ਕੌਮੀ ਲੋਕ ਅਦਾਲਤ ਵਿੱਚ 14021 ਕੇਸਾਂ ਦਾ ਨਿਪਟਾਰਾ, ਨੌਂ ਜੋੜੇ ਮਤਭੇਦ ਭੁਲਾ ਕੇ ਮੁੜ ਇੱਕ ਹੋਏ

ਨਬਜ਼-ਏ-ਪੰਜਾਬ, ਮੁਹਾਲੀ, 9 ਮਾਰਚ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਅਤੇ ਐਡਮਿਨਸਟਰੇਟਿਵ ਜੱਜ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ ਅਤੇ ਵੱਖ-ਵੱਖ 13 ਜੁਡੀਸ਼ਲ ਬੈਂਚਾਂ ਦਾ ਗਠਨ ਕੀਤਾ ਗਿਆ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀਮਤੀ ਸੁਰਭੀ ਪਰਾਸ਼ਰ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿੱਚ 17043 ਕੇਸ ਨਿਪਟਾਰੇ ਲਈ ਰੱਖੇ ਗਏ ਸਨ। ਜਿਨ੍ਹਾਂ ’ਚੋਂ 14021 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਅਤੇ 41,72,45,289 ਕੀਮਤ ਦੇ ਐਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ 9 ਵਿਆਹੁਤਾ ਜੋੜੇ ਜੋ ਕਾਫ਼ੀ ਸਮੇਂ ਤੋਂ ਆਪਸੀ ਮਨ-ਮੁਟਾਅ ਕਾਰਨ ਅਲੱਗ-ਅਲੱਗ ਰਹਿ ਰਹੇ ਸਨ, ਦੇ ਕੇਸਾਂ ਦੀ ਸੁਣਵਾਈ ਦੌਰਾਨ ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ। ਇੰਜ ਜੁਡੀਸ਼ਲ ਬੈਂਚ ਦੇ ਯਤਨਾਂ ਸਦਕਾ ਇਹ ਜੋੜੇ ਆਪਸੀ ਮਤਭੇਦ ਖ਼ਤਮ ਕਰਕੇ ਦੁਬਾਰਾ ਇੱਕ ਛੱਤ ਥੱਲੇ ਇਕੱਠੇ ਰਹਿਣ ਲਈ ਰਾਜ਼ੀ ਹੋ ਗਏ ਅਤੇ ਉਹ ਸਾਰੇ ਅਦਾਲਤ ’ਚੋਂ ਹੀ ਆਪਣੇ ਘਰ ਇਕੱਠੇ ਪਰਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਵੱਲੋਂ ਇਨ੍ਹਾਂ ਜੋੜਿਆਂ ਨੂੰ ਇੱਕ-ਇੱਕ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਆਪਣੇ ਰਿਸ਼ਤਿਆਂ ਅਤੇ ਪੌਦਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਆ ਗਿਆ।

ਇੰਜ ਹੀ ਪ੍ਰਜ਼ਾਈਡਿੰਗ ਅਫ਼ਸਰ, ਇੰਡਸਟਰੀਅਲ ਟ੍ਰਿਬਿਊਨਲਜ਼ ਸ੍ਰੀਮਤੀ ਗੁਰਮੀਤ ਕੌਰ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਐਸ.ਕੇ ਅਗਰਵਾਲ, ਅਰਜੁਨ ਸਿੰਘ ਗਰੇਵਾਲ ਤਹਿਸੀਲਦਾਰ ਮੁਹਾਲੀ ਅਤੇ ਦਰਸ਼ਨ ਸਿੰਘ ਨਾਇਬ ਤਹਿਸੀਲਦਾਰ ਬਨੂੜ ਨੇ ਵੀ ਕੇਸਾਂ ਦੀ ਜਨਤਕ ਸੁਣਵਾਈ ਕੀਤੀ। ਜਦੋਂਕਿ ਖਰੜ ਅਤੇ ਡੇਰਾਬੱਸੀ ਵਿੱਚ ਵੀ ਲੋਕ ਅਦਾਲਤ ਸਬੰਧੀ 4-4 ਜੁਡੀਸ਼ਲ ਬੈਂਚ ਲਗਾ ਕੇ ਵੱਖ-ਵੱਖ ਕਿਸਮ ਦੇ ਅਦਾਲਤੀ ਕੇਸਾਂ ਦੀ ਜਨਤਕ ਸੁਣਵਾਈ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…