ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਛੇ ਕੈਡਿਟ ਭਾਰਤੀ ਫੌਜ ਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਅਮਨ ਅਰੋੜਾ ਨੇ ਨੌਜਵਾਨ ਅਧਿਕਾਰੀਆਂ ਨੂੰ ਵਧਾਈ ਦਿੱਤੀ, ਪੰਜਾਬ ਤੇ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਪ੍ਰੇਰਿਤ

ਮੁਹਾਲੀ ਇੰਸਟੀਚਿਊਟ ਦੇ ਹੁਣ ਤੱਕ 178 ਕੈਡਿਟ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ

ਨਬਜ਼-ਏ-ਪੰਜਾਬ, ਮੁਹਾਲੀ, 14 ਜੂਨ:
ਪੰਜਾਬ ਦਾ ਮਾਣ ਵਧਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਛੇ ਸਾਬਕਾ ਕੈਡਿਟ ਅੱਜ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਤਿੰਨ ਕੈਡਿਟ ਮੁਹਾਲੀ ਤੋਂ ਗੌਰਵ ਸਿੰਘ, ਬਠਿੰਡਾ ਤੋਂ ਨਿਖਿਲ ਬਾਂਸਲ ਅਤੇ ਹੁਸ਼ਿਆਰਪੁਰ ਤੋਂ ਸਮਯ ਸੈਣੀ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਦੇਹਰਾਦੂਨ ਵਿਖੇ 156ਵੇਂ ਰੈਗੂਲਰ ਕੋਰਸ ਦੇ ਹਿੱਸੇ ਵਜੋਂ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ ਹੈ। ਇਸ ਮੌਕੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਸ੍ਰੀਲੰਕਾ ਆਰਮੀ ਕਮਾਂਡਰ ਅਤੇ ਆਈਐਮਏ ਦੇ ਪਾਸਆਊਟ ਲੈਫ਼ਟੀਨੈਂਟ ਜਨਰਲ ਬੀ.ਕੇ.ਜੀ.ਐਮ. ਲਾਸੰਥਾ ਰੌਡਰਿਗੋ ਨੇ ਕੀਤਾ।
ਇਨ੍ਹਾਂ ਤੋਂ ਇਲਾਵਾ ਮੁਹਾਲੀ ਇੰਸਟੀਚਿਊਟ ਦੇ ਤਿੰਨ ਹੋਰ ਕੈਡਿਟਾਂ ਜਿਨ੍ਹਾਂ ਵਿੱਚ ਮੁਹਾਲੀ ਤੋਂ ਕਨਿਸ਼ਕ ਚੌਹਾਨ, ਬਠਿੰਡਾ ਤੋਂ ਯਸ਼ ਨੈਲਵਾਲ ਅਤੇ ਰੂਪਨਗਰ ਤੋਂ ਅਭਿਨਵ ਮਿਸ਼ਰਾ ਨੂੰ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ (ਏਐਫ਼ਏ) ਵਿਖੇ 215ਵੇਂ ਕੋਰਸ ਦੀ ਕੰਬਾਈਨਡ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ ਹੈ। ਇਸ ਪਰੇਡ ਦਾ ਨਿਰੀਖਣ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ ਨੇ ਕੀਤਾ।
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੇਂ ਕਮਿਸ਼ਨਡ ਅਧਿਕਾਰੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਫਰਜ਼ ਲਈ ਜੀਅ-ਜਾਨ ਲਗਾ ਦੇਣ ਅਤੇ ਪੰਜਾਬ ਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਕਰੀਅਰ ਬਣਾਉਣ ਸਬੰਧੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।

ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ ਚੌਹਾਨ ਨੇ ਆਪਣੇ ਹੋਣਹਾਰ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਦੇ ਆਦਰਸ਼ਾਂ ’ਤੇ ਖਰਾ ਉੱਤਰਨ, ਦੇਸ਼, ਪੰਜਾਬ ਅਤੇ ਇੰਸਟੀਚਿਊਟ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਛੇ ਕੈਡਿਟਾਂ ਦੀ ਨਿਯੁਕਤੀ ਨਾਲ ਹੁਣ ਤੱਕ ਮੁਹਾਲੀ ਇੰਸਟੀਚਿਊਟ ਕੁੱਲ 178 ਕੈਡਿਟ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ ਹਨ। ਉਨ੍ਹਾਂ ਦੱਸਿਆ ਕਿ 15 ਕੈਡਿਟਾਂ ਨੂੰ ਵੱਖ-ਵੱਖ ਸਿਖਲਾਈ ਅਕੈਡਮੀਆਂ ਲਈ ਜੁਆਇਨਿੰਗ ਲੈਟਰ ਮਿਲ ਚੁੱਕੇ ਹਨ, ਜਦੋਂਕਿ 11 ਹੋਰ ਕੈਡਿਟ ਆਪਣੇ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…