nabaz-e-punjab.com

ਘਰੇਲੂ ਕਿਰਤੀਆਂ ਦੀ ਰਜਿਸਟਰੇਸ਼ਨ ਲਈ ਆਨ-ਲਾਈਨ ਪੋਰਟਲ ਜਾਰੀ

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਘਰੇਲੂ ਕਿਰਤੀਆਂ ਨੂੰ ਸਰਕਾਰ ਵੱਲੋਂ ਵੰਡੇ ਫੋਟੋ ਸ਼ਨਾਖਤੀ ਕਾਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਪੰਜਾਬ ਸਰਕਾਰ ਵੱਲੋਂ ਅੱਜ ਘਰੇਲੂ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਆਨ-ਲਾਈਨ ਵੈਬ ਪੋਰਟਲ ਲਾਂਚ ਕੀਤਾ ਗਿਆ। ਇਸ ਪੋਰਟਲ ਦੇ ਲਾਂਚ ਮਗਰੋਂ ਹੁਣ ਪੰਜਾਬ ਵਿੱਚ ਘਰੇਲੂ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਕਿਰਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ‘ਡੋਮੈਸਟਿਕ ਵਰਕਰਜ਼ ਆਨ-ਲਾਈਨ ਪੋਰਟਲ’ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਲਾਈਵਸਟਾਕ ਭਵਨ ਮੁਹਾਲੀ ਵਿੱਚ ਇੱਕ ਸਮਾਗਮ ਦੌਰਾਨ ਜਾਰੀ ਕੀਤਾ। ਇਸ ਮੌਕੇ ਸ. ਸਿੱਧੂ ਨੇ ਕੁਝ ਕਿਰਤੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਵਿਭਾਗ ਵੱਲੋਂ ਫੋਟੋ ਸ਼ਨਾਖਤੀ ਕਾਰਡ ਵੀ ਸੌਂਪੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਘਰੇਲੂ ਕਿਰਤੀ ਇਕ ਅਜਿਹਾ ਵਰਗ ਸੀ ਜਿਸ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਸੀ ਮਿਲਦਾ ਅਤੇ ਕਈ ਮੌਕਿਆ ਤੇ ਉਸ ਨੂੰ ਆਪਣੇ ਮਾਲਕ ਹੱਥੋਂ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਘਰੇਲੂ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਣ ਮਗਰੋਂ ਜਿੱਥੇ ਉਨ੍ਹਾਂ ਨੂੰ ਘੱਟੋਂ-ਘੱਟ ਉਜਰਤ ਮਿਲੇਗੀ ਉਸ ਦੇ ਨਾਲ ਹੀ ਸਰਕਾਰ ਵੱਲੋਂ ਕਿਰਤੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਦਾ ਲਾਭ ਵੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਘਰੇਲੂ ਕਿਰਤੀ ਆਪਣੇ ਖੇਤਰ ਦੇ ਲੇਬਰ ਇੰਸਪੈਕਟਰ ਦਫ਼ਤਰ ਜਾਂ ਫਿਰ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦਾ ਹੈ। ਰਜਿਸਟ੍ਰੇਸ਼ਨ ਮਗਰੋਂ ਉਸ ਨੂੰ ਫੋਟੋ ਸ਼ਨਾਖ਼ਤੀ ਕਾਰਡ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਬਲਬੀਰ ਸਿੱਧੂ ਨੇ ਮੁਹਾਲੀ ਵਿੱਚ ਹੀ ਪੰਜਾਬ ਭਰ ਦੀਆਂ ਸਮੂਹ ਟਰੇਡ ਯੂਨੀਅਨਾਂ ਅਤੇ ਕਿਰਤੀਆਂ ਦੀਆਂ ਹੋਰਨਾਂ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ। ਇਸ ਮੀਟਿੰਗ ਦਾ ਮੁੱਖ ਮੰਤਵ ਕਿਰਤੀਆਂ ਨੂੰ ਜ਼ਮੀਨੀ ਪੱਧਰ ’ਤੇ ਆਉਂਦੀਆਂ ਅੌਕੜਾਂ ਨੂੰ ਵਿਚਾਰਨਾ ਸੀ ਅਤੇ ਇਸ ਦੇ ਨਾਲ ਹੀ ਕਿਰਤੀ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਕਿਰਤੀਆਂ ਦੀ ਭਲਾਈ ਲਈ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਵੀ ਵਿਚਾਰਨਾ ਸੀ।
ਸ੍ਰੀ ਸਿੱਧੂ ਦਾ ਸਮੂਹ ਕਿਰਤੀ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਇਸ ਮੀਟਿੰਗ ਨੂੰ ਸੱਦਣ ਕਾਰਨ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾ ਤੋਂ ਕਦੇ ਵੀ ਕਿਰਤੀ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਅਹੁਦੇਦਾਰਾਂ ਨੂੰ ਸਰਕਾਰਾਂ ਵੱਲੋਂ ਮੀਟਿੰਗ ਲਈ ਨਹੀਂ ਸੱਦਿਆ ਗਿਆ। ਮੀਟਿੰਗ ਦੌਰਾਨ ਕਿਰਤੀ ਜੱਥੇਬੰਦੀਆਂ ਵੱਲੋਂ ਮੁੱਖ ਤੌਰ ’ਤੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਦੀ ਆਨ-ਲਾਈਨ ਰਜਿਸਟ੍ਰੇਸ਼ਨ ਸਮੇਂ ਆਉਂਦੀਆਂ ਅੌਕੜਾਂ ਦਾ ਜ਼ਿਕਰ ਕੀਤਾ ਅਤੇ ਮੰਗ ਰੱਖੀ ਕਿ ਉਸਾਰੀ ਕਿਰਤੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਦੇ ਨਾਲ-ਨਾਲ ਆਫ ਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਨੂੰ ਇਹ ਮੰਗ ਵੀ ਕੀਤੀ ਕਿ ਕਿਰਤੀਆਂ ਦੀ ਵੱਖ-ਵੱਖ ਖੇਤਰਾਂ ਵਿੱਚ ਹੁੰਦੀ ਲੁੱਟ-ਖਸੁੱਟ ਨੂੰ ਰੋਕ ਕੇ ਉਨ੍ਹਾਂ ਨੂੰ ਐਕਟ ਮੁਤਾਬਿਕ ਬਣਦੀ ਘੱਟੋਂ-ਘੱਟ ਤਨਖਾਹ ਮਿਲਣੀ ਯਕੀਨੀ ਬਣਾਈ ਜਾਵੇ।
ਸ੍ਰੀ ਸਿੱਧੂ ਵੱਲੋਂ ਸਮੂਹ ਜੱਥੇਬੰਦੀਆਂ ਦੇ ਆਗੂਆਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਕਿਰਤੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਹੈਰਾਨੀ ਜਾਹਰ ਕੀਤੀ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜ ਕਾਲ ਦੌਰਾਨ ਇਕ ਵਾਰ ਵੀ ਕਿਰਤੀ ਜੱਥੇਬੰਦੀਆਂ ਤੇ ਟਰੇਡ ਯੂਨੀਅਨਾਂ ਦੇ ਅਹੁਦੇਦਾਰਾਂ ਮੀਟਿੰਗ ਲਈ ਨਹੀਂ ਸੱਦਿਆ ਜਿਸ ਕਾਰਨ ਪੰਜਾਬ ਵਿੱਚ ਕਿਰਤੀਆਂ ਦੀ ਦਸ਼ਾ ਬਦ ਤੋਂ ਬਦਤਰ ਹੁੰਦੀ ਗਈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਹੁਣ ਹਰ ਤਿੰਨ ਮਹੀਨੇ ਮਗਰੋਂ ਬਕਾਇਦਾ ਤੌਰ ’ਤੇ ਕੀਤੀ ਜਾਵੇਗੀ।
ਇਸ ਮੀਟਿੰਗ ਦਾ ਮੁੱਖ ਸਿੱਟਾ ਇਹ ਨਿਕਲਿਆ ਕਿ ਸ੍ਰੀ ਸਿੱਧੂ ਦੀ ਅਗਵਾਈ ਵਿੱਚ ਸਮੂਹ ਕਿਰਤੀ ਜੱਥੇਬੰਦੀਆਂ ਤੇ ਟਰੇਡ ਯੂਨੀਅਨਾਂ ਦੇ ਅਹੁੱਦੇਦਾਰਾਂ ਨੇ ਇਹ ਮਤਾ ਪਾਸ ਕੀਤਾ ਕਿ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੁੂੰ ਗੈਰ ਸੰਗਠਿਤ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਰੱਖ ਕੇ ਉਨ੍ਹਾਂ ਦੇ ਸਮੂਹ ਕਰਜ਼ੇ ਮੁਆਫ ਹੋਣੇ ਚਾਹੀਦੇ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਸ ਇਹ ਮਤਾ ਹੁਣ ਕੇਂਦਰ ਸਰਕਾਰ ਨੂੰ ਭੇਜ ਕੇ ਮੰਗ ਕੀਤੀ ਜਾਵੇਗੀ ਕਿ 5 ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਮਾੜੀ ਆਰਥਿਕ ਦਸ਼ਾ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਗੈਰ ਸੰਗਠਿਤ ਕਿਰਤੀਆਂ ਦੇ ਸ਼੍ਰੇਣੀ ਵਿੱਚ ਸ਼ਾਮਲ ਕਰਕੇ ਇਨ੍ਹਾਂ ਦੇ ਸਮੂਹ ਕਰਜ਼ੇ ਮੁਆਫ਼ ਕੀਤੇ ਜਾਣ।
ਮੀਟਿੰਗ ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (19“”3), ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (9N“”3), ਸੈਂਟਰਲ ਇੰਡੀਆ ਟਰੇਡ ਯੂਨੀਅਨ (39“”), ਭਾਰਤੀਆ ਮਜ਼ਦੂਰ ਸੰਘ (2MS), ਡੈਮੋਕਰੇਟਿਕ ਟਰੇਡ ਯੂਨੀਅਨ ਸੈਂਟਰ ਅਤੇ ਚੇਅਰਮੇਨ ਕੰਸਟਰਕਸ਼ਨ ਵਰਕਰਜ਼ ਪੰਜਾਬ, ਸੈਂਟਰਲ ਟਰੇਡ ਯੂਨੀਅਨ (3“”), ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਵਿੱਚ ਸੰਜੇ ਕੁਮਾਰ, ਪ੍ਰਮੁੱਖ ਸਕੱਤਰ, ਕਿਰਤ ਵਿਭਾਗ, ਵਿਮਲ ਕੁਮਾਰ ਸੇਤੀਆ, ਕਿਰਤ ਕਮਿਸ਼ਨਰ, ਕਿਰਤ ਵਿਭਾਗ ਅਤੇ ਸ੍ਰੀਮਤੀ ਮੋਨਾ ਪੂਰੀ, ਵਧੀਕ ਕਿਰਤ ਕਮਿਸ਼ਨਰ, ਕਿਰਤ ਵਿਭਾਗ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…