ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਤਿੰਨ ਵਿਅਕਤੀਆਂ ਨੂੰ 50 ਗਰਾਮ ਕੋਕੀਨ ਅਤੇ 5 ਗਰਾਮ ਆਈਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਐਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਅਤੇ ਡੀਐਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਮਾਨਿਕ ਬੱਬਰ ਉਰਫ਼ ਮਨੂ, ਸਾਗਰ ਬੱਬਰ ਦੋਵੇਂ ਵਾਸੀ ਨੇੜੇ ਗੋਲ ਕੋਠੀ ਮਿੱਠਾਪੁਰ, ਰਵਿਦਾਸ ਮੰਦਰ, ਜਲੰਧਰ ਅਤੇ ਦਰਮਿਆਨਸ਼ੂ ਵਾਸੀ ਬਸਤੀ ਘਾਹ, ਮੰਡੀ ਚੌਂਕ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਮਾਨਿਕ ਬੱਬਰ ਅੱਠਵੀਂ ਜਮਾਤ ਪਾਸ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਕਪੂਰਥਲਾ ਅਤੇ ਜਲੰਧਰ ਦੇ ਥਾਣਿਆਂ ਵਿੱਚ ਕਤਲ, ਅਸਲਾ ਐਕਟ ਅਤੇ ਲੜਾਈ ਝਗੜੇ ਦੇ ਕਈ ਮੁਕੱਦਮੇ ਦਰਜ ਹਨ। ਉਹ ਕਰੀਬ ਢਾਈ ਸਾਲ ਜੇਲ੍ਹ ਵਿੱਚ ਰਹਿ ਕੇ ਦਸੰਬਰ 2023 ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। ਮੁਲਜ਼ਮ ਬੱਬਰ ਪੰਜਵੀਂ ਅਤੇ ਦਰਮਿਆਨਸ਼ੂ ਬਾਰ੍ਹਵੀਂ ਪਾਸ ਹੈ। ਇਹ ਦੋਵੇਂ ਕੁਆਰੇ ਹਨ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਦੀ ਟੀਮ ਵੱਲੋਂ ਚੋਣਾਂ ਸਬੰਧੀ ਵਿੱਚ ਖਰੜ-ਕੁਰਾਲੀ ਨੈਸ਼ਨਲ ਹਾਈਵੇਅ ਉੱਤੇ ਸਥਿਤ ਪਿੰਡ ਪਡਿਆਲਾ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਖਰੜ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼-ਬੋਰਡ ’ਚੋਂ 50 ਗਰਾਮ ਕੋਕੀਨ ਅਤੇ 5 ਗਰਾਮ ਆਈਸ ਬਰਾਮਦ ਕੀਤੀ ਗਈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਕੁਰਾਲੀ ਸਿਟੀ ਥਾਣਾ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਨਸ਼ੀਲੇ ਪਦਾਰਥ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਕਿੱਥੇ ਕਿੱਥੇ ਸਪਲਾਈ ਕਰਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ: ਬਾਦਲ

ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ: ਬਾਦਲ ਐਮਪੀਸੀਏ ਦੇ ਸਾਬਕ…