ਕਰਫਿਊ ਕਾਰਨ ਹੁਣ 15 ਅਪਰੈਲ ਤੋਂ ਹੋਵੇਗੀ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

ਪੰਜਾਬ ਸਰਕਾਰ ਵੱਲੋਂ ਸਰਕਾਰੀ ਖ਼ਰੀਦ ਦੇ ਪ੍ਰਬੰਧ ਮੁਕੰਮਲ, ਕਰਫਿਊ ਕਾਰਨ ਸਰਕਾਰੀ ਖ਼ਰੀਦ ਦਾ ਕੰਮ ਅੱਗੇ ਪਿਆ

ਕਣਕ ਦੀ ਸਰਕਾਰੀ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ, ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ: ਪੰਨੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਕਰੋਨਵਾਇਰਸ ਦੇ ਚੱਲਦਿਆਂ ਦੇਸ਼ ਭਰ ਵਿੱਚ ਕਰਫਿਊ ਲੱਗਣ ਕਾਰਨ ਪੰਜਾਬ ਵਿੱਚ ਐਤਕੀਂ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਅੱਗੇ ਪੈ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਹੁਣ ਕਰਫਿਊ ਹਟਣ ’ਤੇ 15 ਅਪਰੈਲ ਨੂੰ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਸੂਬਾ ਸਰਕਾਰ ਨੇ 10 ਅਪਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦਾ ਪ੍ਰੋਗਰਾਮ ਉਲੀਕਿਆਂ ਗਿਆ ਸੀ। ਉਂਜ ਮੰਡੀ ਬੋਰਡ ਦਾ ਸਟਾਫ਼ 1 ਅਪਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੀ ਗੱਲ ਆਖ ਰਿਹਾ ਸੀ ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਦਾ ਖ਼ਤਰਾ ਵਧਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਅਗਲੇ 14 ਦਿਨਾਂ ਤੱਕ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਤਰ੍ਹਾਂ ਹੁਣ 14 ਅਪਰੈਲ ਤੱਕ ਕਰਫਿਊ ਲੱਗਿਆ ਰਹਿਣ ਕਾਰਨ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ।
ਉਧਰ, ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੋਵਿਡ 19 ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਗੂ ਤਾਲਾਬੰਦੀ ਕਾਰਨ ਪੰਜਾਬ ਰਾਜ ਵਿੱਚ ਹਾੜੀ ਸੀਜ਼ਨ ਦੀ ਫਸਲ ਕਣਕ ਦੀ ਖਰੀਦ 15 ਅਪਰੈਲ 2020 ਤੋਂ ਅਰੰਭ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਅਤੇ ਕਰੋਨਾ ਬੀਮਾਰੀ ਦਾ ਟਾਕਰਾ ਕਰਨ ਲਈ ਅਪਣਾਈ ਗਈ ਸਮਾਜਿਕ ਦੂਰੀ ਦੀ ਨੀਤੀ ਦੇ ਮੱਦੇਨਜਰ ਅਤੇ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਇਹ ਖਰੀਦ ਪ੍ਰਕਿਰਿਆ 15 ਜੂਨ ਤੱਕ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਪੈਦਾ ਕੀਤਾ ਗਿਆ। ਹਰੇਕ ਦਾਣੇ ਦੀ ਖਰੀਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 15 ਅਪਰੈਲ ਤੋਂ ਆਪਣੀ ਤਿਆਰ ਫਸਲ ਨੂੰ ਮੰਡੀ ਵਿੱਚ ਲਿਆਉਣ ਦੀ ਤਿਆਰੀ ਕਰਨ।
ਸ੍ਰੀ ਰਵੀ ਭਗਤ ਨੇ ਦੱਸਿਆ ਕਿ ਕਰਫਿਊ ਦੇ ਚੱਲਦਿਆਂ ਕੋਈ ਸਰਕਾਰੀ ਏਜੰਸੀ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਹੀਂ ਕਰੇਗੀ। ਇਸ ਸਬੰਧੀ ਸਰਕਾਰੀ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ। ਉਂਜ ਵੀ ਮੀਂਹ ਪੈਣ ਕਾਰਨ ਵਾਢੀ ਦਾ ਕੰਮ ਅਗਲੇ ਕੁਝ ਪਛੜ ਸਕਦਾ ਹੈ। ਉਨ੍ਹਾਂ ਸਪੱਸ਼ਟ ਆਖਿਆ ਕਿ ਕਰਫਿਊ ਖੁੱਲ੍ਹਣ ਤੋਂ ਬਾਅਦ ਹੀ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਕੀਤੀ ਜਾਵੇਗੀ। ਮੰਡੀ ਬੋਰਡ ਦੇ ਡੀਜੀਐਮ ਸੁਖਬੀਰ ਸਿੰਘ ਸੋਢੀ ਨੇ ਦੱਸਿਆ ਕਿ 14 ਅਪਰੈਲ ਤੱਕ ਕਰਫਿਊ ਲੱਗਿਆ ਹੋਇਆ ਹੈ ਅਤੇ ਇਸ ਤਰ੍ਹਾਂ ਹੁਣ 15 ਅਪਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਵੈਸੇ ਵੀ ਕਣਕ ਦੀ ਵਾਢੀ ਦਾ ਕੰਮ ਵਿਸਾਖੀ ਤੋਂ ਬਾਅਦ ਹੀ ਜ਼ੋਰ ਫੜਣਾ ਹੈ। ਉਂਜ ਵੀ ਐਤਕੀਂ ਸਰਦੀ ਜ਼ਿਆਦਾ ਪੈਣ ਕਾਰਨ ਕਣਕਾਂ ਲੇਟ ਪੱਕਣਗੀਆਂ ਕਿਉਂਕਿ ਕਣਕ ਦੀ ਫ਼ਸਲ ਨੂੰ ਪੱਕਣ ਲਈ ਜ਼ਿਆਦਾ ਗਰਮੀ ਚਾਹੀਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਕ ਦੋ ਥਾਵਾਂ ’ਤੇ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਅੱਜ ਮੀਂਹ ਪੈਣ ਕਾਰਨ ਵਾਢੀ ਦਾ ਕੰਮ ਹੋਰ ਪਛੜ ਜਾਵੇਗਾ।
(ਬਾਕਸ ਆਈਟਮ)
ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ। ਮੰਡੀਆਂ ਵਿੱਚ ਬਾਰਦਾਨੇ ਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਕੰਬਾਈਨਾਂ ਵਾਲਿਆਂ ਨੂੰ ਮਸ਼ੀਨਾਂ ਦੀ ਜ਼ਰੂਰੀ ਮੁਰੰਮਤ ਕਰਵਾਉਣ ਸਮੇਤ ਰਾਜਸਥਾਨ, ਯੂਪੀ ਅਤੇ ਹਰਿਆਣਾ ਅਤੇ ਹੋਰਨਾਂ ਸੂਬਿਆਂ ਵਿੱਚ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਪੰਜਾਬ ਤੋਂ ਪਹਿਲਾਂ ਕਣਕ ਪੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੰਬਾਈਨਾਂ ਵਾਲਿਆਂ ਨੂੰ 14 ਅਪਰੈਲ ਤੱਕ ਵਾਪਸ ਪੰਜਾਬ ਆਉਣ ਲਈ ਆਖਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਵੱਲੋਂ ਕੰਬਾਈਨਾਂ ’ਤੇ ਵਾਢੀ ਨਾ ਕਰਨ ਬਾਰੇ ਕੋਈ ਰੋਕ ਨਹੀਂ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਿਸਾਖੀ ਤੋਂ ਬਾਅਦ ਕੰਬਾਈਨਾਂ ਪੰਜਾਬ ਵਿੱਚ ਵਾਢੀ ਦਾ ਕੰਮ ਸ਼ੁਰੂ ਕਰ ਸਕਦੀਆਂ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

Khudian Hands Over Appointment Letters to 13 Agriculture Sub-Inspectors

Khudian Hands Over Appointment Letters to 13 Agriculture Sub-Inspectors Darshan Singh Sodh…