ਆਪ ਦੀ ਸੀਨੀਅਰ ਮਹਿਲਾ ਯਾਮਨੀ ਗੋਮਰ ਸਮੇਤ ਕਈ ਅਕਾਲੀ ਤੇ ਭਾਜਪਾ ਆਗੂ ਕਾਂਗਰਸ ਵਿੱਚ ਸ਼ਾਮਲ

ਨਸ਼ਾਖੋਰੀ: ਮਜੀਠੀਆ ਤੇ ਬਾਦਲਾਂ ਸਮੇਤ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜ਼ੇਲ੍ਹ ਵਿੱਚ ਡੱਕਿਆ ਜਾਵੇਗਾ: ਕੈਪਟਨ

ਖਰੜ ਵਿੱਚ ਆਪ ਦੇ ਉਮੀਦਵਾਰ ਕੰਵਰ ਸੰਧੂ ਨੂੰ ਢਾਹੁਣ ਲਈ ਜਗਮੋਹਨ ਸਿੰਘ ਕੰਗ ਨੂੰ ਟਿਕਟ ਦਿੱਤੀ: ਕੈਪਟਨ ਅਮਰਿੰਦਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਹੁਕਮਰਾਨਾਂ ਨੂੰ ਲਲਕਾਰਦਿਆਂ ਐਲਾਨ ਕੀਤਾ ਹੈ ਕਿ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਬਾਦਲਾਂ ਤੇ ਹੋਰ ਅਕਾਲੀ ਆਗੂਆਂ ਵਿਰੁੱਧ ਦੋਸ਼ ਸਾਬਤ ਹੋਣ ’ਤੇ ਇਨ੍ਹਾਂ ਸਾਰੇ ਆਗੂਆਂ ਨੂੰ ਸਭ ਤੋਂ ਪਹਿਲਾਂ ਜੇਲ੍ਹ ਵਿੱਚ ਡੱਕਿਆ ਜਾਵੇਗਾ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ ਦਲ ’ਚੋਂ ਬਾਹਰ ਕੱਢਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇਗਾ। ਇਸ ਮੌਕੇ ਆਪ ਦੀ ਸੀਨਅਰ ਮਹਿਲਾ ਆਗੂ ਯਾਮਨੀ ਗੋਮਰ ਸਮੇਤ ਕਮਲਜੀਤ ਸਿੰਘ ਕੜਵਲ ਅਤੇ ਕਈ ਅਕਾਲੀ, ਆਪ ਤੇ ਭਾਜਪਾ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਤੋਂ ਲੈ ਕੇ ਨਸ਼ਿਆਂ ਤੱਕ ਅਤੇ ਰੇਤਾ-ਬਜਰੀ, ਕੇਬਲ ਟੀ.ਵੀ, ਸ਼ਰਾਬ ਆਦਿ ਕੋਈ ਵੀ ਕਾਰੋਬਾਰ ਅਜਿਹਾ ਨਹੀਂ ਬੱਚਿਆ ਹੈ। ਜਿਸ ’ਤੇ ਅਕਾਲੀਆਂ ਨੇ ਆਪਣੇ ਵਿਸ਼ੇਸ਼ ਹਿੱਤਾਂ ਨੂੰ ਵਾਧਾ ਦੇਣ ਲਈ ਕੰਟਰੋਲ ਨਹੀਂ ਕੀਤਾ। ਉਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਇਨ੍ਹਾਂ ਸਾਰਿਆਂ ਮਾਫੀਆਵਾਂ ਦਾ ਤੁਰੰਤ ਖਾਤਮਾ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜ਼ੂਦ ਸਨ।
ਬਤੌਰ ਮੁੱਖ ਮੰਤਰੀ ਉਨ੍ਹਾਂ ਦੀ ਪਿਛਲੀ ਸਰਕਾਰ ਵੱਲੋਂ ਸੂਬੇ ਅੰਦਰ ਸਾਰੀਆਂ ਭਰਤੀਆਂ ਤੇ ਨਿਯੁਕਤੀਆਂ ’ਤੇ ਰੋਕ ਲਗਾਉਣ ਸਬੰਧੀ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਬਾਦਲ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ ਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਉਪਰ ਕਾਂਗਰਸ ਖਿਲਾਫ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ। ਕੈਪਟਨ ਅਮਰਿੰਦਰ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਤੇ ਆਪ ਗਲਤ ਪ੍ਰਚਾਰ ਦੀ ਮੁਹਿੰਮ ਹੇਠ, ਲੋਕਾਂ ਨੂੰ ਗੁੰਮਰਾਹ ਕਰਨ ਦੀਆ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਨੇ ਇਹ ਸੱਭ ਕਾਂਗਰਸ ਪ੍ਰਤੀ ਲੋਕਾਂ ਦੇ ਵੱਧ ਰਹੇ ਦੇ ਸਮਰਥਨ ਦਾ ਮੁਕਾਬਲਾ ਕਰਨ ’ਚ ਅਸਫਲ ਰਹਿਣ ਦੀ ਨਿਰਾਸ਼ਾ ਹੇਠ ਕੀਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ 20 ਲੱਖ ਨੌਜ਼ਵਾਨਾਂ ਵਾਸਤੇ ਨੌਕਰੀਟਾਂ ਦੇ ਮੌਕੇ ਪੈਦਾ ਕੀਤੇ ਸਨ, ਸਗੋਂ ਹਜ਼ਾਰਾਂ ਸਰਕਾਰੀ ਨੌਕਰੀਆਂ, ਅਧਿਆਪਕਾਂ, ਡਾਕਟਰਾਂ, ਨਰਸਾਂ ਤੇ ਹੋਰਨਾਂ ਦੀ ਭਰਤੀ ਵੀ ਕੀਤੀ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਸਮੇਤ ਆਪ ਆਗੂ ਜਾਣਬੁਝ ਕੇ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ’ਚ ਨੌਕਰੀਆਂ ਸਬੰਧੀ ਝੂਠਾ ਪ੍ਰਚਾਰ ਕਰ ਰਹੇ ਹਨ। ਜਿਸ ਬਾਰੇ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ 2002 ’ਚ ਉਨ੍ਹਾਂ ਵੱਲੋਂ ਸਰਕਾਰ ਦੀ ਕਮਾਂਡ ਸੰਭਾਲਣ ਤੋਂ ਬਾਅਦ, ਮਾਲੀਏ ’ਚ ਰੁਪਏ ਨਾ ਹੋਣ ਕਾਰਨ ਭਰਤੀਆਂ ਨੂੰ ਸਿਰਫ ਕੁਝ ਵਕਤ ਲਈ ਰੋਕਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਅਜਿਹਾ ਨਾ ਕੀਤਾ ਹੁੰਦਾ, ਤਾਂ ਉਨ੍ਹਾਂ ਦੀ ਸਰਕਾਰ ਦੌਰਾਨ ਅਕਾਲੀਆਂ ਤੋਂ ਵਿਰਾਸਤ ’ਚ ਮਿਲੇ ਵਿੱਤੀ ਸੰਕਟ ਤੋਂ ਵੱਧ ਹਾਲਾਤ ਬਿਗੜ ਜਾਂਦੇ।
ਹਾਲਾਂਕਿ, ਉਸ ਰੋਕ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਅਧਿਆਪਕਾਂ, ਡਾਕਟਰਾਂ, ਨਰਸਾਂ ਆਦਿ ਤੋਂ ਇਲਾਵਾ, 49,314 ਸਰਕਾਰੀ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਸੀ, 12000 ਅਧਿਆਪਕ ਪੀ.ਆਰ.ਆਈ ਰਾਹੀਂ ਭਰਤੀ ਕੀਤੇ ਗਏ ਸਨ। ਜਿਸ ’ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਾ ਹੀ ਬਾਦਲਾਂ ਤੇ ਨਾ ਹੀ ਆਪ ਦੇ ਐਚ.ਐਸ ਫੂਲਕਾ ਨੂੰ ਕੋਈ ਜਾਣਕਾਰੀ ਹੈ ਤੇ ਉਹ ਪੂਰੀ ਤਰ੍ਹਾਂ ਬਕਵਾਸ ਕਰ ਰਹੇ ਹਨ। ਜਦਕਿ ਬਾਦਲਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਗਈਆ ਸਾਰੀਆਂ ਸਿਆਸੀ ਨਿਯੁਕਤੀਆਂ ਦੀ ਸਮੀਖਿਆ ਕਰਨ ਦਾ ਵਾਅਦਾ ਕਰਦਿਆਂ, ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਕਿਸੇ ਵੀ ਸਰਕਾਰੀ ਨੌਕਰੀ ਦੀ ਸਮੀਖਿਆ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਦੀ ਪਾਰਟੀ ਸੂਬੇ ਦੇ ਹਰੇਕ ਪਰਿਵਾਰ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ।
ਕਿਸਾਨਾਂ ਤੇ ਸਮਾਜ ਦੇ ਹੋਰ ਵਰਗਾਂ ਨਾਲ ਕੀਤੇ ਗਏ ਵੱਖ ਵੱਖ ਵਾਅਦਿਆਂ ਨੂੰ ਲਾਗੂ ਕਰਨ ਲਈ ਬਜ਼ਟ ਸਬੰਧੀ ਇਕ ਸਵਾਲ ਦੇ ਜਵਾਬ ’ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਲੋਕਾਂ ਵਾਸਤੇ ਵੱਖ ਵੱਖ ਭਲਾਈ ਸਕੀਮਾਂ ਲਈ ਮਾਲੀਆ ਇਕੱਠਾ ਕਰਨ ਵਾਸਤੇ ਹੱਦ ਤੋਂ ਬਾਹਰ ਸੋਚਦਿਆਂ ਸ਼ੁੱਧ ਵਿਚਾਰ ਲਿਆਏਗੀ। ਕਾਂਗਰਸ ’ਚ ਅੰਦਰੂਨੀ ਲੜਾਈ ਤੇ ਟਿਕਟਾਂ ਦੀ ਵੰਡ ’ਚ ਦੇਰੀ ਹੋਣ ਬਾਰੇ ਇਕ ਸਵਾਲ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਇਸਨੂੰ ਬਾਦਲਾਂ ਤੇ ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਕਹਾਣੀ ਕਰਾਰ ਦਿੰਦਿਆਂ ਖਾਰਿਜ਼ ਕੀਤਾ। ਉਨ੍ਹ ਕਿਹਾ ਕਿ ਦੋਨਾਂ ਪਾਰਟੀਆਂ ਹੁਣ ਤੱਕ ਕਈ ਲਿਸਟਾਂ ਕੱਢ ਚੁੱਕੀਆਂ ਹਨ, ਪਰ ਇਹ ਟਿਕਟਾਂ ਦੀ ਵੰਡ ਦੀ ਪ੍ਰੀਕ੍ਰਿਆ ਪੂਰੀ ਨਹੀਂ ਕਰ ਪਾਈਆਂ ਹਨ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਆਲ ਇੰਡੀਆ ਕਾਂਗਰਸ ਦੀ ਅਗਵਾਈ ਨੂੰ ਸਿਰਫ ਪੰਜਾਬ ਲਈ ਨਹੀਂ, ਸਗੋਂ ਅਗਲੇ ਸਾਲ ਦੀ ਸ਼ੁਰੂਆਤ ’ਚ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹੋਰ ਸੂਬਿਆਂ ਲਈ ਉਮੀਦਵਾਰਾਂ ਨੂੰ ਵੀ ਫਾਈਨਲ ਕਰਨਾ ਹੈ, ਜਿਸ ਪ੍ਰੀਕ੍ਰਿਆ ’ਚ ਸਮਾਂ ਲੱਗਦਾ ਹੈ। ਉਨ੍ਹਾਂ ਨੇ ਟਿਕਟਾਂ ਦੀ ਵੰਡ ’ਚ ਉਨ੍ਹਾਂ ਨੂੰ ਅਜ਼ਾਦੀ ਨਾ ਦਿੱਤੇ ਜਾਣ ਸਬੰਧੀ ਦੋਸ਼ਾਂ ਨੂੰ ਵੀ ਖਾਰਿਜ਼ ਕੀਤਾ। ਇਕ ਸਵਾਲ ਕਿ ਕਿਉਂ ਮਨਪ੍ਰੀਤ ਬਾਦਲ ਨੂੰ ਇਕ ਹਿੰਦੂ ਚੇਹਰੇ ਸੁਰਿੰਦਰ ਸਿੰਗਲਾ ਨੂੰ ਨਜਰਅੰਦਾਜ ਕਰਕੇ ਬਠਿੰਡਾ ਸ਼ਹਿਰੀ ਦਾ ਉਮੀਦਵਾਰ ਬਣਾਇਆ ਗਿਆ, ਦੇ ਜਵਾਬ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿੰਗਲਾ ਦੀ ਤਬੀਅਤ ਠੀਕ ਨਹੀਂ ਚੱਲ ਰਹੇ ਹਨ। ਖਰੜ ਹਲਕੇ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਉਮੀਦਵਾਰ ਕੰਵਰ ਸੰਧੂ ਨੂੰ ਸਖ਼ਤ ਟੱਕਰ ਦੇਣ ਲਈ ਉਸ ਦੇ ਲਈ ਤੱਕੜਾ ਬੰਦਾ ਚਾਹੀਦਾ ਸੀ। ਇਸ ਕਰਕੇ ਹੀ ਜਗਮੋਹਨ ਸਿੰਘ ਕੰਗ ਨੂੰ ਟਿਕਟ ਦਿੱਤੀ ਗਈ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਟਿੱਪਣੀ ਕਿ ਉਹ ਪੰਜਾਬ ਵਿੱਚ ਕਾਂਗਰਸ ਲਈ ਉਦੋਂ ਪ੍ਰਚਾਰ ਕਰਨਗੇ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਉਨ੍ਹਾਂ ਨੂੰ ਐਸਵਾਈਐਲ ਪਾਣੀ ਵੰਡ ’ਤੇ ਭਰੋਸਾ ਦੇਣਗੇ। ਇਸ ’ਤੇ ਕੈਪਟਨ ਨੇ ਕਿਹਾ ਕਿ ਜਦੋਂ ਖ਼ੁਦ ਪੰਜਾਬ ਕੋਲ ਸਰਪਲਸ ਪਾਣੀ ਨਹੀਂ ਹੈ ਤਾਂ ਨਦੀਆਂ ਦੇ ਪਾਣੀ ਦੀ ਵੰਡ ਦਾ ਕੋਈ ਸਵਾਲ ਹੀ ਨਹੀਂ ਪੈਂਦਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਆਉਣ ਜਾ ਨਾ ਆਉਣ, ਇਹ ਉਨ੍ਹਾਂ ਦੀ ਮਰਜੀ ਹੈ। ਲੇਕਿਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਸਰਵਉੱਚ ਰੱਖਿਆ ਜਾਵੇਗਾ। ਭਗਵੰਤ ਮਾਨ ਦੇ ਬਿਆਨ ਕਿ ਕੇਂਦਰ ਦੀ ਐਨ.ਡੀ.ਏ ਸਰਕਾਰ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਕਥਿਤ ਸਵਿਸ ਬੈਂਕ ਖਾਤਿਆਂ ’ਤੇ ਕਾਰਵਾਈ ਜਾਰੀ ਰੱਖੇਗੀ, ਅਤੇ ਉਨ੍ਹਾਂ ਨੂੰ ਜ਼ੇਲ੍ਹ ਭੇਜੇਗੀ, ਬਾਰੇ ਕੈਪਟਨ ਨੇ ਕਿਹਾ ਕਿ ਉਹ ਬੀਤੇ ਦੋ ਸਾਲਾਂ ਤੋਂ ਕੇਸ ਦੀ ਜਾਂਚ ਕਰ ਰਹੀ ਹੈ। ਕੈਪਟਨ ਨੇ ਦੋਸ਼ਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਨੇ ਕਿ ਹਾਲੇ ਉਨ੍ਹਾਂ ਅਤੇ ਸਿੱਧੂ ਦੀ ਮੁਲਾਕਾਤ ਹੋਣੀ ਬਾਕੀ ਹੈ ਅਤੇ ਸ਼ਮੂਲੀਅਤ ਦੀ ਰੂਪਰੇਖਾ ’ਤੇ ਚਰਚਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਦੀ ਸੀਟ ਨੂੰ ਸਿੱਧੂ ਜੋੜੇ ਲਈ ਵੱਖ ਕਰ ਦਿੱਤਾ ਗਿਆ ਹੈ ਅਤੇ ਕਾਂਗਰਸ ਸ੍ਰੀ ਸਿੱਧੂ ਤੇ ਸ੍ਰੀਮਤੀ ਸਿੱਧੂ ’ਚੋਂ ਕਿਸੇ ਨੂੰ ਵੀ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦਾ ਫੈਸਲਾ ਉਨ੍ਹਾਂ ਉੱਤੇ ਛੱਡ ਦਿੱਤਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…