ਜ਼ਿਲ੍ਹਾ ਪੁਲੀਸ ਵੱਲੋਂ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼, 2 ਮੁਲਜ਼ਮ ਅਸਲੇ ਸਣੇ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 2 ਅਗਸਤ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਕੇ 2 ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖ਼ੁਲਾਸਾ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੋਹਿਤ ਕੁਮਾਰ ਵਾਸੀ ਮੁਹੱਲਾ ਸ਼ਾਹ ਸੁਲਤਾਨ (ਜ਼ਿਲ੍ਹਾ ਕਪੂਰਥਲਾ) ਅਤੇ ਮਨਿੰਦਰ ਸਿੰਘ ਉਰਫ਼ ਬੌਬੀ ਵਾਸੀ ਪਿੰਡ ਅਲੀ ਚੱਕ (ਜਲੰਧਰ) ਵਜੋਂ ਹੋਈ ਹੈ। ਉਨ੍ਹਾਂ ਕੋਲੋਂ .9 ਐਮਐਮ ਦੇ 90 ਰੋਂਦ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਪਰੋਕਤ ਵਿਅਕਤੀ ਐਲਆਈਸੀ ਕਲੋਨੀ, ਮੁੰਡੀ ਖਰੜ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਹੇ ਹਨ। ਜਿਨ੍ਹਾਂ ਕੋਲ ਅਕਸਰ ਹੋਰ ਸ਼ੱਕੀ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਨੂੰ ਆਧਾਰ ਬਣਾ ਕੇ ਮੁਹਾਲੀ ਦੇ ਐਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਅਤੇ ਡੀਐਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੋਹਿਤ ਕੁਮਾਰ ਅਤੇ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਮੋਹਿਤ ਕੁਮਾਰ ਅਤੇ ਉਸਦੇ ਸਾਥੀਆਂ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਅਤੇ ਹੋਰ ਵੱਖ-ਵੱਖ ਅਪਰਾਧਾਂ ਤਹਿਤ ਪਰਚੇ ਦਰਜ ਹਨ। ਮੋਹਿਤ ਕੁਮਾਰ ਨੇ ਆਪਣੇ ਕੋਲ ਭਾਰੀ ਮਾਤਰਾ ਵਿੱਚ ਨਾਜਾਇਜ਼ ਗੋਲੀ ਸਿੱਕਾ ਇਕੱਠਾ ਕੀਤਾ ਹੋਇਆ ਸੀ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਥਾਣਾ ਸਿਟੀ ਖਰੜ ਵਿੱਚ ਦਰਜ ਕੀਤਾ ਗਿਆ ਹੈ।

ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਹਿਤ ਕੁਮਾਰ ਨੇ 90 ਰੋਂਦ ਲਾਂਡਰਾਂ ਤੋਂ ਸਰਹਿੰਦ ਰੋਡ ’ਤੇ ਸਥਿਤ ਬੇ-ਅਬਾਦ ਜਗਾ ਤੋਂ ਮਨਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਹਾਸਲ ਕੀਤੇ ਸਨ, ਇਹ ਰੋਂਦ ਉਸਨੇ ਮਨਿੰਦਰ ਸਿੰਘ ਦੇ ਕਹਿਣ ’ਤੇ ਅੱਗੇ ਸਪਲਾਈ ਕਰਨੇ ਸਨ। ਮੁਲਜ਼ਮ ਮਨਿੰਦਰ ਸਿੰਘ ਵਿਰੁੱਧ ਵੀ ਲੜਾਈ-ਝਗੜੇ ਅਤੇ ਅਸਲਾ ਐਕਟ ਤਹਿਤ ਜਲੰਧਰ ਅਤੇ ਕਪੂਰਥਲਾ ਦੇ ਥਾਣਿਆਂ ਵਿੱਚ 9 ਪਰਚੇ ਦਰਜ ਹਨ। ਪੁਲੀਸ ਅਨੁਸਾਰ ਮਨਿੰਦਰ ਸਿੰਘ ਦੀ ਪੁੱਛਗਿੱਛ ਵਿੱਚ ਖ਼ੁਲਾਸਾ ਹੋਇਆ ਕਿ ਉਸ ਨੂੰ ਇਹ ਰੋਂਦ ਹਰਜੀਤ ਭੰਡਾਲ ਵਾਸੀ ਪਿੰਡ ਚਿੱਟੀ (ਜਲੰਧਰ) ਨੇ ਭੇਜੇ ਸਨ। ਜਿਸ ਦੇ ਵਿਰੁੱਧ ਵੀ ਕਪੂਰਥਲਾ ਵਿੱਚ ਅਸਲਾ ਐਕਟ ਅਤੇ ਫਿਰੌਤੀਆਂ ਮੰਗਣ ਦੇ ਪਰਚੇ ਦਰਜ ਹਨ, ਜੋ ਇਸ ਸਮੇਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਹਰਜੀਤ ਭੰਡਾਲ ਦਾ ਸਾਥੀ ਗੋਪੀ ਵਾਸੀ ਨਵਾਂ ਸ਼ਹਿਰ ਦਾ ਹੈ ਅਤੇ ਰਤਨਦੀਪ ਸਿੰਘ ਕਤਲ ਕੇਸ ਵਿੱਚ ਲੋੜੀਂਦਾ ਹੈ ਅਤੇ ਇਸ ਸਮੇਂ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ। ਮਨਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਾਜਾਇਜ਼ ਹਥਿਆਰ ਹਰਜੀਤ ਭੰਡਾਲ ਨੇ ਭੇਜਣੇ ਸਨ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਟਾਰਗੇਟ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁੱਛਗਿੱਛ ਦੌਰਾਨ ਪੁਲੀਸ ਨੂੰ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…