ਹੜ੍ਹਾਂ ਦੀ ਮਾਰ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮਿਰਜ਼ਾਪੁਰ ਡੈਮ ਦਾ ਮੌਕਾ ਦੇਖਿਆ

ਹੜ੍ਹਾਂ ਤੋਂ ਪੀੜਤ ਕਿਸਾਨਾਂ ਦੀ ਬਾਂਹ ਫੜਨ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ: ਰਾਜੇਵਾਲ

ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ:
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਪਿੰਡ ਮਿਰਜ਼ਾਪੁਰ ਡੈਮ ਅਤੇ ਹੋਰਨਾਂ ਥਾਵਾਂ ’ਤੇ ਮੌਕਾ ਦੇਖਿਆ।
ਇਸ ਮੌਕੇ ਹੁਸਨ ਚੰਦ ਅਤੇ ਦਿਲਾ ਰਾਮ ਨੇ ਕਿਸਾਨ ਆਗੂ ਰਾਜੇਵਾਲ ਨੂੰ ਦੱਸਿਆ ਕਿ ਮਿਰਜ਼ਾਪੁਰ ਡੈਮ ਲਈ 170 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ ਪ੍ਰੰਤੂ ਡੈਮ ਦਾ ਪਾਣੀ ਉਨ੍ਹਾਂ ਦੀ ਕਰੀਬ 300 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਇਸ ਕਾਰਨ ਉਨ੍ਹਾਂ ਦੀ ਰੋਜ਼ੀ ਰੋਟੀ ਖ਼ਤਮ ਹੋ ਚੁੱਕੀ ਹੈ ਲੇਕਿਨ ਪੰਜਾਬ ਸਰਕਾਰ ਪਾਣੀ ਦੀ ਮਾਰ ਹੇਠ ਆਏ ਰਕਬੇ ਦਾ ਕੋਈ ਮੁਆਵਜ਼ਾ ਤੱਕ ਨਹੀਂ ਦੇ ਰਹੀ।
ਪੀੜਤ ਕਿਸਾਨਾਂ ਨੇ ਰਾਜੇਵਾਲ ਨੂੰ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਸ ਸਬੰਧੀ ਉਹ ਸਮੂਹ ਪਾਰਟੀਆਂ ਦੀਆਂ ਸਰਕਾਰਾਂ ਅੱਗੇ ਆਪਣਾ ਦੁੱਖੜਾ ਰੋ ਚੁੱਕੇ ਹਨ ਪਰ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਕਾਰਨ ਹੁਣ ਉਨ੍ਹਾਂ ਕੋਲ ਸਿਰਫ਼ ਕਿਸਾਨ ਜਥੇਬੰਦੀ ਦਾ ਹੀ ਸਹਾਰਾ ਬਚਿਆ ਹੈ। ਉਨ੍ਹਾਂ ਮੰਗ ਕੀਤੀ ਕਿ ਡੈਮ ਦੀ ਉਚਾਈ ਸਮਰੱਥਾ 375.6 ਹੈ ਅਤੇ ਸਕੇਪ ਚੈਨਲ 381 ਦੇ ਕਰੀਬ ਹੈ ਪਰ ਸਕੇਪ ਚੈਨਲ ਤੇ ਡੈਮ ਦਾ ਪੱਕਾ ਲਾਂਘਾ ਨਾ ਹੋਣ ਕਾਰਨ ਇਸ ਦੇ ਹੜ੍ਹਾਂ ਵਿੱਚ ਟੁੱਟਣ ਦਾ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਮੌਕੇ ਰਾਜੇਵਾਲ ਨੇ ਕਿਹਾ ਕਿ ਪਾਣੀ ਦੀ ਮਾਰ ਅਧੀਨ ਆਈ ਜ਼ਮੀਨ ਵੱਡੀ ਤ੍ਰਾਸਦੀ ਹੈ ਅਤੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਤੋਂ ਆਉਣ ਪਾਣੀ ਮੁਹਾਲੀ ਸਮੇਤ ਪੰਜਾਬ ਦੇ ਵੱਡੇ ਖੇਤਰ ਦਾ ਨੁਕਸਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਕੁਦਰਤੀ ਸੋਮਿਆਂ ਉੱਤੇ ਬਿਲਡਰਾਂ ਵੱਲੋਂ ਕੀਤੇ ਗਏ ਕਬਜ਼ੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੂਰੇ ਅੰਕੜਿਆਂ ਨਾਲ ਜਲਦੀ ਮੁੱਖ ਮੰਤਰੀ ਨੂੰ ਪੱਤਰ ਭੇਜਣਗੇ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਦੁਬਾਰਾ ਨੁਕਸਾਨ ਨਾ ਝੱਲਣਾ ਪਵੇ। ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ, ਗੁਰਮੀਤ ਸਿੰਘ ਸਾਂਟੂ, ਗੁਰਮੀਤ ਸਿੰਘ ਢਕੋਰਾਂ, ਮਨਜੀਤ ਸਿੰਘ ਤੰਗੋਰੀ, ਸ਼ੇਰ ਸਿੰਘ ਦੈੜੀ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…