ਖਰੜ ਵਿੱਚ ਅਕਾਲੀ ਦਲ ਤੇ ਕਾਂਗਰਸ ਨੂੰ ਆਪਣਿਆਂ ਦੀ ਬਗਾਵਤ ਤੋਂ ਖ਼ਤਰਾਂ, ਲੋਕਾਂ ਦਾ ਆਪ ਵੱਲ ਵਧੇਰੇ ਝੁਕਾਅ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਜਨਵਰੀ:
ਖਰੜ ਵਿਧਾਨ ਸਭਾ ਹਲਕਾ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਫਤਹਿ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਹਾਲਾਂਕਿ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨੇ ਰੁੱਸਿਆਂ ਨੂੰ ਮਨਾਉਣ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਹੈ ਪਰ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਲਖਵਿੰਦਰ ਕੌਰ ਗਰਚਾ ਸਮੇਤ ਹੋਰ ਕਈ ਆਗੂਆਂ ਦੀ ਨਾਰਾਜ਼ਗੀ ਕਾਂਗਰਸ ਦੀਆਂ ਬੇੜੀਆਂ ਵਿੱਚ ਬੱਟੇ ਪਾ ਸਕਦੀ ਹੈ। ਬੀਬੀ ਗਰਚਾ ਤੇ ਉਨ੍ਹਾਂ ਦੇ ਸਮਰਥਕ ਹਾਲੇ ਤੱਕ ਸ੍ਰੀ ਕੰਗ ਦੇ ਨਾਲ ਤੁਰਨ ਲਈ ਰਾਜ਼ੀ ਨਹੀਂ ਹੋਏ ਹਨ। ਇਸੇ ਤਰ੍ਹਾਂ ਜੇਕਰ ਦੂਸਰੇ ਬੰਨੇ ਝਾਤ ਮਾਰੀਏ ਤਾਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਆਪਣੀ ਹੀ ਪਾਰਟੀ ਦੇ ਰੁੱਸੇ ਆਗੂਆਂ ਨੂੰ ਮਨਾਉਣ ਵਿੱਚ ਉਲਝੇ ਹੋਏ ਨਜ਼ਰ ਆ ਰਹੇ ਹਨ ਅਤੇ ਸੀਨੀਅਰ ਆਗੂਆਂ ਦੀ ਨਾਰਾਜ਼ਗੀ ਉੜਨ੍ਹਾਂ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ।
ਉਧਰ, ਅਕਾਲੀ-ਭਾਜਪਾ ਅਤੇ ਕਾਂਗਰਸ ਵਿੱਚ ਆਪਣਿਆਂ ਦੀ ਬਗਾਵਤ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੰਵਰ ਸੰਧੂ ਨੂੰ ਹੋ ਸਕਦਾ ਹੈ। ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਬੜਾ ਸਖ਼ਤ ਤੇ ਰੌਚਕ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜ਼ਿਆਦਾਤਰ ਵੋਟਰਾਂ ਨੇ ਚੁੱਪੀ ਧਾਰ ਰੱਖੀ ਹੈ। ਜੇ ਚੋਣ ਮੁਹਿੰਮ ਦੀ ਗੱਲ ਕਰੀਏ ਤਾਂ ‘ਆਪ’ ਦੇ ਵਰਕਰਾਂ ਨੇ ਜਿਥੇ ਲਗਭਗ ਦੋ ਵਾਰ ਘਰ-ਘਰ ਵੋਟਰਾਂ ਨਾਲ ਸਿੱਧਾ ਸੰਪਰਕ ਕਰਨ ਵਿੱਚ ਸਭ ਤੋਂ ਅੱਗੇ ਹੈ, ਉਥੇ ਉਂਜ ਵੀ ਐਤਕੀਂ ਸਥਾਨਕ ਲੋਕਾਂ ਦਾ ਆਪ ਪ੍ਰਤੀ ਵਧੇਰੇ ਝੁਕਾਅ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸੀ ਉਮੀਦਵਾਰ ਤੇ ਵਰਕਰ ਵੀ ਇੱਕ ਗੇੜਾ ਘਰ-ਘਰ ਲਾ ਚੁੱਕੇ ਹਨ। ਜਦੋਂ ਕਿ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਗਿੱਲ ਨੂੰ ਅਕਾਲੀ ਦਲ ਵਿੱਚ ਆਪਸੀ ਫੁੱਟ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜਿਸ ਕਾਰਨ ਉਹ ਚੋਣ ਪ੍ਰਚਾਰ ਵਿੱਚ ਕਾਫੀ ਪਿੱਛੇ ਚਲ ਰਹੇ ਹਨ।
ਰਣਜੀਤ ਗਿੱਲ ਦੀ ਅਜੇ ਤਾਈਂ ਬਾਗੀਆਂ ਦੇ ਚੱਕਰਵਿਊ ਵਿੱਚ ਫਸੇ ਦਿਖਾਈ ਦੇ ਰਹੇ ਹਨ ਜਦੋਂ ਕਿ ਆਮ ਵਰਕਰ, ਵੋਟਰ ਅਤੇ ਲੋਕ ਉਨ੍ਹਾਂ ਦੀ ਪਹੁੰਚ ਤੋਂ ਕਾਫੀ ਦੂਰ ਜਾਪਦੇ ਹਨ। ਜਿਸ ਦਾ ਖਮਿਆਜਾ ਉਨ੍ਹਾਂ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ, ਨਾਲ ਹੀ ਅਜੇ ਤੱਕ ਜਥੇਦਾਰ ਉਜਾਗਰ ਸਿੰਘ ਬਡਾਲੀ ਦਾ ਉਨ੍ਹਾਂ ਦੇ ਹੱਕ ਵਿੱਚ ਨਾ ਤੁਰਨਾ ਵੀ ਕਾਫੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਆਗੂਆਂ ਦਾ ਹਲਕੇ ਵਿੱਚ ਅਪਣਾ ਨਿੱਜੀ ਵੋਟ ਬੈਂਕ ਹੈ। ਇਥੇ ਗੱਲ ਹਲਕੇ ਦੇ ਸ਼ਹਿਰ ਕੁਰਾਲੀ ਵਿੱਚ ਬਣੇ ਓਵਰਬ੍ਰਿਜ ਦੀ ਕਰੀਏ ਤਾਂ ਉਸ ਦਾ ਨੁਕਸਾਨ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਅਗਰ 10 ਸਾਲ ਪਹਿਲਾਂ ਕੁਰਾਲੀ ਬਾਈਪਾਸ ਬਣਾ ਦਿੱਤਾ ਜਾਂਦਾ ਤਾਂ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਣ ਤੋਂ ਬਚ ਜਾਂਦਾ ਤੇ ਨਾਲ ਹੀ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ ਤੇ ਨਾਲ ਹੀ ਸਿਸਵਾਂ ਰੋਡ ਤੇ ਪਿੰਡ ਬੜੌਦੀ ਨੇੜੇ ਬਣੇ ਟੋਲ ਪਲਾਜ਼ਾ ਦਾ ਨੁਕਸਾਨ ਦੋਵੋਂ ਪਾਰਟੀਆਂ ਨੂੰ ਉਠਾਉਣਾ ਪਵੇਗਾ।
ਕੁਰਾਲੀ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਵਿੱਚ ਲੋਕ ਮੁੱਢਲੀਆਂ ਸਿਹਤ ਸਹੂਲਤਾਂ ਨਾ ਮਿਲਣਾ ਵੀ ਦੋਨੋ ਪਾਰਟੀਆਂ ਤੋਂ ਸਖ਼ਤ ਨਾਰਾਜ਼ ਦਿਖਾਈ ਦੇ ਰਹੇ ਹਨ। ਕੁਲ ਮਿਲਾ ਕੇ ਕੁਰਾਲੀ ਸ਼ਹਿਰ ਅਤੇ ਨੇੜਲੇ ਇਲਾਕੇ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ‘ਆਪ’ ਵੱਲੋਂ ਸਿੱਧੀ ਟੱਕਰ ਮਿਲ ਰਹੀ ਹੈ ਕਿਉਂਕਿ ਲੋਕ ਹੁਣ ਵੱਡੇ ਇੱਕ ਬਦਲਾਅ ਦੇ ਰੂਪ ਵਿੱਚ ‘ਆਪ’ ਨਾਲ ਤੁਰਦੇ ਦਿਸ ਰਹੇ ਹਨ। ਇਨ੍ਹਾਂ ਮੁੱਦਿਆਂ ’ਤੇ ਲੋਕਾਂ ਦੀ ਰਾਏ ਅਨੁਸਾਰ ਪਿਛਲੇ 70 ਸਾਲਾਂ ਤੋਂ ਵਾਰੀ ਵਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਨੁਮਾਇੰਦੇ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇਣ ਦੀ ਥਾਂ ਕੇਵਲ ਤੇ ਕੇਵਲ ਗਲੀਆਂ-ਨਾਲੀਆਂ ਅਤੇ ਸੜਕਾਂ ਬਣਾਉਣ ਦੇ ਕੰਮ ਨੂੰ ਵਿਕਾਸ ਦੱਸ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…