਦੀ ਪੁਸ਼ਟੀ ਨਹੀਂ ਕਰ ਸਕਦੇ। ਜਿਹੜੇ ਹਸਪਤਾਲਾਂ ਵਿੱਚ ਇਲੀਸਾ ਆਧਾਰਿਤ ਜਾਂਚ ਸਹੂਲਤ ਹੈ, ਸਿਰਫ਼ ਉਹੀ ਹਸਪਤਾਲ ਡੇਂਗੂ ਬੁਖ਼ਾਰ ਦੀ ਪੁਸ਼ਟੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨਿੱਜੀ ਹਸਪਤਾਲ ਡੇਂਗੂ ਬੁਖ਼ਾਰ ਦੇ ਟੈੱਸਟ ਅਤੇ ਇਲਾਜ ਲਈ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣ ਕਰਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਆਪਣੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਦੱਸ ਸਕਦੇ ਹਨ। ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਬੁਖ਼ਾਰ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਹੋ ਸਕਦਾ ਹੈ। ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਡੇਂਗੂ ਖ਼ਿਲਾਫ਼ ਜਨਤਕ ਜਾਗਰੂਕਤਾ ਲਹਿਰ ਚਲਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਰੀਜ਼ ਦੇ ਸਰੀਰ ਵਿੱਚ ਪਲੇਟਲੈੱਟਸ ਜਾਂ ਸੈੱਲ ਘਟਣ ’ਤੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੈੱਲਾਂ ਦੀ ਥੋੜੀ-ਬਹੁਤ ਕਮੀ ਆਮ ਤੌਰ ’ਤੇ ਹਰ ਬੁਖ਼ਾਰ ਵਿੱਚ ਹੋ ਜਾਂਦੀ ਹੈ। ਸੈੱਲ ਘਟਣ ਦਾ ਅਰਥ ਡੇਂਗੂ ਬੁਖ਼ਾਰ ਹੋਣਾ ਬਿਲਕੁਲ ਵੀ ਨਹੀਂ ਹੈ।’ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ, ਆਈਵੀਵਾਈ ਹਸਪਤਾਲ, ਮੈਕਸ ਹਸਪਤਾਲ, ਇੰਡਸ ਹਸਪਤਾਲ, ਗਰੇਸ਼ੀਅਨ ਹਸਪਤਾਲ, ਚੀਮਾ ਹਸਪਤਾਲ, ਸੋਹਾਣਾ ਹਸਪਤਾਲ, ਫੋਰਟਿਸ ਹਸਪਤਾਲ ਦੇ ਅਧਿਕਾਰੀ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ