ਨਸ਼ਾ ਤਸਕਰੀ: ਮੁਹਾਲੀ ਪੁਲੀਸ ਵੱਲੋਂ ਨਾਇਜੀਰੀਅਨ ਅੌਰਤ 1 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਫੇਜ਼-7 ਦੇ ਪਾਰਕ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਆਈ ਸੀ ਨਾਇਜੀਰੀਅਨ ਅੌਰਤ

ਮੁਹਾਲੀ ਪੁਲੀਸ ਨੇ ਗੁਪਤ ਸੂਚਨਾ ਮਿਲਣ ’ਤੇ ਛਾਪੇਮਾਰੀ ਕਰਕੇ ਪਾਈ ਮੁਲਜ਼ਮ ਅੌਰਤ ਦੀ ਗ੍ਰਿਫ਼ਤਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਮੁਹਾਲੀ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇਕ ਨਾਇਜੀਰੀਅਨ ਅੌਰਤ ਨੂੰ ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਅਤੇ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਮੁਹਾਲੀ ਜ਼ਿਲ੍ਹੇ ਵਿੱਚ ਦਿਨ ਅਤੇ ਰਾਤ ਸਮੇਂ ਪੈਟਰੋਲਿੰਗ ਪਾਰਟੀਆਂ ਅਤੇ ਗਸ਼ਤ ਡਿਊਟੀ ਲਗਾਈਆਂ ਗਈਆਂ ਹਨ। ਸਮੁੱਚੇ ਜ਼ਿਲ੍ਹੇ ਅੰਦਰ ਸ਼ਿਫ਼ਟਾਂ ਵਿੱਚ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨਾਇਜੀਰੀਅਨ ਅੌਰਤ ਆਪਣੇ ਗਾਹਕਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਫੇਜ਼-7 ਦੇ ਪਾਰਕ ਵਿੱਚ ਆ ਰਹੀ ਹੈ। ਸੂਚਨਾ ਮਿਲਣ ’ਤੇ ਡੀਐਸਪੀ (ਸਿਟੀ-1) ਸੁਖਨਾਜ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਪਾਰਕ ਵਿੱਚ ਛਾਪੇਮਾਰੀ ਕਰਕੇ ਇਕ ਫੇਥ ਨਾਂਅ ਦੀ ਨਾਇਜੀਰੀਅਨ ਅੌਰਤ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਅੌਰਤ ਦੇ ਖ਼ਿਲਾਫ਼ ਮਟੌਰ ਥਾਣਾ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਹੈਰੋਇਨ ਤਸਕਰੀ ਦਾ ਧੰਦਾ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। ਮੁਲਜ਼ਮ ਦੇ ਦੱਸਣ ਅਨੁਸਾਰ ਉਹ ਦਿੱਲੀ ਤੋਂ ਸਸਤੇ ਭਾਅ ’ਤੇ ਹੈਰੋਇਨ ਲਿਆ ਕੇ ਮੁਹਾਲੀ ਅਤੇ ਖਰੜ ਖੇਤਰ ਵਿੱਚ ਮਹਿੰਗੇ ਭਾਅ ਵਿੱਚ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅੌਰਤ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦੀ ਪੈੜ ਨੱਪੀ ਜਾ ਸਕੇ।
ਐਸਐਸਪੀ ਮਾਹਲ ਨੇ ਦੱਸਿਆ ਐਨਡੀਪੀਐਸ ਐਕਟ ਤਹਿਤ ਹੁਣ ਤੱਕ 40 ਪਰਚੇ ਦਰਜ ਕਰਕੇ 58 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਨਸ਼ਾ ਤਸਕਰਾ ਤੋਂ 1,83,343 ਨਸ਼ੀਲੀਆਂ ਗੋਲੀਆਂ, 5.50 ਕਿੱਲੋ ਅਫ਼ੀਮ, 1.739 ਕਿੱਲੋ ਹੈਰੋਇਨ ਅਤੇ 159 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਐਕਸਾਈਜ਼ ਐਕਟ ਤਹਿਤ 61 ਪਰਚੇ ਦਰਜ ਕਰਕੇ 74 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 25 ਹਜ਼ਾਰ ਲੀਟਰ ਈਐੱਨਏ ਅਤੇ 2817 ਲੀਟਰ ਸ਼ਰਾਬ ਕਬਜ਼ੇ ਵਿੱਚ ਲਈ ਗਈ ਹੈ। ਐਸਐਸਪੀ ਨੇ ਦੱਸਿਆ ਕਿ ਅਸਲਾ ਐਕਟ ਤਹਿਤ 7 ਕੇਸ ਦਰਜ ਕਰਕੇ ਸੱਤ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 5 ਪਿਸਤੌਲ, 13 ਜ਼ਿੰਦਾ ਰੌਂਦ, 1 ਰਾਈਫ਼ਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦੌਰਾਨ ਪੁਲੀਸ ਨੇ 30 ਭਗੌੜੇ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਸਫਲ ਹਾਸਲ ਕੀਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…