Nabaz-e-punjab.com

ਐਸਟੀਐਫ਼ ਮੁਹਾਲੀ ਵੱਲੋਂ 60 ਗਰਾਮ ਹੈਰੋਇਨ ਸਮੇਤ ਕੁਰਾਲੀ ਦੀ ਅੌਰਤ ਗ੍ਰਿਫ਼ਤਾਰ

ਦਿੱਲੀ ’ਚੋਂ ਨਾਇਜੀਰੀਅਨ ਤੋਂ ਹੈਰੋਇਨ ਲਿਆ ਕੇ ਮੁਹਾਲੀ, ਖਰੜ ਅਤੇ ਕੁਰਾਲੀ ਵਿੱਚ ਕਰਦੀ ਸੀ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਕੁਰਾਲੀ ਦੀ ਇੱਕ ਅੌਰਤ ਨੂੰ 60 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਵੇਰਕਾ ਚੌਂਕ ਨੇੜੇ ਨਾਕਾਬੰਦੀ ਕਰਕੇ ਐਕਟਿਵਾ ਸਕੂਟਰ ’ਤੇ ਖਰੜ ਤੋਂ ਮੁਹਾਲੀ ਵੱਲ ਆ ਰਹੀ ਸੁਖਰਾਜ ਕੌਰ ਉਰਫ਼ ਰਿੰਪਲ ਵਾਸੀ ਹਾਲੀਵੱੁਡ ਹਾਈਟਸ, ਖਰੜ ਰੋਡ ਕੁਰਾਲੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 60 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਸ੍ਰੀ ਸੋਹਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਅੌਰਤ ਨੇ (ਜੋ ਪਿੱਛੋਂ ਅੰਮ੍ਰਿਤਸਰ ਦੀ ਵਸਨੀਕ ਹੈ) ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਦਿਉਰ ਸੰਦੀਪ ਸਿੰਘ (ਜੋ ਇਸ ਸਮੇਂ ਕੈਨੇਡਾ ਵਿੱਚ ਰਹਿੰਦਾ ਹੈ) ਨਾਲ ਵਿਆਹ ਕਰਵਾ ਲਿਆ ਸੀ। ਮੁਲਜ਼ਮ ਅੌਰਤ ਨੇ ਕਰੀਬ ਚਾਰ ਸਾਲ ਪਹਿਲਾਂ ਹਾਲੀਵੱੁਡ ਹਾਈਟਸ, ਖਰੜ ਰੋਡ, ਕੁਰਾਲੀ ਵਿੱਚ ਕਿਰਾਏ ’ਤੇ ਫਲੈਟ ਲੈ ਕੇ ਰਿਹਾਇਸ਼ ਕੀਤੀ ਸੀ। ਬਾਅਦ ਵਿੱਚ ਉਸ ਨੇ ਉੱਥੇ ਆਪਣਾ ਫਲੈਟ ਖ਼ਰੀਦ ਲਿਆ ਸੀ। ਐਸਟੀਐਫ਼ ਅਨੁਸਾਰ ਉਕਤ ਅੌਰਤ ਨੇ ਖਰੜ ਦੀ ਗੋਪਾਲ ਸਵੀਟਸ ਦੇ ਪਿੱਛੇ ਕੂਲਚਾ ਲੈਂਡ ਖੋਲ੍ਹਿਆ ਹੋਇਆ ਹੈ ਅਤੇ ਦੁਕਾਨਦਾਰੀ ਦੇ ਨਾਲ ਨਾਲ ਇਹ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਵੀ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਕਿ ਰਿੰਪਲ ਦੇ ਖ਼ਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਵਿੱਚ ਸਮੈਕ ਵੇਚਣ ਦਾ ਕੇਸ ਦਰਜ ਹੈ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਅੌਰਤ ਦੇ ਦੱਸਣ ਅਨੁਸਾਰ ਉਹ ਦਿੱਲੀ ਤੋਂ ਇੱਕ ਨਾਇਜੀਰੀਅਨ ਤੋਂ ਹੈਰੋਇਨ ਲੈ ਕੇ ਆਉਂਦੀ ਹੈ ਅਤੇ ਮੁਹਾਲੀ ਸਮੇਤ ਖਰੜ ਅਤੇ ਕੁਰਾਲੀ ਵਿੱਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅੌਰਤ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …