Share on Facebook Share on Twitter Share on Google+ Share on Pinterest Share on Linkedin ਸੁਸਾਇਟੀਆਂ ਦਾ ਕੂੜਾ ਆਰਐਮਸੀ ਪੁਆਇੰਟਾਂ ’ਚ ਸੁੱਟਣ ’ਤੇ ਰੋਕਣ ਤੋਂ ਭੜਕੇ ਕੌਂਸਲਰ ਨਵੀਂ ਤਜਵੀਜ਼ ਅਨੁਸਾਰ ਹਰੇਕ ਘਰ ’ਤੇ ਪਵੇਗਾ 200 ਰੁਪਏ ਦਾ ਵਾਧੂ ਦਾ ਬੋਝ ਹਾਊਸ ਵਿੱਚ ਮਤਾ ਲਿਆਵਾਂਗੇ, ਸੁਸਾਇਟੀਆਂ ਦੇ ਵਸਨੀਕਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ: ਜੀਤੀ ਸਿੱਧੂ ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ: ਮੁਹਾਲੀ ਨਗਰ ਨਿਗਮ ਕੂੜਾ ਪ੍ਰਬੰਧਨ ਨੂੰ ਲੈ ਕੇ ਸੁਸਾਇਟੀਆਂ ਦੇ ਵਸਨੀਕਾਂ ’ਤੇ 200 ਰੁਪਏ ਪ੍ਰਤੀ ਘਰ ਵਾਧੂ ਬੋਝ ਪਾਉਣ ਜਾ ਰਹੀ ਹੈ। ਇਸ ਸਬੰਧੀ ਹਾਊਸਿੰਗ ਸੁਸਾਇਟੀਆਂ ਨੂੰ ਬਲਕ ਗਾਰਬੇਜ ਪ੍ਰੋਡਿਊਸਰ ਸ਼੍ਰੇਣੀ ਅਧੀਨ ਲਿਆ ਕੇ ਨਵੀਂ ਤਜਵੀਜ਼ ਤਿਆਰ ਕੀਤੀ ਗਈ ਹੈ। ਜਿਸ ਤਹਿਤ ਹੁਣ ਨਾ ਸਿਰਫ਼ ਘਰ ਤੋਂ ਕੂੜਾ ਚੁੱਕਣ ਲਈ ਰੇਹੜੀ ਵਾਲੇ ਨੂੰ ਪ੍ਰਤੀ ਮਹੀਨਾ 130 ਰੁਪਏ ਦੇਣਗੇ ਸਗੋਂ ਠੇਕੇਦਾਰ ਨੂੰ ਵੀ ਪ੍ਰਤੀ ਘਰ 200 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਠੇਕੇਦਾਰ ਵੱਲੋਂ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨੂੰ ਸੁਸਾਇਟੀ ਵਿਚਲੇ ਘਰਾਂ ਦੇ ਪੈਸੇ ਇਕੱਠੇ ਕਰਕੇ ਇੱਕੋਵਾਰ ਦੇਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਨਗਰ ਨਿਗਮ ਨੇ ਇਸ ਤਜਵੀਜ਼ ’ਤੇ ਚਰਚਾ ਕਰਨ ਲਈ ਅੱਜ ਮੀਟਿੰਗ ਸੱਦੀ ਸੀ ਪ੍ਰੰਤੂ ਭਿਣਕ ਪੈਣ ’ਤੇ ਕਾਬਜ਼ ਧਿਰ ਨਾਲ ਸਬੰਧਤ ਕੁਝ ਕੌਂਸਲਰ ਵਿਨੀਤ ਮਲਿਕ, ਹਰਜੀਤ ਸਿੰਘ ਸੋਹਾਣਾ ਅਤੇ ਕਮਲਜੀਤ ਸਿੰਘ ਬਨੀ ਵੀ ਉੱਥੇ ਪਹੁੰਚ ਗਏ ਅਤੇ ਇਸ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ। ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਮੀਟਿੰਗ ਵਿੱਚ ਨਹੀਂ ਸੱਦਿਆ ਗਿਆ ਤਾਂ ਜੋ ਚੱੁਪ-ਚੁਪੀਤੇ ਇਸ ਤਜਵੀਜ਼ ਨੂੰ ਪਾਸ ਕੀਤਾ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸੁਸਾਇਟੀਆਂ ਦਾ ਕੂੜਾ ਆਰਐਮਸੀ ਪੁਆਇੰਟਾਂ ਵਿੱਚ ਸੁੱਟਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗ ਵਿੱਚ ਹਾਊਸਿੰਗ ਸੁਸਾਇਟੀਆਂ ਦੇ ਬਾਸ਼ਿੰਦਿਆਂ ਨੂੰ ਪ੍ਰਾਈਵੇਟ ਠੇਕੇਦਾਰਾਂ ਨਾਲ ਮਿਲਾ ਕੇ ਐਗਰੀਮੈਂਟ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਉਕਤ ਕੌਂਸਲਰਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਆਰਐਮਸੀ ਪੁਆਇੰਟਾਂ ਤੋਂ ਸ਼ਹਿਰ ਦਾ ਕੂੜਾ ਚੁੱਕਣ ਦਾ ਕੰਮ ਠੇਕੇ ’ਤੇ ਦੇ ਦਿੱਤਾ ਹੈ ਤਾਂ ਸੁਸਾਇਟੀਆਂ ਨਾਲ ਇਹ ਵਿਤਕਰਾ ਕਿਉਂ? ਉਨ੍ਹਾਂ ਦੇ ਘਰਾਂ ਦਾ ਕੂੜਾ ਆਰਐਮਸੀ ਪੁਆਇੰਟਾਂ ਵਿੱਚ ਸੁੱਟਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਉਹ ਪਹਿਲਾਂ ਹੀ ਮੇਅਰ ਅਤੇ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਦੇ ਚੁੱਕੇ ਹਨ ਕਿ ਹਾਊਸਿੰਗ ਸੁਸਾਇਟੀਆਂ ਨੂੰ ਬਲਕ ਗਾਰਬੇਜ ਪ੍ਰੋਡਿਊਸਰ ਦੀ ਕੈਟਾਗਰੀ ’ਚੋਂ ਬਾਹਰ ਕੱਢਣ ਦਾ ਮਤਾ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸੁਸਾਇਟੀਆਂ ਦੇ ਵਸਨੀਕ ਵੀ ਬਰਾਬਰ ਪ੍ਰਾਪਰਟੀ ਟੈਕਸ ਦਿੰਦੇ ਹਨ, ਉਨ੍ਹਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਹ ਇਸ ਸਬੰਧੀ ਨਗਰ ਨਿਗਮ ਦੇ ਹਾਊਸ ਵਿੱਚ ਮਤਾ ਲਿਆਉਣਗੇ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਸ਼ਹਿਰ ਦੀਆਂ ਸਾਰੀਆਂ ਸੁਸਾਇਟੀਆਂ ਦੇ ਅੰਦਰੂਨੀ ਕੰਮ ਪਹਿਲੀ ਵਾਰ ਕਰਵਾਏ ਗਏ ਸਨ। ਉਹ ਕਿਸੇ ਵੀ ਸੂਰਤ ਵਿੱਚ ਹਾਊਸਿੰਗ ਸੁਸਾਇਟੀਆਂ ਦੇ ਵਸਨੀਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ। ਮੇਅਰ ਨੇ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਪੱਕਾ ਹੱਲ ਕਰਕੇ ਮਤਾ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਸੁਸਾਇਟੀਆਂ ਨੂੰ ਬਲਕ ਗਾਰਬੇਜ ਪ੍ਰੋਡਿਊਸਰ ਦੀ ਸ਼੍ਰੇਣੀ ’ਚੋਂ ਬਾਹਰ ਕੱਢਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ