Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ: ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਪਹਿਲੇ ਦਿਨ ਅੱਠਵੀਂ ਦੇ 2,98,487 ਤੇ ਬਾਰ੍ਹਵੀਂ ਦੇ 7255 ਵਿਦਿਆਰਥੀਆਂ ਦੀ ਦਿੱਤੀ ਪ੍ਰੀਖਿਆ ਵਿਦਿਆਰਥੀਆਂ ’ਚ ਉਤਸ਼ਾਹ, ਪ੍ਰੀਖਿਆ ਕੇਂਦਰਾਂ ਦੇ ਬਾਹਰ ਭੀੜ ਇਕੱਠੀ ਹੋਣ ’ਤੇ ਮਨਾਹੀ ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਸ਼ੁਰੂ ਹੋ ਗਈਆਂ। ਬੁੱਧਵਾਰ ਨੂੰ ਅੱਠਵੀਂ ਜਮਾਤ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਹੋਈ। ਅੱਜ ਪਹਿਲੇ ਦਿਨ ਅੱਠਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਅਤੇ ਬਾਰ੍ਹਵੀਂ ਜਮਾਤ ਦਾ ਗ੍ਰਹਿ ਵਿਗਿਆਨ ਦਾ ਪੇਪਰ ਹੋਇਆ। ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਆਏ ਵਿਦਿਆਰਥੀ ਕਾਫ਼ੀ ਉਤਸ਼ਾਹਿਤ ਸਨ। ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਬਾਹਰ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਹਾਲਾਂਕਿ ਸਵੇਰੇ ਅੱਠਵੀਂ ਜਮਾਤ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਦੇ ਪੇਪਰ ਨੂੰ ਲੈ ਕੇ ਕਾਫ਼ੀ ਤਣਾਅ ਦੇਖਿਆ ਗਿਆ ਪਰ ਜਿਵੇਂ ਹੀ ਉਹ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਪ੍ਰੀਖਿਆ ਕੇਂਦਰ ’ਚੋਂ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਦੇਖਣ ਨੂੰ ਮਿਲੀ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅੰਗਰੇਜ਼ੀ ਦਾ ਪੇਪਰ ਬਹੁਤਾ ਅੌਖਾ ਨਹੀਂ ਸੀ ਅਤੇ ਜ਼ਿਆਦਾਤਰ ਵਿਦਿਆਰਥੀਆਂ ਨੇ ਚੰਗੇ ਅੰਕ ਮਿਲਣ ਦੀ ਆਸ ਪ੍ਰਗਟਾਈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਅੱਠਵੀਂ ਸ਼੍ਰੇਣੀ ਦੀ ਅੰਗਰੇਜ਼ੀ ਅਤੇ ਬਾਰ੍ਹਵੀਂ ਸ਼ੇ੍ਰਣੀ ਦੀ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਸੁਚਾਰੂ ਪ੍ਰਬੰਧਾਂ ਅਧੀਨ ਨੇਪਰੇ ਚੜੀ। ਅੱਜ ਦੀ ਪ੍ਰੀਖਿਆ ਅਮਨ-ਅਮਾਨ ਨਾਲ ਹੋਈ ਹੈ ਅਤੇ ਕਿਸੇ ਵੀ ਪ੍ਰੀਖਿਆ ਕੇਂਦਰ ’ਚੋਂ ਨਕਲ ਦਾ ਕੇਸ ਜਾਂ ਅਣਸੁਖਾਵੀਂ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ। ਬੁਲਾਰੇ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਵਿੱਚ 2,98,487 ਅਤੇ ਬਾਰ੍ਹਵੀਂ ਦੇ ਗ੍ਰਹਿ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਵਿੱਚ 7255 ਅਪੀਅਰ ਹੋਏ ਹਨ। ਇੰਜ ਹੀ ਸੀਬੀਐਸਈ ਬੋਰਡ ਵੱਲੋਂ ਵੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੁਹਾਲੀ ਜ਼ਿਲ੍ਹੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਜ਼ਾ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਪ੍ਰੀਖਿਆ ਕੇਂਦਰਾਂ ਦੀ ਹੱਦ ਅੰਦਰ ਅੱਜ 19 ਫਰਵਰੀ ਤੋਂ ਚਾਰ ਅਪਰੈਲ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਅਤੇ ਪ੍ਰੀਖਿਆ ਵਿੱਚ ਵਿਘਨ ਪਾਉਣ ਵਾਲੇ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਮੇਤ ਟਰੈਫ਼ਿਕ ਵਿਵਸਥਾ ਸੁਚਾਰੂ ਬਣਾਈ ਰੱਖਣ ਅਤੇ ਪੁਖ਼ਤਾ ਪ੍ਰਬੰਧ ਕਰਨ ਲਈ ਐੱਸਐੱਸਪੀ ਨੂੰ ਨਿਰਦੇਸ਼ ਦਿੱਤੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ