Share on Facebook Share on Twitter Share on Google+ Share on Pinterest Share on Linkedin ਕਾਲੇ ਖੇਤੀ ਕਾਨੂੰਨ: ਮਿਲਕਮੈਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ: ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਐਤਵਾਰ ਨੂੰ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਅੰਨਦਾਤਾ ਦੀ ਜਾਇਜ਼ ਮੰਗ ਨੂੰ ਮੰਨਣ ਦੀ ਬਜਾਏ ਸ਼ਰ੍ਹੇਆਮ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੁਲੀਸ ਦੇ ਡੰਡੇ ਦੇ ਜ਼ੋਰ ਨਾਲ ਕੁਚਲਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਵਰਕਰਾਂ ਤੋਂ ਕਿਸਾਨਾਂ ’ਤੇ ਹਮਲੇ ਕਰਾ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ’ਤੇ ਲੱਗੀ ਹੋਈ ਹੈ ਪ੍ਰੰਤੂ ਪੰਜਾਬ ਦੇ ਬਹਾਦਰ ਲੋਕਾਂ ਦੇ ਸੰਘਰਸ਼ ਅੱਗੇ ਕੇਂਦਰ ਸਰਕਾਰ ਦੇ ਇਹ ਸਾਰੇ ਮਨਸੂਬੇ ਫੇਲ੍ਹ ਸਾਬਤ ਹੋਣਗੇ। ਸ੍ਰੀ ਭਾਗੋਮਾਜਰਾ ਨੇ ਕਿਹਾ ਕਿ ਕਿਸਾਨ ਸੰਘਰਸ਼ ਲਈ ਪੰਜਾਬ ’ਚੋਂ ਹਰੇਕ ਘਰ ’ਚੋਂ ਪਰਿਵਾਰ ਦਾ ਇਕ ਜੀਅ ਦਿੱਲੀ ਧਰਨੇ ਵਿੱਚ ਜਾਣ ਲਈ ਤਿਆਰ ਹੈ ਅਤੇ ਇਸ ਸਬੰਧੀ ਪਿੰਡਾਂ ਦੇ ਲੋਕ ਸਾਂਝੇ ਮਤੇ ਪਾਸ ਕਰਕੇ ਪਿੰਡ ਵਾਸੀਆਂ ਦੀਆਂ ਡਿਊਟੀਆਂ ਵੀ ਲਗਾ ਰਹੇ ਹਨ ਅਤੇ ਧਰਨੇ ’ਤੇ ਨਾ ਜਾਣ ਵਾਲੇ ਨੂੰ ਜੁਰਮਾਨਾ ਵਸੂਲਣ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਸਾਨ ਸੰਘਰਸ਼ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਅਤੇ ਹਰੇਕ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਦਾ ਹਿੱਸਾ ਬਣਨ ਲਈ ਕਾਹਲਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ ਸਗੋਂ ਬਿਨਾਂ ਦੇਰੀ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ। ਧਰਨਾ ਪ੍ਰਦਰਸ਼ਨ ਦੌਰਾਨ ਦੋਧੀਆਂ ਨੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਕਿਸਾਨ ਸੰਘਰਸ਼ ਦੀ ਜਿੱਤ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਿਸਾਨ ਜਮਹੂਰੀ ਸਭਾ ਤੋਂ ਇੰਦਰਜੀਤ ਸਿੰਘ ਗਰੇਵਾਲ, ਪ੍ਰਧਾਨ ਸੱਜਣ ਸਿੰਘ ਬੈਂਸ, ਸ਼ਿਆਮ ਨਾਡਾ, ਚੇਅਰਮੈਨ ਸੁਖਵਿੰਦਰ ਸਿੰਘ ਬਾਸੀਆਂ ਤੇ ਜਸਵੀਰ ਸਿੰਘ ਨਰੈਣਾ, ਸੰਤ ਸਿੰਘ ਕੁਰੜੀ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਸਤਪਾਲ ਸਿੰਘ ਸਵਾੜਾ, ਦਲਜੀਤ ਸਿੰਘ ਮਨਾਣਾ, ਭਗਤ ਸਿੰਘ ਕੰਸਾਲਾ, ਹਰਜੰਗ ਸਿੰਘ, ਜਸਵੀਰ ਸਿੰਘ ਢਕੋਰਾਂ, ਸੁਭਾਸ਼ ਗੋਚਰ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ, ਨਰਿੰਦਰ ਸਿੰਘ ਸਿਆਊ, ਮਨਜੀਤ ਸਿੰਘ ਹੁਲਕਾ, ਸੁਰਿੰਦਰ ਸਿੰਘ ਬਰਿਆਲੀ, ਸਾਹਿਬ ਸਿੰਘ ਮੌਲੀ, ਸ਼ਿਆਮ ਲਾਲ ਝਿਊਰਹੇੜੀ, ਅਜੈਬ ਸਿੰਘ ਨਾਡਾ, ਹਰਦੀਪ ਸਿੰਘ ਮਟੌਰ, ਜਗਤਾਰ ਸਿੰਘ, ਪ੍ਰੇਮ ਸਿੰਘ ਬੁੜੈਲ ਅਤੇ ਗੋਲਡੀ ਮਹਿਦੂਦਾਂ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ