ਮੁਹਾਲੀ ਪੁਲੀਸ ਵੱਲੋਂ ਲੜਕੀਆਂ ਪੇਸ਼ ਕਰਨ ਦੀ ਸਰਵਿਸ ਦੇਣ ਬਹਾਨੇ ਲੋਕਾਂ ਨੂੰ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼, 5 ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਮੁਹਾਲੀ ਪੁਲੀਸ ਨੇ ਲੜਕੀਆਂ ਪੇਸ਼ ਕਰਨ ਦੀ ਸਰਵਿਸ ਦੇਣ ਦੇ ਬਹਾਨੇ ਲੋਕਾਂ ਨੂੰ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਕੀਤਾ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਜਾਂਦੀ ਇਕ ਕਾਰ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਵਿਸ਼ਾਂਤ ਚੌਧਰੀ ਵਾਸੀ ਜ਼ਿਲ੍ਹਾ ਕੈਥਲ, ਹਰਿਆਣਾ (ਹਾਲ ਵਾਸੀ ਸੈਕਟਰ-51 ਚੰਡੀਗੜ੍ਹ) ਅਤੇ ਦੇਵੀ ਲਾਲ ਵਾਸੀ ਸੋਨੀਪਤ (ਹਰਿਆਣਾ) ਹਾਲ ਵਾਸੀ ਸੈਕਟਰ-14ਏ (ਪੰਚਕੂਲਾ) ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 12 ਜੁਲਾਈ ਨੂੰ ਉਹ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਕਾਰ ਵਿੱਚ ਸਵਾਰ ਹੋ ਕੇ ਮੁਹਾਲੀ ਆਏ ਸਨ। ਜਿਸ ਦੌਰਾਨ ਉਸ ਦੇ ਦੋਸਤ ਹੈਪੀ ਨੇ ਪਹਿਲਾਂ ਆਪਣੇ ਮੋਬਾਈਲ ਤੋਂ ਜਸਟ ਡਾਇਲ ’ਤੇ ਐਸਕਾਰਟ ਸਰਵਿਸ ਦਾ ਨੰਬਰ ਡਾਇਲ ਕੀਤਾ ਅਤੇ ਫਿਰ ਫੋਨ ਕੱਟ ਦਿੱਤਾ। ਕੁਝ ਸਮੇਂ ਬਾਅਦ ਹੈਪੀ ਦੇ ਵਟਸਐਪ ਨੰਬਰ ’ਤੇ ਕੁਝ ਮੈਸਿਜ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਵਿੱਚ ਲਿਖਿਆ ਸੀ ਸਰ, ਕੀ ਤੁਹਾਨੂੰ ਸਰਵਿਸ ਚਾਹੀਦੀ ਹੈ। ਇਸਦੇ ਨਾਲ ਹੀ 5-6 ਲੜਕੀਆਂ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ।
ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਇਸ ਉਪਰੰਤ ਇੱਕ ਲੜਕੀ ਦੀ ਕਾਰ ਦੀ ਪਿਛਲੀ ਸੀਟ ’ਤੇ ਬੈਠ ਗਈ। ਲੜਕੀ ਨੇ ਉਸਦੇ ਦੋਸਤ ਤੋਂ 6 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਉਸਦੇ ਦੋਸਤ ਵੱਲੋਂ ਪੈਸੇ ਨਾ ਦੇਣ ਕਾਰਨ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ। ਇਸ ਉਪਰੰਤ ਲੜਕੀ ਨੇ ਆਪਣੇ ਦੋਸਤ ਬਲਕਾਰ ਸਿੰਘ ਵਾਸੀ ਦਿੜ੍ਹਬਾ (ਸੰਗਰੂਰ) ਨੂੰ ਫੋਨ ਕਰਕੇ ਸੱਦ ਲਿਆ। ਬਲਕਾਰ ਸਿੰਘ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਫੇਜ਼-7 ਅਤੇ ਫੇਜ਼-8 ਲਾਲ ਬੱਤੀ ਪੁਆਇੰਟ ਨੇੜੇ ਉਨ੍ਹਾਂ ਦੀ ਕਾਰ ਅੱਗੇ ਆਪਣੀ ਕਾਰ ਲਗਾ ਕੇ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਕਤ ਵਿਅਕਤੀ ਉਸ ਤੋਂ ਦੋ ਫੋਨ ਖੋਹ ਕੇ ਫਰਾਰ ਹੋ ਗਏ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਉਕਤ ਵਿਅਕਤੀ ਐਸਕੋਰਟ ਸਰਵਿਸ ਦੇ ਨਾਮ ’ਤੇ ਆਮ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ ਅਤੇ ਉਨ੍ਹਾਂ ਤੋਂ ਨਗਦੀ ਲੁੱਟਦੇ ਹਨ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 379ਬੀ, 323, 341, 506, 148, 149 ਤਹਿਤ ਕੇਜ ਦਰਜ ਕੀਤਾ ਗਿਆ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਅਮਰਨਾਥ ਨੇ ਪਿੰਡ ਕੁੰਭੜਾ ਪਹੁੰਚ ਕੇ ਬਲਕਾਰ ਸਿੰਘ, ਇਨਸਾਫ਼ ਸਿੰਘ ਅਤੇ ਇੱਕ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਬਲਕਾਰ ਸਿੰਘ ਕੋਲੋਂ ਸੈਮਸੰਗ ਕੰਪਨੀ ਦਾ ਮੋਬਾਈਲ ਵੀ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਇਨਸਾਫ਼ ਸਿੰਘ ਦੀ ਨਿਸ਼ਾਨਦੇਹੀ ’ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂਆਂ (ਤਰਨ ਤਾਰਨ) ਜੋ ਮੌਜੂਦਾ ਸਮੇਂ ਵਿੱਚ ਕੁੰਭੜਾ ਦੇ ਪੀਜੀ ਵਿੱਚ ਰਹਿੰਦਾ ਹੈ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਗੁਰਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਸਵੀਟੀ ਵਾਸੀ ਪਿੰਡ ਕੁੰਭੜਾ ਜੋ ਇੱਥੇ ਪੀਜੀ ਵਿੱਚ ਰਹਿੰਦਾ ਸੀ, ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਇਨ੍ਹਾਂ ਦੇ ਦੋ ਹੋਰ ਸਾਥੀ ਵਿਸ਼ਾਲ ਗਿੱਲ ਅਤੇ ਰਾਹੁਲ ਉਰਫ਼ ਪੰਡਿਤ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…