Share on Facebook Share on Twitter Share on Google+ Share on Pinterest Share on Linkedin ਫ਼ਰਜ਼ੀ ਪੁਲੀਸ ਮੁਕਾਬਲਾ: ਦੋ ਸਾਬਕਾ ਐਸਐਚਓਜ਼ ਤੇ ਇੱਕ ਥਾਣੇਦਾਰ ਨੂੰ ਕੈਦ ਤੇ ਜੁਰਮਾਨਾ ਨਬਜ਼-ਏ-ਪੰਜਾਬ, ਮੁਹਾਲੀ, 31 ਮਈ: ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 32 ਸਾਲ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਰਾਵਲਪਿੰਡੀ (ਕਪੂਰਥਲਾ) ਦੇ ਤਤਕਾਲੀ ਐਸਐਚਓ ਮਨਜੀਤ ਸਿੰਘ, ਉਸ ਸਮੇਂ ਦੇ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਗੁਰਮੇਜ ਸਿੰਘ ਅਤੇ ਥਾਣਾ ਰਾਵਲਪਿੰਡੀ ਦੇ ਤਤਕਾਲੀ ਏਐਸਆਈ ਕਰਮਜੀਤ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਸਜ਼ਾ ਅਤੇ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ’ਤੇ ਸਾਲ 1993 ਵਿੱਚ ਦੋ ਸਿੱਖ ਨੌਜਵਾਨਾਂ ਪਲਵਿੰਦਰ ਸਿੰਘ ਉਰਫ਼ ਪੱਪੂ ਅਤੇ ਬਲਬੀਰ ਸਿੰਘ ਨੂੰ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਜਾਨੋ ਮਾਰਨ ਦਾ ਦੋਸ਼ ਹੈ। ਦੋਵੇਂ ਥਾਣਾ ਮੁਖੀਆਂ ਮਨਜੀਤ ਸਿੰਘ ਤੇ ਗੁਰਮੇਜ ਸਿੰਘ ਨੂੰ ਧਾਰਾ 364 ਵਿੱਚ 8-8 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 120ਬੀ ਵਿੱਚ 5-5 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਜਦੋਂਕਿ ਏਐਸਆਈ ਕਰਮਜੀਤ ਸਿੰਘ ਨੂੰ ਧਾਰਾ 364 ਤੇ 120ਬੀ ਵਿੱਚ ਤਿੰਨ ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਦੋਂਕਿ ਜਾਂਚ ਏਜੰਸੀ ਸੀਆਈਏ ਸਟਾਫ਼ ਦੇ ਮੁਲਾਜ਼ਮ ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ। ਪੀੜਤ ਪਰਿਵਾਰਾਂ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਵਕੀਲਾਂ ਜਗਜੀਤ ਸਿੰਘ ਬਾਜਵਾ, ਪੁਸ਼ਪਿੰਦਰ ਸਿੰਘ ਨੱਤ ਅਤੇ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 27 ਮਾਰਚ 1993 ਨੂੰ ਸਵੇਰੇ ਕਰੀਬ ਸਾਢੇ 8 ਵਜੇ ਥਾਣਾ ਰਾਵਲਪਿੰਡੀ, ਕਪੂਰਥਲਾ ਦੇ ਏਐਸਆਈ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਲਵਿੰਦਰ ਸਿੰਘ ਉਰਫ਼ ਪੱਪੂ ਵਾਸੀ ਪਿੰਡ ਰਾਵਲਪਿੰਡੀ ਸਥਿਤ ਉਸਦੇ ਘਰੋਂ ਚੁੱਕਿਆ ਸੀ। ਉਸੇ ਦਿਨ ਇੱਕ ਹੋਰ ਵਿਅਕਤੀ ਬਲਬੀਰ ਸਿੰਘ ਵਾਸੀ ਪਿੰਡ ਢੱਡੇ, ਫਗਵਾੜਾ ਨੂੰ ਰਾਵਲਪਿੰਡੀ ਦੇ ਉਸ ਸਮੇਂ ਦੇ ਐਸਐਚਓ ਮਨਜੀਤ ਸਿੰਘ ਨੇ ਪਿੰਡੋਂ ਚੁੱਕਿਆ ਸੀ। ਉਨ੍ਹਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ। ਤਿੰਨ ਅਪਰੈਲ 1993 ਨੂੰ ਚੋਰੀ\ਡਕੈਤੀ ਦੇ ਮਾਮਲੇ ਵਿੱਚ ਫਗਵਾੜਾ ਸਿਟੀ ਪੁਲੀਸ ਨੇ ਦੋਵੇਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਪਾ ਲਈ। ਉਨ੍ਹਾਂ ਤੋਂ ਸਕੂਟਰ ਤੇ ਸੋਨੇ ਦੀ ਅੰਗੂਠੀ ਬਰਾਮਦ ਕੀਤੀ ਗਈ ਦਿਖਾਈ ਸੀ ਅਤੇ ਕੁਝ ਘੰਟਿਆਂ ਮਗਰੋਂ ਪਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੂੰ ਉਨ੍ਹਾਂ ਦੇ ਖ਼ੁਲਾਸੇ ਵਾਲੇ ਬਿਆਨਾਂ ਮੁਤਾਬਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਕਰਦੇ ਸਮੇਂ ਬ੍ਰੋਕਿੰਗ ਬੈਲਟ ਦੁਆਰਾ ਪੁਲੀਸ ਹਿਰਾਸਤ ’ਚੋਂ ਫ਼ਰਾਰ ਦਿਖਾਇਆ ਗਿਆ। ਇਸ ਸਬੰਧੀ 3 ਅਪਰੈਲ 1993 ਨੂੰ ਥਾਣਾ ਸਦਰ ਫਗਵਾੜਾ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ। 5 ਅਪਰੈਲ 1993 ਨੂੰ ਪਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੂੰ ਸੁਲਤਾਨਪੁਰ ਲੋਧੀ ਪੁਲੀਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਦਿਖਾਇਆ ਗਿਆ ਅਤੇ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਪਰ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀ ਗਈ ਅਤੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਪੁਲੀਸ ਨੇ ਅੰਤਿਮ ਸਸਕਾਰ ਵੀ ਖ਼ੁਦ ਹੀ ਕਰ ਦਿੱਤਾ ਸੀ। ਇਸ ਸਬੰਧੀ ਪੀੜਤ ਪਰਿਵਾਰਾਂ ਨੇ ਇਨਸਾਫ਼ ਲਈ ਉੱਚ ਅਫ਼ਸਰਾਂ ਅਤੇ ਸਰਕਾਰ ਦੇ ਹਾੜੇ ਕੱਢੇ ਗਏ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। 1995 ਵਿੱਚ ਪਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਆਪਣੇ ਪੁੱਤਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਗਿਆ। ਦੋਵਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਸੀਜੇਐਮ ਕਪੂਰਥਲਾ ਨੂੰ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਗਏ। 28 ਮਈ 2003 ਦੀ ਨਿਆਇਕ ਜਾਂਚ ਰਿਪੋਰਟ ਵਿੱਚ ਮੁਕਾਬਲੇ ਨੂੰ ਸ਼ੱਕੀ ਪਾਇਆ ਗਿਆ ਅਤੇ ਸੁਤੰਤਰ ਜਾਂਚ ਦੀ ਸਿਫ਼ਾਰਸ਼ ਕੀਤੀ ਗਈ। ਇਸ ਤਰ੍ਹਾਂ ਹਾਈ ਕੋਰਟ ਵੱਲੋਂ 12 ਸਤੰਬਰ 2005 ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸੀਬੀਆਈ ਦੇ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ 11 ਅਕਤੂਬਰ 2005 ਨੂੰ ਸੀਬੀਆਈ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 120-ਬੀ,342, 365, 364, 302 ਕੇਸ ਦਰਜ ਕੀਤਾ ਗਿਆ ਸੀ। ਜਾਂਚ ਮਗਰੋਂ 3 ਜਨਵਰੀ 2012 ਨੂੰ ਰਾਵਲਪਿੰਡੀ ਦੇ ਤਤਕਾਲੀ ਏਐਸਆਈ ਕਰਮਜੀਤ ਸਿੰਘ, ਫਗਵਾੜਾ ਸਿਟੀ ਥਾਣੇ ਦੇ ਤਤਕਾਲੀ ਐਸਐਚਓ ਗੁਰਮੇਜ ਸਿੰਘ, ਸਿਪਾਹੀ ਕਸ਼ਮੀਰ ਸਿੰਘ ਤੇ ਹਰਜੀਤ ਸਿੰਘ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਜਦੋਂਕਿ ਦੋਵੇਂ ਨੌਜਵਾਨਾਂ ਨੂੰ ਮਾਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਤਤਕਾਲੀ ਐਸਐਚਓ ਸੁਲਤਾਨਪੁਰ ਲੋਧੀ ਮੋਹਨ ਸਿੰਘ ਅਤੇ ਏਐਸਆਈ ਇਕਬਾਲ ਸਿੰਘ ਦੀ ਜਾਂਚ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀ ਹਰਦਿਆਲ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ, ਜਿਨ੍ਹਾਂ ਨੂੰ ਪੁਲੀਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਜੋਂ ਦਿਖਾਇਆ ਗਿਆ ਸੀ, ਨੇ ਅਦਾਲਤ ਵਿੱਚ ਪੇਸ਼ ਹੋ ਕੇ ਦੱਸਿਆ ਅਜਿਹਾ ਕੁਝ ਨਹੀਂ ਹੋਇਆ ਸੀ। ਉਨ੍ਹਾਂ ਨੇ ਕਦੇ ਵੀ ਕਿਸੇ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਜੋ ਸੁਲਤਾਨਪੁਰ ਲੋਧੀ ਪੁਲੀਸ ਨੇ ਦਿਖਾਇਆ ਹੈ। ਇੰਜ ਹੀ ਮੁਲਜ਼ਮ ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਨੇ ਵੀ ਸੀਆਰਪੀਸੀ ਦੀ ਧਾਰਾ 313 ਤਹਿਤ ਬਿਆਨ ਦਰਜ ਕਰਵਾਏ ਗਏ ਕਿ ਉਨ੍ਹਾਂ ਨੇ ਮ੍ਰਿਤਕਾਂ ਦੇ ਕਥਿਤ ਇਕਬਾਲੀਆ ਬਿਆਨ ਸਮੇਤ ਕਿਸੇ ਵੀ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਕੀਤੇ ਸਨ। ਪੀੜਤ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਸਹਿ-ਮੁਲਜ਼ਮ ਅਤੇ ਸਹਿਯੋਗੀ ਪੁਲੀਸ ਅਫ਼ਸਰਾਂ ਦੇ ਬਿਆਨਾਂ ਨੇ ਪਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੂੰ ਮੁਕਾਬਲੇ ਵਿੱਚ ਗ੍ਰਿਫ਼ਤਾਰ ਕਰਨ, ਭੱਜਣ ਅਤੇ ਮਾਰਨ ਦੇ ਸਿਧਾਂਤ ਨੂੰ ਝੂਠਾ ਸਾਬਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੀੜਤ ਪਰਿਵਾਰਾਂ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ, ਪੁਸ਼ਪਿੰਦਰ ਸਿੰਘ ਨੱਤ ਅਤੇ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਮੁਹਾਲੀ ਅਦਾਲਤ ਦੇ ਫ਼ੈਸਲੇ ਤੋਂ ਪੀੜਤ ਪਰਿਵਾਰ ਸੰਤੁਸ਼ਟ ਨਹੀਂ ਹਨ ਕਿਉਂਕਿ ਅਦਾਲਤ ਨੇ ਦੋਸ਼ੀਆਂ ਨੂੰ ਬਹੁਤ ਘੱਟ ਸਜਾ ਸੁਣਾਈ ਗਈ ਹੈ ਜਦੋਂਕਿ ਅਪਰਾਧ ਬਹੁਤ ਵੱਡਾ ਹੈ। ਵਕੀਲਾਂ ਨੇ ਦੱਸਿਆ ਕਿ ਅਦਾਲਤ ਦੇ ਤਾਜ਼ਾ ਫ਼ੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਸਾਰੇ ਕਾਨੂੰਨੀ ਪੱਖਾਂ ਨੂੰ ਡੂੰਘਾਈ ਨਾਲ ਵਾਚਿਆ ਜਾਵੇਗਾ ਅਤੇ ਮੁਹਾਲੀ ਅਦਾਲਤ ਦੇ ਫ਼ੈਸਲੇ ਨੂੰ ਉੱਚ ਅਦਾਲਤ ਵਿੱਚ ਚੁਨੌਤੀ ਦੇ ਕੇ ਦੋਸ਼ੀਆਂ ਖ਼ਿਲਾਫ਼ ਸਜਾ ਵਿੱਚ ਵਾਧਾ ਕਰਨ ਦੀ ਗੁਹਾਰ ਲਗਾਈ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ