ਚੋਣ ਪ੍ਰਚਾਰ ’ਤੇ ਖਰਚ ਕੀਤੇ ਗਏ ਪੈਸੇ ਪੈਸੇ ਦਾ ਹਿਸਾਬ ਲਾਜ਼ਮੀ: ਸ਼ਿਲਪੀ ਸਿਨਹਾ

ਡੀਸੀ ਨੇ ਚੋਣ ਖਰਚਾ ਨਿਗਰਾਨ ਨੂੰ ਚੋਣ ਖਰਚੇ ਦੀ ਨਿਗਰਾਨੀ ਲਈ ਕੀਤੇ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ, ਮੁਹਾਲੀ, 8 ਮਈ:
ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਨਿਯੁੱਕਤ ਚੋਣ ਖਰਚਾ ਨਿਗਰਾਨ ਸ੍ਰੀਮਤੀ ਸ਼ਿਲਪੀ ਸਿਨਹਾ (ਭਾਰਤੀ ਡਾਕ ਅਤੇ ਦੂਰਸੰਚਾਰ ਲੇਖਾ ਅਤੇ ਵਿੱਤ ਸੇਵਾ) ਨੇ ਅੱਜ ਲੋਕ ਸਭਾ ਚੋਣਾਂ ਦੌਰਾਨ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਸਿਆਸੀ ਪ੍ਰਚਾਰ ਮੁਹਿੰਮ ’ਤੇ ਖਰਚ ਕੀਤੇ ਗਏ ਹਰ ਪੈਸੇ ਦਾ ਹਿਸਾਬ ਸ਼ੈਡੋ ਖ਼ਰਚਾ ਰਜਿਸਟਰਾਂ ਵਿੱਚ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਚੋਣ ਖਰਚੇ ਦੀ ਨਿਗਰਾਨੀ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਪਹਿਲੀ ਸਮੀਖਿਆ ਮੀਟਿੰਗ ਕਰਦੇ ਹੋਏ ਚੋਣ ਖਰਚਾ ਨਿਗਰਾਨ ਨੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਕੱਲ੍ਹ ਸ਼ੁਰੂ ਹੋ ਚੁੱਕੀ ਹੈ, ਇਸ ਲਈ ਨਾਮਜ਼ਦਗੀਆਂ ਭਰਨ ਤੋਂ ਬਾਅਦ ਚੋਣ ਖਰਚੇ ਦਾ ਜ਼ਿੰਮਾ ਜੋ ਪਹਿਲਾਂ ਸਿਆਸੀ ਪਾਰਟੀ ‘ਤੇ ਸੀ, ਹੁਣ ਤੋਂ ਉਮੀਦਵਾਰ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣ ਖਰਚਿਆਂ ਦੀ ਨਿਗਰਾਨੀ ਇਹ ਯਕੀਨੀ ਬਣਾਏਗੀ ਕਿ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਦੀ ਦੁਰਵਰਤੋਂ ਨਾ ਹੋਵੇ।
ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਚੋਣ ਖਰਚਾ ਨਿਗਰਾਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਖਰਚੇ ਦੀ ਨਿਗਰਾਨੀ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 9-9 ਸਟੈਟਿਕ ਸਰਵੇਲੈਂਸ ਟੀਮਾਂ (ਐਸਐਸਟੀ) ਅਤੇ ਫਲਾਇੰਗ ਸਕੁਐਡ ਟੀਮਾਂ (ਐਫ਼ਐਸਟੀ) ਤਾਇਨਾਤ ਕਰਨ ਤੋਂ ਇਲਾਵਾ, ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ ਤੋਂ ਚਾਰ ਵੀਡੀਓ ਨਿਗਰਾਨੀ ਟੀਮਾਂ (ਵੀ ਐਸ ਟੀ) ਅਤੇ ਤਿੰਨ ਵੀਡੀਓ ਦੇਖਣ ਵਾਲੀਆਂ ਟੀਮਾਂ, ਇੱਕ-ਇੱਕ ਸਹਾਇਕ ਖਰਚਾ ਨਿਗਰਾਨ (ਇਨਕਮ ਟੈਕਸ ਅਫਸਰ) ਅਤੇ ਇੱਕ ਸਹਾਇਕ ਲੇਖਾ ਟੀਮ ਵੀ ਹਰੇਕ ਹਲਕੇ ਵਿੱਚ ਕੰਮ ਕਰ ਰਹੀ ਹੈ। ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੂੰ ਇਨ੍ਹਾਂ ਖਰਚਾ ਨਿਗਰਾਨ ਟੀਮਾਂ ਦਾ ਨੋਡਲ ਅਫਸਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਵਿੱਚ ਵਿੱਤੀ ਮਾਮਲਿਆਂ ਵਿੱਚ ਮੁਹਾਰਤ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚਿਆਂ ਨੂੰ ਬੁੱਕ ਕਰਨ ਲਈ ਸ਼ੈਡੋ ਅਬਜ਼ਰਵੇਸ਼ਨ ਰਜਿਸਟਰ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰਜਿਸਟਰਾਂ ਦੀ ਤੁਲਨਾ ਨਿਯਮਤ ਅੰਤਰਾਲਾਂ ’ਤੇ ਉਮੀਦਵਾਰਾਂ ਦੁਆਰਾ ਤਿਆਰ ਰਜਿਸਟਰਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਰਚਾ ਨਿਗਰਾਨ ਟੀਮਾਂ ਦੇ ਕੰਮਕਾਜ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਰਾਹੀਂ ਉਮੀਦਵਾਰਾਂ ਵੱਲੋਂ ਵੱਖ-ਵੱਖ ਮੀਡੀਆ ਵਿੱਚ ਪਾਏ ਜਾਣ ਵਾਲੇ ਇਸ਼ਤਿਹਾਰਾਂ ਦੀ ਵੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਠੇਕਿਆਂ ਅਤੇ ਡਿਸਟਿਲਰੀਆਂ, ਬਰੂਅਰੀ ਅਤੇ ਬੋਟਲਿੰਗ ਪਲਾਂਟਾਂ ਰਾਹੀਂ ਸ਼ਰਾਬ ਦੀ ਵਿਕਰੀ, ਸਟੋਰੇਜ ਅਤੇ ਨਿਰਮਾਣ ਸੀਸੀਟੀਵੀ ਨਿਗਰਾਨੀ ਅਧੀਨ ਹੈ।
ਐਸਐਸਪੀ ਸੰਦੀਪ ਗਰਗ ਨੇ ਅਬਜ਼ਰਵਰ ਨੂੰ ਸ਼ਰਾਬ, ਕੀਮਤੀ ਸਮਾਨ ਅਤੇ ਨਸ਼ੀਲੇ ਪਦਾਰਥਾਂ ‘ਤੇ ਸਖ਼ਤੀ ਨਾਲ ਰੋਕ ਲਗਾਉਣ ਲਈ ਗਸ਼ਤ ਅਤੇ ਹੋਰ ਕਾਰਵਾਈਆਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਐੱਨ ਡੀ ਪੀ ਐੱਸ ਤਹਿਤ 52, ਅਸਲਾ ਐਕਟ ਤਹਿਤ 13 ਅਤੇ ਆਬਕਾਰੀ ਐਕਟ ਤਹਿਤ 50 ਐੱਫ.ਆਈ.ਆਰ. ਕਰਕੇ 146 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪੁਲੀਸ, ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਵਿੱਚ ਰਹਿ ਕੇ ਕਿਸੇ ਵੀ ਵਿਅਕਤੀ ਨੂੰ ਵੋਟਰਾਂ ਨੂੰ ਕਿਸੇ ਉਮੀਦਵਾਰ ਜਾਂ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਭਰਮਾਉਣ ਜਾਂ ਡਰਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਮੌਕੇ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਨਗਰ ਨਿਗਮ ਦੇ ਕਮਿਸ਼ਨਰ ਡਾ. ਨਵਜੋਤ ਕੌਰ, ਏਡੀਸੀ (ਡੀ) ਸ੍ਰੀਮਤੀ ਸੋਨਮ ਚੌਧਰੀ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸਡੀਐਮ ਦੀਪਾਂਕਰ ਗਰਗ, ਐਸਡੀਐਮ ਖਰੜ ਗੁਰਮੰਦਰ ਸਿੰਘ ਅਤੇ ਐਸਪੀ (ਐੱਚ) ਤੁਸ਼ਾਰ ਗੁਪਤਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…