Share on Facebook Share on Twitter Share on Google+ Share on Pinterest Share on Linkedin ਸਰਕਾਰੀ ਨਸ਼ਾ ਛੁਡਾਊ ਕੇਂਦਰ ਮੁਹਾਲੀ ਵਿੱਚ 18 ਤੋਂ ਵੱਧ ਨਸ਼ੇੜੀ ਨੌਜਵਾਨ ਦਾਖ਼ਲ ਜ਼ਿਆਦਾਤਰ ਨਸ਼ੇੜੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਨਾਲ ਰਹਿਣ ਤੋਂ ਵੱਟਦੇ ਨੇ ਟਾਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ: ਇੱਥੋਂ ਦੇ ਸੈਕਟਰ-66 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਨਸ਼ੇ ਦੇ ਆਦੀ ਨੌਜਵਾਨਾਂ ਦਾ ਭਵਿੱਖ ਰੁਸ਼ਨਾਉਣ ਲਈ ਮਦਦਗਾਰ ਸਾਬਤ ਹੋ ਰਿਹਾ ਹੈ। ਇਸ ਸਮੇਂ ਇੱਥੇ 18 ਤੋਂ ਵੱਧ ਨਸ਼ੇੜੀ ਨੌਜਵਾਨ ਇਲਾਜ ਲਈ ਦਾਖ਼ਲ ਹਨ। ਡਾਕਟਰਾਂ ਅਨੁਸਾਰ ਇਸ ਕੇਂਦਰ ਵਿੱਚ ਨਸ਼ੇੜੀ ਮੁਟਿਆਰਾਂ ਵੀ ਆਪਣਾ ਇਲਾਜ ਕਰਵਾਉਣ ਲਈ ਆਉਂਦੀਆਂ ਹਨ। ਹਾਲ ਹੀ ਵਿੱਚ ਨਸ਼ੇ ਦੇ ਟੀਕੇ ਲਗਾਉਣ ਦੀਆਂ ਆਦੀ ਦੋ ਲੜਕੀਆਂ ਦਾ ਇਲਾਜ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੌਂਸਲਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵੱਲੋਂ ਸਟਾਫ਼ ਨੂੰ ਚੁਸਤ ਦਰੁਸਤ ਰੱਖਣ ਲਈ ਅਚਨਚੇਤ ਚੈਕਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਜ਼ਿਆਦਾਤਰ ਨੌਜਵਾਨ ਲੜਕੇ ਅਤੇ ਲੜਕੀਆਂ ਚਿੱਟਾ, ਸਮੈਕ, ਕੋਕੀਨ ਅਤੇ ਨਸ਼ੇ ਦੇ ਟੀਕੇ ਲਗਾਉਣ ਦੇ ਆਦੀ ਹਨ। ਇਸ ਤੋਂ ਇਲਾਵਾ ਜ਼ਿਆਦਾ ਸ਼ਰਾਬ ਪੀਣਾ, ਭੰਗ, ਅਫ਼ੀਮ ਅਤੇ ਬੀੜੀ ਸਿਗਰਟ ਦਾ ਸੇਵਨ ਕਰਨ ਵਾਲੇ ਆਉਂਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਪੀੜਤ ਓਟ ਕਲੀਨਿਕ ਨੂੰ ਤਰਜ਼ੀਹ ਦਿੰਦੇ ਹਨ ਕਿਉਂਕਿ ਇਨ੍ਹਾਂ ਥਾਵਾਂ ’ਤੇ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ ਜਾਂਦਾ ਸਗੋਂ ਸਟਾਫ਼ ਆਪਣੇ ਸਾਹਮਣੇ ਖ਼ੁਦ ਮਰੀਜ਼ ਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ\ਦਵਾਈ ਦੇ ਕੇ ਘਰ ਤੋਰ ਦਿੰਦਾ ਹੈ। ਸਰਕਾਰੀ ਨਸ਼ਾ ਛੁਡਾਊ ਕੇਂਦਰ ਦੀ ਇੰਚਾਰਜ ਡਾ. ਪੂਜਾ ਗਰਗ ਦੱਸਦੇ ਹਨ ਕਿ ਓਪੀਡੀ ਵਿੱਚ ਜਾਂਚ ਲਈ ਹਰੇਕ ਮਹੀਨੇ ਲਗਭਗ 500 ਮਰੀਜ਼ਾਂ ਦੀ ਆਮਦ ਹੈ। ਪਿਛਲੇ ਛੇ ਮਹੀਨਿਆਂ ਵਿੱਚ ਹੁਣ ਤੱਕ 2500 ਤੋਂ 3 ਹਜ਼ਾਰ ਨੌਜਵਾਨਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ’ਚੋਂ ਕਈ ਨੌਜਵਾਨਾਂ ਨੂੰ ਮੁਫ਼ਤ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ। ਪ੍ਰੰਤੂ ਜ਼ਿਆਦਾਤਰ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਨਾਲ ਰਹਿਣ ਤੋਂ ਟਾਲਾ ਵੱਟਦੇ ਹਨ। ਜਿਸ ਕਾਰਨ ਡਾਕਟਰਾਂ, ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਦੀ ਜ਼ਿੰਮੇਵਾਰ ਵਧੇਰੇ ਵੱਧ ਜਾਂਦੀ ਹੈ। ਜਿਸ ਕਾਰਨ ਪਹਿਲਾਂ ਨਸ਼ੇੜੀ ਨੌਜਵਾਨਾਂ ਵੱਲੋਂ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਅਤੇ ਕਈ ਵਾਰ ਪੁਲੀਸ ਵੀ ਬੁਲਾਉਣੀ ਪਈ ਹੈ ਲੇਕਿਨ ਹੁਣ ਸਥਿਤੀ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਡਾ. ਪੂਜਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਲਾਜ ਲਈ ਦਾਖ਼ਲ ਹੋਣ ਵਾਲੇ ਨੌਜਵਾਨਾਂ ਨੂੰ ਨਾਲ ਰਹਿਣ ਲਈ ਰਾਜ਼ੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਰਹਿਣ ਕਾਰਨ ਕੰਧ ਟੱਪ ਕੇ ਭੱਜਣ ਅਤੇ ਭੰਨ-ਤੋੜ ਦੀਆਂ ਘਟਨਾਵਾਂ ਨੂੰ ਵੱਡੇ ਪੱਧਰ ’ਤੇ ਠੱਲ੍ਹ ਪਈ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਉੱਦਮੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਿਆਂ ਦੇ ਪੀੜਤ ਨੌਜਵਾਨਾਂ ਦੇ ਮੁਫ਼ਤ ਇਲਾਜ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਇੱਥੇ ਪੀੜਤ ਨੌਜਵਾਨਾਂ ਨੂੰ ਘਰ ਵਾਲਾ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਸਟਾਫ਼ ਬਹੁਤ ਹੀ ਪਿਆਰ ਅਤੇ ਸਲੀਕੇ ਨਾਲ ਪੇਸ਼ ਆਉਂਦਾ ਹੈ। (ਬਾਕਸ ਆਈਟਮ) ਜ਼ਿਲ੍ਹਾ ਪੱਧਰੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਸੈਕਟਰ-66 ਵਿੱਚ ਇੰਚਾਰਜ ਡਾ. ਪੂਜਾ ਗਰਗ, ਡਾ. ਗੁਰਮੁੱਖ ਸਿੰਘ, ਮੈਨੇਜਰ ਨੇਕ ਰਾਮ, ਸਟਾਫ਼ ਨਰਸ, 6 ਕੌਂਸਲਰ, 6 ਵਾਰਡ ਅਟੈਂਡਡ, 5 ਸਫ਼ਾਈ ਕਰਮਚਾਰੀ ਅਤੇ ਸੁਰੱਖਿਆ ਗਾਰਡ ਤਾਇਨਾਤ ਹਨ। ਡਾ. ਪੂਜਾ ਗਰਗ ਨੇ ਕਿਹਾ ਕਿ ਇਹ ਸਟਾਫ਼ ਪੂਰੀ ਲਗਨ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ