Nabaz-e-punjab.com

ਸਿੱਖ ਅਜਾਇਬਘਰ ਦੇ ਬਾਹਰ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ’ਚੋਂ ਪਿਸਤੌਲ ਚੋਰੀ

ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ, ਸਿਰ ਤੋਂ ਮੋਨੇ ਨੌਜਵਾਨ ਨੇ ਲੰਘੀ ਰਾਤ 12.10 ਵਜੇ ਦਿੱਤਾ ਅੰਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਥਿਤ ਸਿੱਖ ਅਜਾਇਬਘਰ ਮੁਹਾਲੀ ਦੇ ਬਾਹਰ ਲੱਗੇ ਸ਼ਹੀਦ ਊਧਮ ਸਿੰਘ ਦੇ ਮਾਡਲ ਤੋਂ ਕੋਈ ਸ਼ਰਾਰਤੀ ਅਨਸਰ ਪਿਸਤੌਲ ਤੋੜ ਕੇ ਲੈ ਗਿਆ। ਸ਼ਹੀਦ ਦੇ ਹੱਥ ਵਿੱਚ ਫੜੀ ਪਿਸਤੌਲ ਤੋੜ ਕੇ ਲਿਜਾਉਣ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਬੁੱਤਸਾਜ਼ ਪਰਵਿੰਦਰ ਸਿੰਘ ਨੇ ਅੱਜ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸ਼ਰਾਰਤੀ ਅਨਸਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਿਵੇਂ ਹੀ ਉਹ ਸਿੱਖ ਅਜਾਇਬਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਸਿੱਖ ਅਜਾਇਬਘਰ ਦੇ ਬਾਹਰ ਲੱਗੇ ਸ਼ਹੀਦ ਊਧਮ ਸਿੰਘ ਦੇ ਮਾਡਲ ਦੀ ਪਿਸਤੌਲ ਗਾਇਬ ਸੀ। ਉਸ ਨੇ ਤੁਰੰਤ ਇਸ ਅਸਥਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਲੰਘੀ ਰਾਤ ਕਰੀਬ 12.10 ਵਜੇ ਸਿਰ ਤੋਂ ਮੋਨਾ ਇਕ ਵਿਅਕਤੀ ਸ਼ਮਸ਼ਾਨਘਾਟ ਵਾਲੇ ਪਾਸਿਓਂ ਪੈਦਲ ਆਉਂਦਾ ਦਿਖਾਈ ਦੇ ਰਿਹਾ ਹੈ। ਉਹ ਸਿੱਖ ਅਜਾਇਬਘਰ ਦੇ ਬਾਹਰ ਪਹੁੰਚ ਕੇ ਇੱਧਰ ਉੱਧਰ ਦੇਖਦਾ ਹੈ ਅਤੇ ਅਚਾਨਕ ਝੁਕ ਕੇ ਸ਼ਹੀਦ ਊਧਮ ਸਿੰਘ ਦੇ ਮਾਡਲ ਵੱਲ ਵਧਦਾ ਹੈ ਅਤੇ ਸ਼ਹੀਦ ਦੇ ਹੱਥ ਵਿੱਚ ਫੜੀ ਪਿਸਤੌਲ ਤੋੜ ਕੇ ਪੁੱਠੇ ਪੈਰੀ ਭੱਜ ਜਾਂਦਾ ਹੈ। ਬੁੱਤਸਾਜ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿੱਖ ਅਜਾਇਬਘਰ ਵਿੱਚ ਚੋਰੀਆਂ ਹੋ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਹੀ ਗੋਲਕ ’ਚੋਂ ਪੈਸੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਵਾਰਦਾਤ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਬਲੌਂਗੀ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੂੰ ਬੁੱਤਸਾਜ਼ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਬੁੱਤਸਾਜ਼ ਦਾ ਕਹਿਣਾ ਹੈ ਕਿ ਉਹ ਸ਼ਿਕਾਇਤ ਲੈ ਕੇ ਬਲੌਂਗੀ ਥਾਣੇ ਵਿੱਚ ਗਿਆ ਸੀ ਅਤੇ ਉੱਥੇ ਮੁਨਸ਼ੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ

ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਚੋਰੀ ਹੋਏ ਸ…