ਸੈਕਟਰ-79 ਵਿੱਚ ਚੋਰੀ ਦੀ ਭਰਮਾਰ, ਲੋਕਾਂ ’ਚ ਡਰ ਦਾ ਮਾਹੌਲ

ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ:
ਇੱਥੋਂ ਦੇ ਸੈਕਟਰ-79 ਵਿੱਚ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਜਿਸ ਕਾਰਨ ਸੈਕਟਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਸੈਕਟਰ-79 ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਚੋਰੀਆਂ ਹੋ ਰਹੀਆਂ ਹਨ ਪ੍ਰੰਤੂ ਪੁਲੀਸ ਇਨ੍ਹਾਂ ਵਾਰਦਾਤਾਂ ’ਤੇ ਕਾਬੂ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਥਾਣਾ ਅਤੇ ‘ਆਪ’ ਵਿਧਾਇਕ ਦਾ ਦਫ਼ਤਰ ਵੀ ਸੈਕਟਰ-79 ਵਿੱਚ ਹੈ ਪ੍ਰੰਤੂ ਚੋਰ ਪੁਲੀਸ ਦੀ ਨੱਕ ਹੇਠ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਤੀ 27 ਮਈ ਨੂੰ ਇੱਕ ਵੱਡੀ ਚੋਰੀ ਮਕਾਨ ਨੰਬਰ-338 ਵਿੱਚ ਹੋਈ ਸੀ। ਪੀੜਤ ਵਿਅਕਤੀ ਪਾਲ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ 20-22 ਤੋਲੇ ਸੋਨਾ, ਛੇ ਕੀਮਤੀ ਘੜੀਆਂ, ਇੱਕ ਲੈਪਟਾਪ ਅਤੇ ਹੋਰ ਨਗਦੀ ਚੋਰੀ ਕੀਤੀ ਗਈ ਹੈ ਪ੍ਰੰਤੂ ਕਈ ਦਿਨ ਬੀਤ ਜਾਣ ਦੇ ਬਾਵਜੂਦ ਚੋਰੀ ਕਰਨ ਵਾਲੇ ਫੜੇ ਨਹੀਂ ਜਾ ਸਕੇ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੋ ਵਿਅਕਤੀ ਸਮਾਨ ਚੋਰੀ ਕਰਕੇ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਸੇ ਤਰ੍ਹਾਂ ਮਕਾਨ ਨੰਬਰ-2310 ਅਤੇ 2517 ਵਿੱਚ ਵੀ ਚੋਰੀਆਂ ਹੋ ਚੁੱਕੀਆਂ ਹਨ ਅਤੇ ਰੋਜ਼ਾਨਾ ਲੋਕਾਂ ਦੇ ਘਰਾਂ ਦੇ ਪਾਣੀ ਵਾਲੇ ਮੀਟਰ ਅਤੇ ਸਾਈਕਲਾਂ ਚੋਰੀ ਹੋ ਰਹੀਆਂ ਹਨ।
ਇਸ ਸਬੰਧੀ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਪੁਲੀਸ ਵੱਲੋਂ ਸੈਕਟਰ-79 ਸਮੇਤ ਆਸਪਾਸ ਇਲਾਕੇ ਵਿੱਚ ਗਸ਼ਤ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਚੋਰੀ ਦੇ ਕੁੱਝ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਥੋੜ੍ਹੇ ਚੌਕੰਨੇ ਰਹਿਣ ਅਤੇ ਪੁਲੀਸ ਨਾਲ ਸਹਿਯੋਗ ਕਰਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…