Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਫੇਜ਼-11 ਨੇੜੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਨੂੰ ਸ਼ਿਫ਼ਟ ਕਰਨ ਦੀ ਮੰਗ ਨੇ ਜ਼ੋਰ ਫੜਿਆ ਮੇਅਰ ਨੇ ਗਮਾਡਾ ਨੂੰ ਪੱਤਰ ਲਿਖਿਆ, ਨਗਰ ਨਿਗਮ ਦੀ ਹੱਦ ਤੋਂ ਬਾਹਰ ਗਾਰਬੇਜ ਪਲਾਂਟ ਲਈ ਜਗ੍ਹਾ ਦੇਣ ਦੀ ਮੰਗ ਗੰਦਗੀ ਕਾਰਨ ਬਿਮਾਰੀਆਂ ਫੈਲਣ ਤੇ ਹਵਾਈ ਹਾਦਸਿਆਂ ਦੇ ਖਤਰੇ ਨੂੰ ਲੈ ਕੇ ਹੈ ਵੱਡੀ ਚਿਤਾਵਨੀ ਨਬਜ਼-ਏ-ਪੰਜਾਬ, ਮੁਹਾਲੀ, 25 ਜੂਨ: ਮੁਹਾਲੀ ਨਗਰ ਨਿਗਮ ਵੱਲੋਂ ਫੇਜ਼-11 ਦੇ ਨੇੜਲੇ ਜਗਤਪੁਰਾ ਇਲਾਕੇ ਵਿੱਚ ਰੇਲਵੇ ਲਾਈਨ ਦੇ ਕੋਲ ਬਣਾਇਆ ਗਿਆ ਗਾਰਬੇਜ ਪ੍ਰੋਸੈਸਿੰਗ ਪਲਾਂਟ ਹੁਣ ਇਲਾਕਾ ਨਿਵਾਸੀਆਂ ਲਈ ਸੰਕਟ ਦਾ ਕਾਰਨ ਬਣ ਰਿਹਾ ਹੈ। ਵਧ ਰਹੀ ਗੰਦਗੀ, ਮੱਖੀਆਂ, ਮੱਛਰਾਂ ਅਤੇ ਸਿਹਤ ਸੰਬੰਧੀ ਖਤਰੇ ਦੇ ਨਾਲ ਨਾਲ, ਇਹ ਪਲਾਂਟ ਸ਼ਹਿਰ ਦੇ ਨੇੜਲੇ ਹਵਾਈ ਅੱਡੇ ਲਈ ਵੀ ਖਤਰਾ ਸਾਬਤ ਹੋ ਰਿਹਾ ਹੈ। ਇਨ੍ਹਾਂ ਗੰਭੀਰ ਚਿੰਤਾਵਾਂ ਨੂੰ ਲੈ ਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਇਸ ਪਲਾਂਟ ਨੂੰ ਕਿਸੇ ਹੋਰ ਢੁਕਵੀਂ ਥਾਂ ‘ਤੇ ਤਬਦੀਲ ਕਰਨ ਲਈ ਫੌਰੀ ਤੌਰ ਤੇ ਜਗ੍ਹਾ ਦੇਣ ਦੀ ਮੰਗ ਕੀਤੀ ਹੈ। ਮੇਅਰ ਵੱਲੋਂ ਭੇਜੇ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਪਲਾਂਟ ਦੇ ਚਲਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਨਿਰੰਤਰ ਮੱਖੀਆਂ, ਮੱਛਰ ਅਤੇ ਗੰਦਗੀ ਦਾ ਮਾਹੌਲ ਬਣ ਰਿਹਾ ਹੈ, ਜੋ ਕਿਸੇ ਵੀ ਵੱਡੀ ਬਿਮਾਰੀ ਨੂੰ ਜਨਮ ਦੇ ਸਕਦਾ ਹੈ। ਇਸ ਤੋਂ ਇਲਾਵਾ, ਹਵਾਈ ਅੱਡੇ ਦੇ ਨੇੜੇ ਹੋਣ ਕਾਰਨ ਪੰਛੀਆਂ ਦੀ ਹਦ ਤੋਂ ਵੱਧ ਹਾਜ਼ਰੀ ਹਵਾਈ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਫੇਜ਼-11 ਦੇ ਕੌਂਸਲਰ ਕੁਲਵੰਤ ਸਿੰਘ ਕਲੇਰ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਦੇ ਪੁੱਤਰ ਗੌਰਵ ਜੈਨ, ਵਾਤਾਵਰਨ ਸੰਭਾਲ ਸੋਸਾਇਟੀ ਦੇ ਗੁਰਮੇਲ ਸਿੰਘ ਮੌਜੇਵਾਲ, ਰਮਨੀਕ ਸਿੰਘ ਅਤੇ ਹੋਰ ਸਥਾਨਕ ਆਗੂਆਂ ਨੇ ਮੇਅਰ ਨਾਲ ਮਿਲ ਕੇ ਇੱਕ ਮੰਗ ਪੱਤਰ ਭੇਟ ਕੀਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਫੌਰੀ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਵਿੱਚ ਗੰਭੀਰ ਸਿਹਤ ਸੰਕਟ ਉਤਪੰਨ ਹੋ ਸਕਦਾ ਹੈ। ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਸਮਝਦਿਆਂ, ਮੇਅਰ ਜੀਤੀ ਸਿੱਧੂ ਨੇ ਤੁਰੰਤ ਗਮਾਡਾ ਨੂੰ ਪੱਤਰ ਲਿਖ ਕੇ ਨਗਰ ਨਿਗਮ ਲਈ ਮੁਹਾਲੀ ਦੀ ਬਾਊਂਡਰੀ ਤੋਂ ਬਾਹਰ ਇਕ ਢੁਕਵੀਂ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਜਿੱਥੇ ਇਹ ਗਾਰਬੇਜ ਪ੍ਰੋਸੈਸਿੰਗ ਪਲਾਂਟ ਸ਼ਿਫਟ ਕਰ ਸਕਿਆ ਜਾਵੇ। ਮੇਅਰ ਨੇ ਕਿਹਾ ਕਿ ਇਹ ਮਾਮਲਾ ਹੁਣ ਸਿਰਫ਼ ਸਥਾਨਕ ਸਿਹਤ ਅਤੇ ਵਾਤਾਵਰਨ ਦੀ ਗੱਲ ਨਹੀਂ ਰਹਿ ਗਿਆ, ਸਗੋਂ ਹਵਾਈ ਸੁਰੱਖਿਆ ਨਾਲ ਜੁੜਿਆ ਮੁੱਦਾ ਵੀ ਬਣ ਚੁੱਕਾ ਹੈ। ਉਹਨਾਂ ਅਮੀਰ ਪ੍ਰਗਟ ਕੀਤੀ ਕਿ ਪ੍ਰਸ਼ਾਸਨ ਜਲਦੀ ਹੀ ਗੰਭੀਰਤਾ ਨਾਲ ਕਾਰਵਾਈ ਕਰਕੇ ਕੋਈ ਢੁਕਵੀਂ ਥਾਂ ਤੈਅ ਕਰੇਗਾ, ਤਾਂ ਜੋ ਨਿਵਾਸੀਆਂ ਨੂੰ ਰਾਹਤ ਮਿਲ ਸਕੇ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਸਕੇ। ਨਗਰ ਨਿਗਮ ਦਾ ਪੂਰਾ ਖੇਤਰ ਰਿਹਾਇਸ਼ੀ, ਕੂੜੇ ਦੇ ਡੰਪ ਚਾਹੀਦੇ ਹਨ ਬਾਹਰ : ਮੇਅਰ ਜੀਤੀ ਸਿੱਧੂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ਉੱਤੇ ਲਗਾਤਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਮੋਹਾਲੀ ਦਾ ਡੰਪਿੰਗ ਗਰਾਊਂਡ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਦਾਲਤੀ ਹਦਾਇਤਾਂ ਕਰਨ ਬੰਦ ਪਿਆ ਹੈ ਕਿਉਂਕਿ ਉਹ ਵੀ ਰਿਹਾਇਸ਼ੀ ਖੇਤਰ ਦੇ ਨੇੜੇ ਸੀ। ਉਹਨਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਵਿੱਚ ਜਿੱਥੇ ਵੀ ਕੂੜੇ ਦਾ ਡੰਪ ਬਣਾਇਆ ਜਾਏਗਾ ਉਹ ਵਸਨੀਕਾਂ ਵਾਸਤੇ ਠੀਕ ਨਹੀਂ ਹੋਵੇਗਾ ਕਿਉਂਕਿ ਨਗਰ ਨਿਗਮ ਅਧੀਨ ਪੈਂਦਾ ਪੂਰਾ ਮੋਹਾਲੀ ਸ਼ਹਿਰ ਘਣੀ ਆਬਾਦੀ ਨਾਲ ਭਰਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਵਾਸਤੇ ਮੋਹਾਲੀ ਨਗਰ ਨਿਗਮ ਦੀ ਸੀਮਾ ਤੋਂ ਬਾਹਰ ਕੋਈ ਢੁਕਵੀਂ ਜਗ੍ਹਾ ਮਿਲਣੀ ਚਾਹੀਦੀ ਹੈ ਜਿੱਥੇ ਕੂੜੇ ਦਾ ਬੰਦੋਬਸਤ ਸਹੀ ਢੰਗ ਨਾਲ ਹੋ ਸਕੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ ਨੂੰ ਹਦਾਇਤਾਂ ਕਰਕੇ ਫੌਰੀ ਤੌਰ ਤੇ ਇਹ ਜਗ੍ਹਾ ਨਗਰ ਨਿਗਮ ਨੂੰ ਦਿੱਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ