ਐਨਆਰਆਈ ਤੇ ਹੋਰ ਪੀੜਤਾਂ ਵੱਲੋਂ ਸਿਰ ’ਤੇ ਕਫ਼ਨ ਬੰਨ੍ਹ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ

ਪੀੜਤ ਪਰਿਵਾਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਮੁੱਖ ਚੋਣ ਕਮਿਸ਼ਨਰ ਅਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 6 ਮਈ:
ਮੁਹਾਲੀ ਦੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂਕਿ ਪਿਛਲੇ ਦੋ ਦਹਾਕੇ ਤੋਂ ਇਨਸਾਫ਼ ਲਈ ਦਰਦਰ ਦੀਆਂ ਠੋਕਰਾਂ ਖਾ ਰਹੀ ਇੱਕ ਬਜ਼ੁਰਗ ਐਨਆਰਆਈ ਜੋਗਿੰਦਰ ਕੌਰ ਸੰਧੂ ਅਤੇ ਕੁੱਝ ਹੋਰ ਪੀੜਤ ਪਰਿਵਾਰਾਂ ਦੀਆਂ ਅੌਰਤਾਂ ਅਤੇ ਪੁਰਸ਼ਾਂ ਨੇ ਆਪਣੇ ਸਿਰਾਂ ’ਤੇ ਕਫ਼ਨ ਬੰਨ੍ਹ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਚਾਲੇ ਪਾ ਦਿੱਤੇ। ਪੰਜਾਬ ਸਰਕਾਰ ਅਤੇ ਪੁਲੀਸ ਵਧੀਕੀਆਂ ਤੋਂ ਪੀੜਤ ਪਰਿਵਾਰ ਪਹਿਲਾਂ ਸਵੇਰੇ 11 ਵਜੇ ਮੁਹਾਲੀ ਦੇ ਫੇਜ਼-7 ਸਥਿਤ ਐਸਸੀ\ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੇ ਮੁੱਦੇ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਵਾਲੀ ਥਾਂ ਇਕੱਠੇ ਹੋਏ। ਇੱਥੇ ਪੀੜਤ ਪਰਿਵਾਰਾਂ ਨੇ ਆਮ ਲੋਕਾਂ ਅਤੇ ਮੀਡੀਆ ਨੂੰ ਆਪਬੀਤੀ ਦੱਸੀ ਅਤੇ ਹੁਕਮਰਾਨਾਂ ਨੂੰ ਗੂੜੀ ਨੀਂਦ ਜਗਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਇਸ ਉਪਰੰਤ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਅਤੇ ਡੀਜੀਪੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਵੱਲ ਚਾਲੇ ਪਾ ਦਿੱਤੇ। ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਸਤੇ ਵਿੱਚ ਡੀਐਸਪੀ ਮਨਮੀਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਪੀੜਤਾਂ ਦੀ ਗੱਲ ਸੁਣੀ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਪੀੜਤ ਪਰਿਵਾਰਾਂ ਦੀ ਡੀਜੀਪੀ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪੀੜਤ ਪਰਿਵਾਰ ਆਪਣੇ ਘਰਾਂ ਨੂੰ ਪਰਤ ਗਏ।
ਪੀੜਤ ਐਨਆਰਆਈ ਜੋਗਿੰਦਰ ਕੌਰ ਸੰਧੂ ਨੇ ਕਿਹਾ ਕਿ ਬਦਮਾਸ਼ਾਂ ਨੇ ਉਸ ਦੀ ਜਾਇਦਾਦ ’ਤੇ ਨਾਜਾਇਜ਼ ਕਰਜ਼ਾ ਕੀਤਾ ਹੋਇਆ ਹੈ। ਉਹ 21 ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੀ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਡੀਜੀਪੀ ਅਤੇ ਏਡੀਜੀਪੀ ਦਫ਼ਤਰਾਂ ਦੇ ਗੇੜੇ ਲਗਾ ਕੇ ਥੱਕ ਚੁੱਕੀ ਹੈ। ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਪੁਲੀਸ ਵਧੀਕੀਆਂ ਦੇ ਕਈ ਮਾਮਲੇ ਚੁੱਕਦਿਆਂ ਕਿਹਾ ਕਿ ਸਰਕਾਰ ਨੇ ਇਨਸਾਫ਼ ਤਾਂ ਕੀ ਦੇਣਾ ਸੀ, ਉਲਟਾ ਲੋਕਾਂ ਦੀ ਜ਼ੁਬਾਨ ਬੰਦ ਕਰਵਾਉਣ ਲਈ ਧਰਨਾਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਬਲਦੇਵ ਕ੍ਰਿਸ਼ਨ ਵਾਸੀ ਕੁੰਭੜਾ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਉਸਦੀ ਪਤਨੀ ਸੁਨੀਤਾ ਸ਼ਰਮਾ 11 ਸਾਲਾਂ ਤੋਂ ਇਨਸਾਫ਼ ਮੰਗ ਰਹੀ ਹੈ ਪ੍ਰੰਤੂ ਹੁਣ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਨਿਰਦੋਸ਼ ਸਾਬਤ ਕਰ ਦਿੱਤਾ ਹੈ।
ਭਾਜਪਾ ਆਗੂ ਜਸਵੀਰ ਕੌਰ ਅਤੇ ਉਸ ਦੇ ਪਤੀ ਸਾਬਕਾ ਸਬ ਇੰਸਪੈਕਟਰ ਗੁਲਜ਼ਾਰ ਸਿੰਘ ਖੰਨਾ ਨੇ ਕਿਹਾ ਕਿ ਜਾਤੀ ਸੂਚਕ ਸ਼ਬਦ ਬੋਲ ਕੇ ਜ਼ਲੀਲ ਕਰਨ ਦੇ ਮਾਮਲੇ ਵਿੱਚ ਪੁਲੀਸ ਬਣਦੀ ਕਾਰਵਾਈ ਤੋਂ ਭੱਜ ਰਹੀ ਹੈ। ਇਸੇ ਤਰ੍ਹਾਂ ਗੋਹਲਾ ਪਤਨੀ ਦਰਸ਼ਨ ਲਾਲ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਸਾਬਕਾ ਸਬ ਇੰਸਪੈਕਟਰ ਰਣਜੀਤ ਸਿੰਘ ਖੰਨਾ, ਅਜੈਬ ਸਿੰਘ ਬਠੋਈ ਅਤੇ ਸ਼ਵਿੰਦਰ ਸਿੰਘ ਲੱਖੋਵਾਲ ਨੇ ਵੀ ਆਪਬੀਤੀ ਦੱਸੀ।
ਇਸ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਬੀਬੀ ਗੁਰਨਾਮ ਕੌਰ, ਇਕਬਾਲ ਸਿੰਘ ਸਾਬਕਾ ਸਰਪੰਚ, ਚਰਨਜੀਤ ਚੰਨੀ, ਬਲਬੀਰ ਸਿੰਘ, ਵੇਦ ਪ੍ਰਕਾਸ਼, ਬੱਗਾ ਸਿੰਘ, ਅਮਰੀਕ ਸਿੰਘ, ਗੁਰਮੁੱਖ ਸਿੰਘ, ਬਲਪ੍ਰੀਤ ਸਿੰਘ, ਸਵਰਨਜੀਤ ਕੌਰ, ਸੋਨੂੰ ਕੁਮਾਰ, ਹਰਪਾਲ ਸਿੰਘ, ਅਮਰੀਕ ਸਿੰਘ ਮੁਹਾਲੀ, ਕਰਮਜੀਤ ਸਿੰਘ, ਮਨਦੀਪ ਸਿੰਘ, ਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…