ਹੈਰੋਇਨ ਤਸਕਰੀ: ਮੁਲਜ਼ਮ ਰਣਜੀਤ ਚੀਤਾ ਦੋ ਜੂਨ ਤੱਕ ਪੁਲੀਸ ਰਿਮਾਂਡ ’ਤੇ, ਭਰਾ ਨੂੰ ਜੇਲ੍ਹ ਭੇਜਿਆ
ਰਣਜੀਤ ਚੀਤਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ 10 ਤੋਂ ਵੱਧ ਅਪਰਾਧਿਕ ਮਾਮਲੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਹੈਰੋਇਨ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੂੰ ਅੱਠ ਦਿਨ ਦਾ ਪੁਲੀਸ ਰਿਮਾਂਡ ’ਤੇ ਹੋਣ ਸ਼ੁੱਕਰਵਾਰ ਨੂੰ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਰਣਜੀਤ ਚੀਤਾ ਨੂੰ ਫਿਰ ਤੋਂ ਦੋ ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ ਜਦੋਂਕਿ ਉਸ ਦੇ ਭਰਾ ਗਗਨਦੀਪ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁਲਜ਼ਮ ਦੇ ਸਰਹੱਦੋਂ ਪਾਰ ਹੁੰਦੀ ਹੈਰੋਇਨ ਤਸਕਰੀ ਮਾਮਲੇ ਨਾਲ ਵੀ ਤਾਰ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਸ ਦੇ ਪਾਕਿ ਆਧਾਰਿਤ ਹਿਜ਼ਬੁਲ ਮੁਜ਼ਾਹਦੀਨ ਨਾਰਕੋ ਅਤਿਵਾਦ ਨੈੱਟਵਰਕ ਨਾਲ ਗੂੜੇ੍ਹ ਸਬੰਧ ਹੋਣ ਬਾਰੇ ਪਤਾ ਲੱਗਾ ਹੈ। ਇਸ ਜਥੇਬੰਦੀ ਦੇ ਕਮਾਂਡਰ ਨਾਇਕੂ ਨੂੰ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ।
ਬੀਤੀ 9 ਮਈ ਨੂੰ ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੂੰ ਸਿਰਸਾ ’ਚੋਂ ਡਰੱਗ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 5 ਮਈ ਨੂੰ ਚੀਤਾ ਦੇ ਚਚੇਰੇ ਭਰਾਵਾਂ ਅਤੇ ਹਿਜ਼ਬੁਲ ਦੇ ਦੋ ਹੋਰ ਕਾਰਕੁਨਾਂ ਬਿਕਰਮ ਸਿੰਘ ਉਰਫ਼ ਵਿੱਕੀ ਅਤੇ ਉਸਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ 1 ਕਿੱਲੋ ਹੈਰੋਇਨ ਅਤੇ 32.25 ਲੱਖ ਰੁਪਏ ਬਰਾਮਦ ਕੀਤੇ ਗਏ ਸੀ। ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਦੇ ਸਪੁਰਦ ਕੀਤੀ ਗਈ ਹੈ ਕਿਉਂਕਿ ਹੈਰੋਇਨ ਤਸਕਰੀ ਦੇ ਪਹਿਲੇ ਮਾਮਲਿਆਂ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਨ੍ਹਾਂ ’ਚੋਂ ਕਈ ਮਾਮਲੇ ਮੁਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਹਨ।
ਰਣਜੀਤ ਚੀਤਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਤਾਰ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿ ਸਰਹੱਦ ’ਤੇ ਆਈਸੀਪੀ ਅਟਾਰੀ ਦੇ ਕਾਨੂੰਨੀ ਜ਼ਮੀਨੀ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਵਿੱਚ ਜੁੜੇ ਹੋਏ ਹਨ। ਉਹ ਪਿਛਲੇ ਸਾਲ 29 ਜੂਨ ਨੂੰ ਇੰਟੈਗਰੇਟਿਡ ਚੈੱਕ ਪੋਸਟ, ਅਟਾਰੀ (ਅੰਮ੍ਰਿਤਸਰ) ਰਾਹੀਂ 600 ਬੈਗ ਲੂਣ ਦੀ ਖੇਪ ਵਿੱਚ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿੱਲੋਗਰਾਮ ਹੈਰੋਇਨ ਅਤੇ 52 ਕਿੱਲੋ ਮਿਕਸਡ ਨਸ਼ੀਲੇ ਪਦਾਰਥ ਲਿਆਉਣ ਦੀ ਗੱਲ ਵੀ ਮੰਨ ਚੁੱਕਾ ਹੈ। ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲੀਸ ਪਹਿਲਾਂ ਹੀ ਟਰੱਕ ਚਾਲਕ ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਸਮੇਤ ਕਸ਼ਮੀਰੀ ਨੌਜਵਾਨ ਤਾਰਿਕ ਅਹਿਮਦ ਲੋਨ ਵਾਸੀ ਹੰਦਵਾੜਾ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਖੇਪ ਪਾਕਿਸਤਾਨ ਤੋਂ ਆਏ ਟਰੱਕ ਵਿੱਚ ਲੂਣ ਦੀਆਂ ਬੋਰੀਆਂ ਥੱਲੇ ਲੁਕਾਈ ਹੋਈ ਸੀ। ਲੂਣ ਦੇ ਵਪਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਐਨਆਈਏ ਅਦਾਲਤ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।
ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਬਿਕਰਮ ਅਤੇ ਮਨਿੰਦਰ ਆਪਣੇ ਚਚੇਰੇ ਭਰਾ ਰਣਜੀਤ ਚੀਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਣ ਸਿੰਘ ਨਾਲ ਸਰਹੱਦੋਂ ਪਾਰ ਨਸ਼ਾ ਤਸਕਰੀ ਕਰਦੇ ਸਨ। ਉਹ ਦੋਵੇਂ ਉਕਤ ਮੁਲਜ਼ਮਾਂ ਦੇ ਕਹਿਣ ’ਤੇ 5 ਮਈ ਨੂੰ ਅਤਿਵਾਦੀ ਹਿਲਾਲ ਅਹਿਮਦ ਨੂੰ 29 ਲੱਖ ਰੁਪਏ ਦੀ ਡਰੱਗ ਮਨੀ ਪਹੁੰਚਾਉਣ ਆਏ ਸੀ, ਕਿ ਪੁਲੀਸ ਦੇ ਧੱਕੇ ਚੜ੍ਹ ਗਏ। ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਕੀਤੇ ਸਨ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੀ ਚੀਤਾ ਤੇ ਉਸ ਦੇ ਭਰਾ ਨੂੰ ਕਾਬੂ ਕੀਤਾ ਗਿਆ।
ਪੁਲੀਸ ਅਨੁਸਾਰ ਰਣਜੀਤ ਚੀਤਾ ਨੂੰ ਡਰੋਨ ਸਮੇਤ ਨਸ਼ਿਆਂ, ਹਥਿਆਰਾਂ, ਐਫਆਈਸੀਐਨ ਨੂੰ ਵੱਖ ਵੱਖ ਢੰਗਾਂ ਰਾਹੀਂ ਪਾਕਿ ਆਈਐਸਆਈ ਰਾਹੀਂ ਪੰਜਾਬ ਵਿੱਚ ਭੇਜਣ ਅਤੇ ਨਸ਼ਾ ਤਸਕਰਾਂ/ਕੂਰੀਅਰਾਂ ਸਥਾਪਿਤ ਕਰਨ ਲਈ ਸਾਂਝੇ ਨੈੱਟਵਰਕ ’ਚੋਂ ਇਕ ਸਰਗਰਮ ਕੜੀ ਸੀ। ਉਸ ਨੂੰ ਹੈਰੋਇਨ ਤਸਕਰੀ ਲਈ 2008, 2009, 2011 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 5 ਕਿੱਲੋ ਹੈਰੋਇਨ ਦੀ ਤਸਕਰੀ ਮਾਮਲੇ ਵਿੱਚ 12 ਸਾਲ ਕੈਦ ਦੀ ਸਜਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਮਾਰਚ 2018 ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।
ਦੇਸ਼ ਦੇ ਸਭ ਤੋਂ ਸਰਗਰਮ ਨਸ਼ਾ ਤਸਕਰਾਂ ’ਚੋਂ ਰਣਜੀਤ ਅਤੇ ਉਸ ਦੇ ਭਰਾ ਦੀ ਗ੍ਰਿਫ਼ਤਾਰੀ ਨਾਲ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪੁਲੀਸ ਜੰਮੂ ਕਸ਼ਮੀਰ ਘਾਟੀ, ਪੰਜਾਬ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਅਤਿਵਾਦੀ ਸੰਗਠਨਾਂ ਵੱਲ ਵਧ ਰਹੀ ਆਮਦ ਵਿੱਚ ਕੌਮਾਂਤਰੀ ਡਰੱਗ ਨੈੱਟਵਰਕ ਨੂੰ ਵੱਡੇ ਪੱਧਰ ’ਤੇ ਨਸ਼ਿਆਂ ਦੇ ਵੱਡੇ ਰੈਕੇਟ ਦਾ ਪਰਦਾਫਾਸ ਕਰਨ ਵਿੱਚ ਕਾਮਯਾਬ ਹੋਈ ਹੈ।