Nabaz-e-punjab.com

ਰਿਸ਼ਵਤਖ਼ੋਰ ਮਾਮਲੇ ਵਿੱਚ ਗਮਾਡਾ ਦੇ ਸੀਨੀਅਰ ਅਸਿਸਟੈਂਟ ਨੂੰ ਚਾਰ ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ

ਐਰੋਸਿਟੀ ਲਈ ਗਮਾਡਾ ਵੱਲੋਂ ਐਕਵਾਇਰ ਕੀਤੀ ਜ਼ਮੀਨ ਦਾ ਕੇਸ ਹੱਲ ਕਰਨ ਲਈ ਮੰਗੇ ਸੀ 2 ਲੱਖ ਰੁਪਏ, ਡੇਢ ਲੱਖ ਹੋਇਆ ਸੀ ਸੌਦਾ ਤੈਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਮੁਹਾਲੀ ਅਦਾਲਤ ਨੇ ਦੋ ਸਾਲ ਪੁਰਾਣੇ ਭ੍ਰਿਸ਼ਟਾਚਾਰ ਮਾਮਲੇ ਦਾ ਨਿਬੇੜਾ ਕਰਦਿਆਂ ਗਮਾਡਾ ਦੇ ਸੀਨੀਅਰ ਅਸਿਸਟੈਂਟ ਕਿਰਨਪਾਲ ਸਿੰਘ ਨੂੰ ਪੀੜਤ ਕਿਸਾਨ ਤੋਂ ਰਿਸ਼ਵਤ ਲੈਣ ਦਾ ਦੋਸ਼ੀ ਕਰਾਰ ਦਿੰਦਿਆਂ ਚਾਰ ਸਾਲ ਦੀ ਕੈਦ ਅਤੇ 20 ਹਜ਼ਾਰ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਦੋਸ਼ੀ ਨੂੰ ਇਕ ਮਹੀਨਾ ਵਾਧੂ ਸਜ਼ਾ ਕੱਟਣੀ ਪਵੇਗੀ।
ਪੰਜਾਬ ਵਿਜੀਲਂੈਸ ਬਿਊਰੋ (ਉਡਣ ਦਸਤਾ) ਮੁਹਾਲੀ ਦੇ ਸੀਨੀਅਰ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ 23 ਜੂਨ 2017 ਨੂੰ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਅਸਟੇਟ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 (2) ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਇੱਥੋਂ ਦੇ ਨੇੜਲੇ ਪਿੰਡ ਬਾਕਰਪੁਰ ਦੇ ਵਸਨੀਕ ਕਰਮ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ਦਾ ਇਕ ਸੁਪਰਡੈਂਟ ਅਤੇ ਸੇਵਾਦਾਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤੇ ਗਏ ਸੀ।
ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚੱਲ ਰਹੀ ਸੀ। ਬੀਤੀ 4 ਜੂਨ ਨੂੰ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਵਕੀਲ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਅਤੇ ਵਿਜੀਲੈਂਸ ਬਿਊਰੋ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗਮਾਡਾ ਦੇ ਸੀਨੀਅਰ ਅਸਿਸਟੈਂਟ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਉਣ ਲਈ ਅੱਜ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ। ਅਦਾਲਤ ਨੇ ਦੋਸ਼ੀ ਨੂੰ ਚਾਰ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਇਸ ਸਬੰਧੀ ਪੀੜਤ ਕਰਮ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਨਰਾਇਣਗੜ੍ਹ ਝੁੰਗੀਆਂ ਤਹਿਸੀਲ ਡੇਰਾਬੱਸੀ ਵਿੱਚ ਗਮਾਡਾ ਵੱਲੋਂ ਐਰੋਸਿਟੀ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਉਸ ਦੀ ਜ਼ਮੀਨ ਵੀ ਐਕਵਾਇਰ ਹੋਈ ਸੀ। ਇਸ ਉਪਰੰਤ ਲੈਂਡ ਪੁਲਿੰਗ ਸਕੀਮ ਤਹਿਤ ਐਰੋਸਿਟੀ ਵਿੱਚ ਪਲਾਟ ਲੈਣ ਲਈ ਕਰਮ ਸਿੰਘ ਸਮੇਤ ਕੁੱਝ ਹੋਰ ਮਾਲਕਾਂ ਵੱਲੋਂ ਆਪੋ-ਆਪਣੇ ਸਹਿਮਤੀ ਪੱਤਰ ਗਮਾਡਾ ਨੂੰ ਦਿੱਤੇ ਸੀ। ਜਿਸ ਤਹਿਤ ਗਮਾਡਾ ਵੱਲੋਂ ਮਾਲਕਾਂ ਨੂੰ 500 ਵਰਗ ਗਜ਼ ਦੇ ਰਿਹਾਇਸ਼ੀ ਅਤੇ 60 ਵਰਗ ਗਜ਼ ਦੇ ਵਪਾਰਕ ਪਲਾਟ ਦੇਣੇ ਸਨ। ਇਸ ਸਬੰਧੀ ਭੂਮੀ ਮਾਲਕਾਂ ਨੇ ਪਲਾਟਾਂ ਦੀ ਸੰਯੁਕਤ ਪ੍ਰਵਾਨਗੀ ਪੱਤਰ (ਐਲ.ਓ) ਹਾਸਲ ਕਰਨ ਸਬੰਧੀ ਕਰਮ ਸਿੰਘ ਨੂੰ ਪੈਰਵਾਈ ਕਰਨ ਲਈ ਆਪਣੀ ਸਹਿਮਤੀ ਦਿੱਤੀ ਹੋਈ ਸੀ। ਇਸ ਕੇਸ ਨੂੰ ਗਮਾਡਾ ਦਾ ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆ ਡੀਲ ਕਰ ਰਿਹਾ ਸੀ।
(ਬਾਕਸ ਆਈਟਮ)
ਦੋਸ਼ੀ ਨੇ ਪੀੜਤ ਧਿਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਹੋਣ ਨੂੰ ਕਾਫੀ ਸਮਾਂ ਲੱਗ ਸਕਦਾ ਹੈ। ਇਸ ਉੱਤੇ ਕਈ ਸੀਨੀਅਰ ਅਫ਼ਸਰਾਂ ਵੱਲੋਂ ਇਤਰਾਜ਼ ਵੀ ਲਾਏ ਜਾ ਸਕਦੇ ਹਨ ਅਤੇ ਜੇਕਰ ਉਹ ਆਪਣਾ ਕੰਮ ਜਲਦੀ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਨੂੰ 2 ਲੱਖ ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ। ਇਸ ਤਰ੍ਹਾਂ ਉਨ੍ਹਾਂ ਦਾ ਕੰਮ ਬਹੁਤ ਜਲਦੀ ਅਤੇ ਬਿਨਾਂ ਕਿਸੇ ਰੋਕ ਟੋਕ ਦੇ ਹੋ ਜਾਵੇਗਾ। ਬਾਅਦ ਵਿੱਚ ਉਨ੍ਹਾਂ ਦਾ 1 ਲੱਖ 50 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ ਅਤੇ ਪਹਿਲੀ ਕਿਸ਼ਤ ਵਜੋਂ ਉਸ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਕਿਰਨਪਾਲ ਕਟਾਰੀਆ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 23 ਜੂਨ 2017 ਨੂੰ ਸ਼ਿਕਾਇਤ ਕਰਤਾ ਕੋਲੋਂ 50 ਹਜ਼ਾਰ ਰੁਪਏ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Vigilance

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 10,000 ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 10,000 ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜ…