nabaz-e-punjab.com

ਪੰਜਾਬ ਪੁਲੀਸ ਵੱਲੋਂ ਪੱਛਮੀ ਬੰਗਾਲ ਤੋਂ ਚੱਲ ਰਹੇ ਅੰਤਰਰਾਜੀ ਸਾਈਬਰ ਵਿੱਤੀ ਫਰਾਡ ਰੈਕੇਟ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 3 ਮੋਬਾਈਲ ਫੋਨ, ਇੱਕ ਲੈਪਟਾਪ ਤੇ 30,900 ਰੁਪਏ ਦੀ ਨਗਦੀ ਬਰਾਮਦ ਕੀਤੀ

ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਦੇ ਸਾਈਬਰ ਕ੍ਰਾਈਮ ਥਾਣਿਆਂ ਵਿੱਚ 100 ਪਰਚੇ ਕੀਤੇ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 21 ਅਗਸਤ:
ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਸਾਈਬਰ ਵਿੱਤੀ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਿੰਨ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਕਰਾਈਮ ਵਿੰਗ ਦੇ ਏਡੀਜੀਪੀ ਵੀ. ਨੀਰਜਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ੋਵਨ ਸਾਹਾ, ਅਭਿਸ਼ੇਕ ਕੁਮਾਰ ਸਿੰਘ ਅਤੇ ਪ੍ਰਵੀਨ ਕੁਮਾਰ ਰਾਏ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਮੋਬਾਈਲ ਫੋਨ, ਇੱਕ ਲੈਪਟਾਪ ਅਤੇ 30,900 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਇਸ ਸਬੰਧੀ 1 ਅਗਸਤ ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 318, 319 ਅਤੇ 61 ਅਤੇ ਆਈਟੀ ਐਕਟ ਤਹਿਤ ਸਟੇਟ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿੱਚ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਡਿਵੀਜ਼ਨ ਨੂੰ 49.60 ਲੱਖ ਦੀ ਸਾਈਬਰ ਧੋਖਾਧੜੀ ਬਾਰੇ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਸਾਈਬਰ ਧੋਖਾਧੜੀ ਕਰਨ ਵਾਲੇ ਨੇ ਕੰਪਨੀ ਦੇ ਅਕਾਉਂਟੈਂਟ ਨੂੰ ਮਾਲਕ, ਜੋ ਮੁਹਾਲੀ ਆਧਾਰਿਤ ਰੀਅਲਟਰ ਹੈ, ਦੀ ਡਿਸਪਲੇਅ ਪਿਕਚਰ ਦੀ ਵਰਤੋਂ ਕਰਕੇ ਇੱਕ ਵਟਸਐਪ ਮੈਸੇਜ ਭੇਜਿਆ ਸੀ। ਕਿਉਂਕਿ ਉਸ ਵਕਤ ਕੰਪਨੀ ਦਾ ਮਾਲਕ ਕਿਸੇ ਮੀਟਿੰਗ ਵਿੱਚ ਸੀ ਇਸ ਲਈ ਸੰਦੇਸ਼ ਦੀ ਸੱਚਾਈ ਦੀ ਪੁਸ਼ਟੀ ਨਹੀਂ ਸੀ ਹੋ ਸਕਦੀ। ਜਿਸ ਕਰਕੇ ਕਰਮਚਾਰੀ ਨੇ ਇਹ ਮੰਨ ਲਿਆ ਕਿ ਸੰਦੇਸ਼ ਕੰਪਨੀ ਦੇ ਮਾਲਕ ਦਾ ਹੀ ਹੈ ਅਤੇ ਉਸਨੇ ਧੋਖੇਬਾਜ਼ ਵੱਲੋਂ ਦਿੱਤੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫ਼ਰ ਕਰ ਦਿੱਤੇ।
ਏਡੀਜੀਪੀ ਵੀ. ਨੀਰਜਾ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ’ਚੋਂ ਦੋ ਫਲਿੱਪਕਾਰਟ ਦੇ ਕਰਮਚਾਰੀ ਹਨ, ਜਿਨ੍ਹਾਂ ਨੇ ਕਮਿਸ਼ਨ ਲਈ ਆਪਣੇ ਬੈਂਕ ਖਾਤੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਕਿਰਾਏ ’ਤੇ ਦਿੱਤੇ ਹੋਏ ਸਨ। ਉਨ੍ਹਾਂ ਦੱਸਿਆ ,‘‘ ਮੁਹੰਮਦ ਦਿਲੋਵਰ ਗਾਜ਼ੀ ਵਜੋਂ ਪਛਾਣੇ ਗਏ ਇੱਕ ਹੋਰ ਅਹਿਮ ਸ਼ੱਕੀ ਵਿਅਕਤੀ ਦਾ ਵੀ ਪਤਾ ਲਗਾਇਆ ਗਿਆ ਸੀ ਪਰ ਡਿੱਗਣ ਕਾਰਨ ਉਸਦੇ ਸੱਟਾਂ ਵੱਜੀਆਂ ਸਨ ਅਤੇ ਉਹ ਸਫ਼ਰ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਜੋ ਬਾਅਦ ਵਿੱਚ ਜਾਂਚ ਵਿੱਚ ਸ਼ਾਮਲ ਹੋਇਆ। ਉਸਨੇ ਗਰੋਹ ਦੇ ਹੋਰ ਮੈਂਬਰਾਂ ਦੇ ਨਾਵਾਂ ਬਾਰੇ ਖੁਲਾਸਾ ਕੀਤਾ।’’
ਏਡੀਜੀਪੀ ਨੇ ਦੱਸਿਆ ਕਿ ਹੈਲਪਲਾਈਨ 1930 ਟੀਮ ਦੇ ਯਤਨਾਂ ਸਦਕਾ 44 ਵੱਖ-ਵੱਖ ਬੈਂਕ ਖਾਤਿਆਂ ਵਿੱਚ ਤੀਜੀ ਤੋਂ ਨੌਵੀਂ ਪਰਤ ਤੱਕ 5,22,700 ਰੁਪਏ ਦੀ ਰਕਮ ਫਰੀਜ਼ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧੀਆਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲੀਸ ਨੂੰ ਹੋਰ ਗ੍ਰਿਫ਼ਤਾਰੀਆਂ ਦੀ ਹੋਣ ਦੀ ਆਸ ਹੈ।
ਸਾਈਬਰ ਕ੍ਰਾਈਮ ਵਿੰਗ ਦੇ ਐਸਪੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ 12 ਘੰਟੇ ਬਾਅਦ ਸਟੇਟ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ ਸੀ ਅਤੇ ਐਨਸੀਆਰ ਪੋਰਟਲ ’ਤੇ ਰਿਪੋਰਟ ਕਰਨ ਉਪਰੰਤ, ਸਾਈਬਰ ਕ੍ਰਾਈਮ ਡਵੀਜ਼ਨ ਮੁਹਾਲੀ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਈਬਰ ਧੋਖੇਬਾਜ਼ਾਂ ਵੱਲੋਂ ਵਰਤੇ ਜਾਂਦੇ ਵਟਸਐਪ ਅਕਾਉਂਟ, ਬੈਂਕ ਖਾਤਿਆਂ ਅਤੇ ਮੋਬਾਈਲ ਨੰਬਰਾਂ ਦੀ ਜਾਂਚ ਵਿੱਚ ਇਹ ਪਾਇਆ ਗਿਆ ਕਿ ਪਹਿਲੀ ਅਤੇ ਦੂਜੀ ਪਰਤ ਵਿੱਚ ਰਕਮ ਪੱਛਮੀ ਬੰਗਾਲ ਦੇ ਬੈਂਕ ਖਾਤਾ ਧਾਰਕਾਂ ਨੂੰ ਟਰਾਂਸਫ਼ਰ ਕੀਤੀ ਗਈ ਸੀ।
ਐਸਪੀ ਗਿੱਲ ਨੇ ਦੱਸਿਆ ਕਿ ਜਾਂਚ ਦੌਰਾਨ ਜੁਆਇੰਟ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਟੀਮ (ਜੇਸੀਸੀਟੀ) ਪੱਛਮੀ ਬੰਗਾਲ ਨਾਲ ਤਾਲਮੇਲ ਕਰਨ ਲਈ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਮਦਦ ਮੰਗੀ ਗਈ। ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦੀਪਕ ਭਾਟੀਆ ਦੀ ਅਗਵਾਈ ਵਾਲੀ ਟੀਮ ਤੁਰੰਤ ਕੋਲਕਾਤਾ ਗਈ। ਉਨ੍ਹਾਂ ਦੱਸਿਆ ਕਿ ਮਲਟੀਪਲ ਓਪਨ ਸੋਰਸ ਇੰਟੈਲੀਜੈਂਸ (ਓਐਸਆਈਐਨਟੀ) ਤਕਨੀਕਾਂ ਦੀ ਮਦਦ ਅਤੇ ਬੈਂਕ ਦੇ ਨੋਡਲ ਅਫ਼ਸਰਾਂ ਦੀ ਮਦਦ ਨਾਲ ਪਹਿਲੀ ਅਤੇ ਦੂਜੀ ਪਰਤ ਵਿੱਚ ਮੁਲਜ਼ਮਾਂ ਦੇ ਟਿਕਾਣਿਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਧੋਖਾਧੜੀ ਕਰਨ ਵਾਲਿਆਂ ਨੇ 9 ਪਰਤਾਂ ਵਿੱਚ 150 ਬੈਂਕ ਖਾਤਿਆਂ ਵਿੱਚ ਰਕਮ ਟਰਾਂਸਫ਼ਰ ਕੀਤੀ ਸੀ ਅਤੇ ਇਨ੍ਹਾਂ ’ਚੋਂ 44 ਖਾਤਿਆਂ ਵਿੱਚ ਪਈ ਰਕਮ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਈਬਰ ਕ੍ਰਾਈਮ ਡਵੀਜ਼ਨ ਵੱਲੋਂ ਦੂਜੇ ਸੂਬਿਆਂ ਦੇ ਸਾਈਬਰ ਅਪਰਾਧੀਆਂ ਨੂੰ ਫੜਨ ਲਈ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਸਾਈਬਰ ਕ੍ਰਾਈਮ ਥਾਣਿਆਂ ਵਿੱਚ 100 ਪਰਚੇ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿੱਚ ਸਾਈਬਰ ਧੋਖਾਧੜੀ ਦੇ ਪੀੜਤ ਵਿਅਕਤੀਆਂ ਦੇ 23.46 ਕਰੋੜ ਰੁਪਏ ਦੀ ਰਕਮ ਸ਼ੱਕੀ ਵਿਅਕਤੀਆਂ ਦੇ ਖਾਤਿਆਂ ਵਿੱਚ ਫਰੀਜ਼ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…