‘ਕਾਇਆਕਲਪ ਮੁਹਿੰਮ’ ਅਧੀਨ ਅੱਵਲ ਆਈਆਂ 14 ਸਰਕਾਰੀ ਸਿਹਤ ਸੰਸਥਾਵਾਂ ਨੂੰ ਵੰਡੇ ਪੁਰਸਕਾਰ

ਸਿਵਲ ਸਰਜਨ ਨੇ ਕਾਇਆਕਲਪ ਟੀਮਾਂ ਨੂੰ ਇਨਾਮੀ ਰਾਸ਼ੀ, ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ

ਸਾਫ਼-ਸਫ਼ਾਈ ਤੇ ਹੋਰ ਪੱਖਾਂ ਤੋਂ ਪਰਖੀਆਂ ਗਈਆਂ ਸਨ ਸਮੂਹ ਸਿਹਤ ਸੰਸਥਾਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
‘ਕਾਇਆਕਲਪ ਸਵੱਛ ਭਾਰਤ’ ਮੁਹਿੰਮ ਅਧੀਨ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਹਾਲੀ ਜ਼ਿਲ੍ਹੇ ਦੀਆਂ 14 ਸਰਕਾਰੀ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਹੋਏ ਸੂਬਾ ਪੱਧਰੀ ਪੁਰਸਕਾਰ ਵੰਡ ਸਮਾਗਮ ਮੌਕੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਸੀ।
ਵਿਸ਼ੇਸ਼ ਸਮਾਗਮ ਦੌਰਾਨ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਵੱਲੋਂ ਵੱਖ-ਵੱਖ ਪੈਮਾਨਿਆਂ ’ਤੇ ਖਰੀਆਂ ਉੱਤਰਨ ਵਾਲੀਆਂ 14 ਸਿਹਤ ਸੰਸਥਾਵਾਂ ਦੇ ਮੁਖੀਆਂ, ਸਮੁੱਚੀ ਕਾਇਆਕਲਪ ਟੀਮ ਸਮੇਤ ਪ੍ਰੋਗਰਾਮ ਦੇ ਨੋਡਲ ਅਫ਼ਸਰਾਂ ਨੂੰ ਇਨਾਮੀ ਰਾਸ਼ੀ ਦੇ ਚੈੱਕ, ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਸਿਵਲ ਸਰਜਨ ਨੇ ਇਸ ਪ੍ਰਾਪਤੀ ਲਈ ਸਿਹਤ ਅਧਿਕਾਰੀਆਂ ਅਤੇ ਸਟਾਫ਼ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਪਿਛਲੇ ਸਾਲ ਕਾਇਆਕਲਪ ਪ੍ਰੋਗਰਾਮ ਤਹਿਤ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਉਸ ਵੇਲੇ ਕੋਵਿਡ ਮਹਾਮਾਰੀ ਦਾ ਪ੍ਰਕੋਪ ਜ਼ੋਰਾਂ ’ਤੇ ਸੀ। ਉਸ ਵੇਲੇ ਸਮੁੱਚਾ ਸਿਹਤ ਅਮਲਾ ਇਸ ਬੀਮਾਰੀ ਦੇ ਖ਼ਾਤਮੇ ਲਈ ਜੱਦੋ-ਜਹਿਦ ਕਰ ਰਿਹਾ ਸੀ ਪ੍ਰੰਤੂ ਇਸ ਸਭ ਦੇ ਬਾਵਜੂਦ ਸਮੁੱਚੇ ਸਟਾਫ਼ ਖ਼ਾਸਕਰ ਸਿਹਤ ਅਧਿਕਾਰੀਆਂ ਨੇ ਕੋਵਿਡ ਡਿਊਟੀ ਦੇ ਨਾਲ-ਨਾਲ ਹਸਪਤਾਲਾਂ ਨੂੰ ਹਰ ਪੱਖੋਂ ਬਿਹਤਰ ਬਣਾਉਣ ਅਤੇ ਸਿਹਤਮੰਦ ਵਾਤਾਵਰਨ ਸਿਰਜਣ ਲਈ ਸਖ਼ਤ ਮਿਹਨਤ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ। ਜਿਸ ਸਦਕਾ ਇਸ ਪ੍ਰਾਪਤੀ ਦਾ ਸਿਹਰਾ ਸਮੂਹ ਅਧਿਕਾਰੀਆਂ ਅਤੇ ਸਮੁੱਚੇ ਸਟਾਫ਼ ਨੂੰ ਹੀ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਸਿਹਤ ਅਧਿਕਾਰੀ ਹੋਰ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹੋਏ ਮੁਹਾਲੀ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਅੱਵਲ ਲਿਆਉਣਗੇ ਤਾਂ ਜੋ ਆਮ ਲੋਕਾਂ ਨੂੰ ਸਿਹਤ ਸੰਸਥਾਵਾਂ ਵਿੱਚ ਹੋਰ ਚੰਗੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।
ਜਿਨ੍ਹਾਂ ਸਿਹਤ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਦੇ ਮੁੱਢਲਾ ਸਿਹਤ ਕੇਂਦਰ ਫੇਜ਼-1, ਫੇਜ਼-7, ਫੇਜ਼-11 ਮੁਹਾਲੀ, ਮੁੱਢਲਾ ਸਿਹਤ ਕੇਂਦਰ ਫੇਜ਼-3ਬੀ1 ਮੁਹਾਲੀ ਸਮੇਤ ਦਿਹਾਤੀ ਖੇਤਰ ਦੇ ਸਿਹਤ ਕੇਂਦਰ ਲਾਂਡਰਾਂ, ਮੁੱਢਲਾ ਸਿਹਤ ਕੇਂਦਰ ਘੜੂੰਆਂ ਤੇ ਬੂਥਗੜ੍ਹ, ਸਬ-ਡਵੀਜ਼ਨਲ ਹਸਪਤਾਲ ਖਰੜ, ਕਮਿਊਨਿਟੀ ਹੈਲਥ ਸੈਂਟਰ ਬਨੂੜ, ਲਾਲੜੂ, ਢਕੋਲੀ, ਚੰਦੋ, ਖਿਜ਼ਰਗੜ੍ਹ ਅਤੇ ਈਸਾਪੁਰ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਨੂੰ ਟਰਾਫ਼ੀ ਦੇ ਨਾਲ 50 ਹਜ਼ਾਰ ਰੁਪਏ ਤੋਂ 1 ਲੱਖ ਰੁਪਏ ਤੱਕ ਦੀ ਰਾਸ਼ੀ ਵੀ ਦਿੱਤੀ ਗਈ। ਇਕੱਲੇ ਘੜੂੰਆਂ ਹਸਪਤਾਲ ਨੂੰ ਸਭ ਤੋਂ ਵੱਧ 2 ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ ਜੋ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖ਼ਰਚੀ ਜਾਵੇਗੀ। ਇਸ ਤੋਂ ਇਲਾਵਾ ਸਮੁੱਚੀ ਕਾਇਆਕਲਪ ਟੀਮ ਨੂੰ ਨਿੱਜੀ ਤੌਰ ’ਤੇ ਮਾਣ-ਭੱਤਾ ਦਿੱਤਾ ਗਿਆ।

Load More Related Articles
Load More By Nabaz-e-Punjab
Load More In Awareness/Campaigns

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…