Share on Facebook Share on Twitter Share on Google+ Share on Pinterest Share on Linkedin ਰੇਤ ਮਾਫੀਆ ਵੱਲੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਕੁੱਟਮਾਰ, ਪੱਗਾਂ ਲੱਥੀਆਂ ਕੈਪਟਨ ਦੇ ਸ਼ਾਸ਼ਨ ਵਿੱਚ ਨਾਜਾਇਜ਼ ਮਾਈਨਿੰਗ ਦਾ ਧੰਦਾ ਬੇਖ਼ੌਫ਼ ਜਾਰੀ, ਅਕਾਲੀਆਂ ਨੂੰ ਕੋਸਣ ਵਾਲੇ ਕਾਂਗਰਸੀਆਂ ਨੇ ਅੱਖਾਂ ਕੀਤੀਆਂ ਬੰਦ ਮੁੱਖ ਮੰਤਰੀ ਵੱਲੋਂ ਆਪ ਵਿਧਾਇਕ ਸੰਦੋਆ ’ਤੇ ਹਮਲੇ ਬਾਰੇ ਰੂਪਨਗਰ ਦੀ ਡੀਸੀ ਤੋਂ ਵਿਸਥਾਰ ਰਿਪੋਰਟ ਮੰਗੀ ਨਬਜ਼-ਏ-ਪੰਜਾਬ ਬਿਊਰੋ, ਨੂਰਪੁਰ ਬੇਦੀ, 21 ਜੂਨ: ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਬੇਈਹਾਰਾ ਇਲਾਕੇ ਵਿੱਚ ਸਤਲੁਜ ਦਰਿਆ ਦੇ ਨੇੜੇ ਰੇਤ ਮਾਫੀਆਂ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਸੰਦੋਆ ਦੇ ਪੀਏ ਅਤੇ ਗੰਨਮੈਨ ਦੀ ਵੀ ਹਮਲਾਵਰਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਵਿਧਾਇਕ ਸੰਦੋਆ ਸਮੇਤ ਉਨ੍ਹਾਂ ਦੇ ਗੰਨਮੈਨ ਦੀਆਂ ਪੱਗਾਂ ਵੀ ਲਾਹੀਆਂ ਗਈਆਂ ਹਨ। ਉਧਰ, ਬਾਦਲ ਸਰਕਾਰ ਵੇਲੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਅਕਾਲੀਆਂ ਨੂੰ ਰੱਜ ਕੇ ਕੋਸਣ ਵਾਲੇ ਕਾਂਗਰਸੀ ਆਗੂਆਂ ਨੇ ਹੁਣ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਕਿਉਂਕਿ ਕੈਪਟਨ ਦੇ ਸ਼ਾਸ਼ਨ ਵਿੱਚ ਨਾਜਾਇਜ਼ ਮਾਈਨਿੰਗ ਦਾ ਧੰਦਾ ਬੇਖ਼ੌਫ਼ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਸੰਦੋਆ ਸਤਲੁਜ ਦਰਿਆ ਨੇੜੇ ਨਾਜਾਇਜ ਮਾਈਨਿੰਗ ਨੂੰ ਰੋਕਣ ਲਈ ਪਹੁੰਚੇ ਸਨ ਜਦੋਂ ਮਾਈਨਿੰਗ ਮਾਫੀਆਂ ਵਲੋੱ ਉਹਨਾਂ ਉਪਰ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਵਿਧਾਇਕ ਸੰਦੋਆ ਦੀ ਅਤੇ ਉਹਨਾਂ ਦੇ ਬਾਡੀਗਾਰਡ ਦੀਆਂ ਪੱਗਾਂ ਵੀ ਉਤਰ ਗਈਆਂ। ਇਸ ਮੌਕੇ ਮੀਡੀਆ ਕਰਮੀਆਂ ਤੋਂ ਵੀ ਕੈਮਰੇ ਖੋਹਣ ਦਾ ਯਤਨ ਕੀਤਾ ਗਿਆ। ਮਾਈਨਿੰਗ ਮਾਫੀਆ ਦੇ ਹਮਲੇ ਵਿੱਚ ਜ਼ਖਮੀ ਹੋਏ ਵਿਧਾਇਕ ਸੰਦੋਆ ਅਤੇ ਉਹਨਾਂ ਦੇ ਗੰਨ ਮੈਨ ਨੂੰ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੋੱ ਉਹਨਾਂ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਸੰਦੋਆ ਉੱਪਰ ਮਾਈਨਿੰਗ ਮਾਫੀਆ ਵਲੋੱ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਵਿਧਾਇਕ ਸੰਦੋਆ ਦੀ ਪੱਗ ਉਤਾਰਨਾ ਲੋਕਤੰਤਰ ਦੀ ਪੱੱਗ ਉਤਾਰਨ ਵਾਂਗ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਕਦੇ ਵੀ ਬਰਦਾਸਤ ਨਹੀਂ ਕਰਨਗੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਵਿਧਾਇਕ ਅਮਰਜੀਤ ਸਿੰਘ ਉਪਰ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਹਮਲਾਵਰ ਭਾਵੇਂ ਕੋਈ ਵੀ ਹੋਣ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਮਾਈਨਿੰਗ ਮਾਫੀਆਂ ਨੇ ਬੀਤੀ19 ਜੂਨ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਿਊਂਕ ਨੇੜੇ ਵੀ ਰੇਤੇ ਦੀ ਨਾਜਾਇਜ਼ ਮਾਈਨਿੰਗ ਦੀ ਜਾਂਚ ਕਰਨ ਗਏ ਵਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ’ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਰੂਪ ਵਿੱਚ ਜ਼ਖ਼ਮੀ ਕੀਤਾ ਗਿਆ ਸੀ। ਅੱਜ ਫਿਰ ਰੇਤ ਮਾਫੀਆ ਵੱਲੋਂ ਆਪ ਦੇ ਵਿਧਾਇਕ ਸੰਦੋਆ ਉੱਤੇ ਕੀਤੇ ਗਏ ਹਮਲੇ ਤੋਂ ਸਾਫ ਪਤਾ ਚਲ ਜਾਂਦਾ ਹੈ ਕਿ ਰੇਤ ਮਾਫੀਆ ਦੇ ਹੌਂਸਲੇ ਕਿੰਨੇ ਵੱਧ ਗਏ ਹਨ। ਪਹਿਲਾਂ ਕਾਂਗਰਸ ਆਗੂ ਨਾਜਾਇਜ਼ ਮਾਈਨਿੰਗ ਲਈ ਅਕਾਲੀਆਂ ਨੂੰ ਕੋਸਦੇ ਰਹਿੰਦੇ ਸਨ ਲੇਕਿਨ ਹੁਣ ਕੈਪਟਨ ਸਰਕਾਰ ਦੇ ਸ਼ਾਸ਼ਨ ਵਿੱਚ ਵੀ ਇਹ ਧੰਦਾ ਬੇਖ਼ੌਫ਼ ਚਲ ਰਿਹਾ ਹੈ ਪ੍ਰੰਤੂ ਹੁਣ ਕਾਂਗਰਸੀਆਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਮਾਫੀਏ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਕੀਤੇ ਕਥਿਤ ਹਮਲੇ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਵਿਸਥਾਰ ਰਿਪੋਰਟ ਦੀ ਮੰਗ ਕੀਤੀ ਹੈ। ਇਸ ਘਟਨਾ ’ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੂਬੇ ’ਚ ਬਦਅਮਨੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਤੱਥਾਂ ਦੀ ਨਿਰਪੱਖ ਜਾਂਚ ਯਕੀਨੀ ਬਨਾਉਣ ਲਈ ਆਖਿਆ ਹੈ। ਹਾਲਾਂਕਿ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਹੋਏ ਹਮਲੇ ਦੇ ਸਬੰਧੀ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਮੁੱਖ ਮੰਤਰੀ ਨੇ ਬਾਕੀ ਸ਼ੱਕੀਆਂ ਉੱਤੇ ਵੀ ਕਾਰਵਾਈ ਕਰਨ ਲਈ ਡੀਜੀਪੀ ਨੂੰ ਆਖਿਆ ਗਿਆ ਹੈ ਤਾਂ ਜੋ ਹੋਰਨਾਂ ਦੀ ਵੀ ਤੁਰੰਤ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਵਿਧਾਇਕ ਨਾਲ ਤਾਇਨਾਤ ਦੋ ਪੀਐਸਓ ਵੀ ਮੁੱਖ ਮੰਤਰੀ ਦੀ ਨਜ਼ਰ ਵਿੱਚ ਹਨ ਜੋ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਨੂੰ ਪੁਲੀਸ ਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਸਮੁੱਚੇ ਘਟਨਾਕ੍ਰਮ ਵਿੱਚ ਉਨ੍ਹਾਂ ਦੀ ਸ਼ੱਕੀ ਭੂਮਿਕਾ ਦੀ ਜਾਂਚ ਕਰਨ ਲਈ ਵੀ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ