ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ 3 ਰੋਜ਼ਾ ਪਲਸ-ਪੋਲੀਓ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ

ਪੰਜਾਬ ਭਰ ਦੇ 31 ਲੱਖ ਤੋਂ ਵੱਧ ਬੱਚਿਆਂ ਨੂੰ ਪਲਾਈਆਂ ਜਾਣਗੀਆਂ ਪੋਲੀਓ ਬੂੰਦਾਂ: ਹੁਸਨ ਲਾਲ

ਸੂਬੇ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ: ਪ੍ਰਮੁੱਖ ਸਕੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਸੂਬਾ ਪੱਧਰੀ ਸਮਾਰੋਹ ਮੌਕੇ 5 ਸਾਲ ਤੱਕ ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓਪੀਵੀ) ਦੀਆਂ ਬੂੰਦਾਂ ਪਿਲਾ ਕੇ ਤਿੰਨ ਰੋਜ਼ਾ ਨੈਸ਼ਨਲ ਇਮਿਊਨੀਜੇਸ਼ਨ ਡੇਅ (ਐਨਆਈਡੀ) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ 0-5 ਸਾਲ ਤੱਕ ਦੇ 31 ਲੱਖ 54 ਹਜ਼ਾਰ 172 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪੋਲੀਓ ਬੂਥਾਂ ’ਤੇ ਖੁਰਾਕ ਦਿੱਤੀ ਗਈ ਹੈ ਜਦੋਂਕਿ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਇਸ ਮੌਕੇ ਹੁਸਨ ਲਾਲ ਨੇ ਕਿਹਾ ਕਿ ਪੰਜਾਬ ਭਰ ਵਿੱਚ ਲਗਪਗ 54 ਹਜ਼ਾਰ 907 ਵੈਕਸੀਨੇਟਰਾਂ ਨੂੰ ਇਸ ਕਾਰਜ ਦੀ ਸਫਲਤਾ ਲਈ ਤਾਇਨਾਤ ਕੀਤਾ ਗਿਆ ਹੈ ਜਦੋਂਕਿ ਕੁੱਲ 3219 ਸੁਪਰਵਾਈਜ਼ਰ ਇਮਿਊਨੀਜੇਸ਼ਨ ਪ੍ਰੋਗਰਾਮ ਦੀ ਅਚਨਚੇਤ ਨਿਗਰਾਨੀ ਕਰਨਗੇ ਅਤੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਰਾਜ ਭਰ ਵਿੱਚ ਕੁੱਲ 14112 ਬੂਥ ਹਨ ਅਤੇ 837 ਮੋਬਾਈਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਪ੍ਰਮੁੱਖ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣ ਭਾਵੇਂ ਬੱਚੇ ਦਾ ਜਨਮ ਕੁਝ ਘੰਟੇ ਪਹਿਲਾਂ ਹੋਇਆ ਹੈ ਜਾਂ ਬੱਚਾ ਖੰਘ, ਜ਼ੁਕਾਮ, ਬੁਖਾਰ, ਦਸਤ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ ਕਿਉਂਕਿ ਪੋਲੀਓ ਬੂੰਦਾਂ ਦਾ ਅਜਿਹੀ ਕਿਸੇ ਬਿਮਾਰੀ ਨਾਲ ਪੀੜਤ ਬੱਚਿਆਂ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ। ਹਾਲਾਂਕਿ, ਦੇਸ਼ ਨੂੰ ਪੋਲੀਓ ਮੁਕਤ ਬਣਾਏ ਰੱਖਣ ਲਈ ਵੈਕਸੀਨੇਸ਼ਨ ਜ਼ਰੂਰੀ ਹੈ। ਇਹ ਜ਼ਿਕਰ ਕਰਦਿਆਂ ਕਿ ਸਰਕਾਰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ ਹਰ ਉਪਰਾਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਅਧੀਨ ਸੂਬੇ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਰਾਜ ਨੂੰ ਪੋਲੀਓ ਮੁਕਤ ਰੱਖਣ ਲਈ ਅਣਥੱਕ ਕਾਰਜ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰਾਂ, ਫਰੰਟਲਾਈਨ ਯੋਧਿਆਂ ਅਤੇ ਸਿਹਤ ਅਧਿਕਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ, ਪਰਿਵਾਰ ਭਲਾਈ ਦੀ ਡਾਇਰੈਕਟਰ ਡਾ. ਅੰਦੇਸ਼ ਕੰਗ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…