ਚੱਪੜਚਿੜੀ ਫ਼ਤਿਹ ਮੀਨਾਰ ਨੂੰ ਜਾਣ ਵਾਲੀ ਚੱਪੜਚਿੜੀ-ਮੁਹਾਲੀ ਸੜਕ ਦੀ ਹਾਲਤ ਖਸਤਾ: ਸੋਹਾਣਾ

12 ਮਈ ਨੂੰ ਮਨਾਇਆ ਜਾਣਾ ਹੈ ਸਰਹਿੰਦ ਫਤਿਹ ਦਿਵਸ, ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀ ਹੈ ਸੰਗਤ

ਨਬਜ਼-ਏ-ਪੰਜਾਬ, ਮੁਹਾਲੀ, 2 ਮਈ:
ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਅਤੇ ਚੱਪੜਚਿੜੀ ਦੀ ਫਤਿਹ ਮਨਾਰ ਨੂੰ ਜੋੜਨ ਵਾਲੀ ਚੱਪੜਚਿੜੀ-ਮੁਹਾਲੀ ਸੜਕ ਦੀ ਹਾਲਤ ਅਤਿ ਮਾੜੀ ਹੈ, ਜਿਸ ਨੇ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਅਤੇ ਵਿਕਾਸ ਦਾਅਵਿਆਂ ਦੀ ਹਕੀਕਤ ਸਾਹਮਣੇ ਰੱਖ ਦਿੱਤੀ ਹੈ। ਇਸ ਗੰਭੀਰ ਮਸਲੇ ਨੂੰ ਉਠਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਮੀਡੀਆ ਸਾਹਮਣੇ ਸਰਕਾਰ ਵਿਰੁੱਧ ਤਿੱਖਾ ਰੋਸ ਜਤਾਇਆ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਇਤਿਹਾਸਕ ਧ੍ਰੋਹਰਾਂ ਦੇ ਮੂਹਰੇ ਸੜਕਾਂ ਦੀ ਇਹ ਹਾਲਤ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ, ਗੁਰਦੁਆਰਾ ਪ੍ਰਬੰਧਕਾਂ ਅਤੇ ਸੀਨੀਅਰ ਅਕਾਲੀ ਆਗੂਆਂ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਸੜਕ ਦੀ ਮੌਕੇ ’ਤੇ ਹਕੀਕਤ ਦਿਖਾਈ। ਉਨ੍ਹਾਂ ਆਖਿਆ ਕਿ ਤਤਕਾਲੀ ਬਾਦਲ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਤਿਹਾਸਕ ਫਤਹਿ ਮੀਨਾਰ ਬਣਾਈ ਗਈ ਸੀ, ਜਿਸਦੇ ਦਰਸ਼ਨ ਲਈ ਰੋਜ਼ਾਨਾ ਸੈਂਕੜੇ ਸੰਗਤਾਂ ਆਉਂਦੀਆਂ ਹਨ। ਪਰ ਅਫ਼ਸੋਸਜਨਕ ਗੱਲ ਹੈ ਕਿ ਖਰੜ ਅਤੇ ਮੁਹਾਲੀ ਨੂੰ ਜੋੜਦੀ ਇਹ ਸੜਕ ਬਦਹਾਲੀ ਦਾ ਸ਼ਿਕਾਰ ਹੈ। ਉਨ੍ਰਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਦਿਨੋ-ਦਿਨ ਦੁਰਘਟਨਾਵਾਂ ਵਾਪਰ ਰਹੀਆਂ ਹਨ ਅਤੇ ਲੋਕਾਂ ਦੀ ਜਾਨ ਤੇ ਮਾਲ ਨੂੰ ਖਤਰਾ ਬਣ ਗਿਆ ਹੈ।
ਅਕਾਲੀ ਆਗੂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵੱਲੋਂ 12 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਲਾਨਾ ਉਰਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਸੰਗਤਾਂ ਦੀ ਚੱਪਰਚੜੀ ਫਤਿਹ ਮੀਨਾਰ ਅਤੇ ਗੁਰਦੁਆਰਾ ਸਾਹਿਬ ਆਉਣ ਦੀ ਆਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਥਾਨਕ ‘ਆਪ’ ਵਿਧਾਇਕ ਨੂੰ ਕਈ ਵਾਰ ਯਾਦ-ਪੱਤਰ ਭੇਜੇ ਗਏ, ਪਰ ਤਿੰਨ ਸਾਲਾਂ ਤੋਂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਸੜਕ ਦੀ ਮੁਰੰਮਤ ਅਤੇ ਕਾਰਪੇਟਿੰਗ ਨਾ ਕਰਵਾਈ, ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ।
ਇਸ ਮੌਕੇ ਸੋਹਣ ਸਿੰਘ ਸਾਬਕਾ ਸਰਪੰਚ ਚੱਪੜਚਿੜੀ, ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ, ਨੌਜਵਾਨ ਆਗੂ ਨਵਜੋਤ ਸਿੰਘ ਜੋਤੀ, ਸਰਪੰਚ ਗੁਰਪ੍ਰੀਤ ਸਿੰਘ ਤੰਗੌਰੀ, ਨੰਬਰਦਾਰ ਹਰਵਿੰਦਰ ਸਿੰਘ ਸੁਖਗੜ੍ਹ, ਕਰਮਜੀਤ ਸਿੰਘ ਮੌਲੀ ਅਤੇ ਕੁਲਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਚੱਪੜਚਿੜੀ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਸੰਗਤ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…