ਘਰਾਂ ਦਾ ਉਜਾੜਾ ਰੋਕਣ ਲਈ ਚੱਪੜਚਿੜੀ ਦੇ ਲੋਕਾਂ ਨੇ ‘ਆਪ’ ਵਿਧਾਇਕ ਦਾ ਬੂਹਾ ਖੜਕਾਇਆ

ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਹੱਲ ਕਰਵਾਉਣ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ, ਮੁਹਾਲੀ, 1 ਜੂਨ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-79 ਸਥਿਤ ਪਾਰਟੀ ਦਫ਼ਤਰ ਵਿਖੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਨਿਯਮਾਂ ਤਹਿਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਪਿੰਡ ਚੱਪੜਚਿੜੀ ਖੁਰਦ ਦੇ ਲੋਕਾਂ ਨੇ ਘਰਾਂ ਦਾ ਉਜਾੜਾ ਰੋਕਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਦਹਾਕੇ ਤੋਂ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ ਪ੍ਰੰਤੂ ਹਮੇਸ਼ਾ ਉਨ੍ਹਾਂ ’ਤੇ ਉਜਾੜੇ ਦੀ ਤਲਵਾਰ ਲਮਕਦੀ ਰਹਿੰਦੀ ਹੈ।
ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਨਾਜਾਇਜ਼ ਕਬਜ਼ੇ ਹਟਾਉਣ ਦਾ ਕੇਸ ਕੀਤਾ ਹੋਇਆ ਹੈ। ਜਿਸ ਨੂੰ ਆਧਾਰ ਬਣਾ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਦੀ ਕਰੀਬ 90 ਫੀਸਦੀ ਆਬਾਦੀ ਨੂੰ ਨੋਟਿਸ ਕੱਢ ਕੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮੌਜੂਦਾ ਘਰਾਂ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਵੀ ਜਾਇਦਾਦ ਵੀ ਨਹੀਂ ਹੈ ਅਤੇ ਜ਼ਿਆਦਾਤਰ ਲੋਕ ਗਰੀਬ ਵਰਗ ਨਾਲ ਸਬੰਧਤ ਹਨ। ਇਸੇ ਦੌਰਾਨ ਪਿੰਡ ਵਾਸੀਆਂ ਚੱਪੜਚਿੜੀ ਦੀ ਖਸਤਾ ਹਾਲਤ ਸੜਕ ਦਾ ਮੁੱਦਾ ਚੁੱਕਦਿਆਂ ਵਿਧਾਇਕ ਤੋਂ ਮੰਗ ਕੀਤੀ ਕਿ ਜਦੋਂ ਤੱਕ ਸੜਕ ਨਹੀਂ ਬਣ ਜਾਂਦੀ, ਉਦੋਂ ਤੱਕ ਆਰਜ਼ੀ ਤੌਰ ’ਤੇ ਆਵਾਜਾਈ ਬੰਦ ਕੀਤੀ ਜਾਵੇ, ਕਿਉਂਕਿ ਵਾਹਨਾਂ ਦੇ ਲੰਘਣ ਨਾਲ ਸਾਰਾ ਮਿੱਟੀ ਘੱਟਾ ਉੱਠ ਕੇ ਉਨ੍ਹਾਂ ਦੇ ਘਰਾਂ ਵਿੱਚ ਆਉਂਦਾ ਹੈ। ਵਿਧਾਇਕ ਨੇ ਕਿਹਾ ਕਿ ਸੜਕ ’ਤੇ ਆਵਾਜਾਈ ਨਹੀਂ ਰੋਕੀ ਜਾ ਸਕਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕ ਬਣਾਉਣ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਯੋਗ ਪੈਰਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਘਰਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਾਰੀ ਕਾਰਵਾਈ ਨਿਯਮਾਂ ਤਹਿਤ ਹੀ ਕੀਤੀ ਜਾਵੇਗੀ।
ਇੰਜ ਹੀ ਪਿੰਡ ਢੇਲਪੁਰ ਦੇ ਵਸਨੀਕਾਂ ਨੇ ਸ਼ਾਮਲਾਤ ਟੋਭੇ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਨੂੰ ਲੈ ਕੇ ਲੜਾਈ ਝਗੜੇ ਹੋ ਰਹੇ ਹਨ। ਪਿੰਡ ਵਾਸੀਆਂ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ। ਕਈ ਸਰਕਾਰੀ ਮੁਲਾਜ਼ਮਾਂ ਨੇ ਆਪਣੀਆਂ ਬਦਲੀਆਂ ਬਾਬਤ ਦਰਖ਼ਾਸਤਾਂ ਦਿੱਤੀਆਂ ਅਤੇ ਕੁੱਝ ਲੋਕਾਂ ਨੇ ਪਿੰਡ ਦੀਆਂ ਗਲੀਆਂ-ਨਾਲੀਆਂ, ਫਿਰਨੀਆਂ ਅਤੇ ਲਿੰਕ ਸੜਕਾਂ ਦਾ ਮੁੱਦਾ ਚੁੱਕਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…