ਮੁਹਾਲੀ ਦਾ ਸਰਬਪੱਖੀ ਵਿਕਾਸ ਤੇ ਤਰੱਕੀ ਸਿਰਫ਼ ਅਕਾਲੀ ਸਰਕਾਰ ਦੀ ਦੇਣ: ਸੁਖਬੀਰ ਬਾਦਲ

ਗਰੇਟਰ ਮੁਹਾਲੀ ਦਾ ਹੋਰ ਵਿਕਾਸ ਕਰਕੇ ਇਸ ਨੂੰ ਮੈਟਰੋ ਸ਼ਹਿਰ ਬਣਾਇਆ ਜਾਵੇਗਾ: ਬਾਦਲ

ਸੁਖਬੀਰ ਦੀ ਪੰਜਾਬ ਬਚਾਓ ਯਾਤਰਾ ਦਾ ਮੁਹਾਲੀ ਵਿੱਚ ਭਰਵਾਂ ਸਵਾਗਤ, ਵਰਕਰਾਂ ਦਾ ਹੜ੍ਹ ਆਇਆ

ਨਬਜ਼-ਏ-ਪੰਜਾਬ, ਮੁਹਾਲੀ, 3 ਮਈ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਦਾ ਅੱਜ ਪਹੁੰਚਣ ’ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਹਰ ਠਹਿਰਾਅ ’ਤੇ ਲੋਕਾਂ ਨੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਅਤੇ ਹਰ ਕੋਈ ਸੁਖਬੀਰ ਨੂੰ ਨੇੜਿਓਂ ਮਿਲਣ ਲਈ ਉਤਾਵਲਾ ਦਿਖਾਇਆ ਦੇ ਰਿਹਾ ਸੀ। ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਵਿੱਚ ਨੌਜਵਾਨਾਂ ਦੀ ਵੱਡੀ ਭੀੜ ਜਮ੍ਹਾ ਹੋਣ ਕਾਰਨ ਮੁਹਾਲੀ ਏਅਰਪੋਰਟ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੇਟਰ ਮੁਹਾਲੀ ਇਲਾਕੇ ਦਾ ਸਰਬਪੱਖੀ ਵਿਕਾਸ ਅਤੇ ਤਰੱਕੀ ਸਿਰਫ਼ ਪਿਛਲੀ ਅਕਾਲੀ ਸਰਕਾਰ ਦੀ ਦੇਣ ਹੈ। ਉਸ ਤੋਂ ਬਾਅਦ ਪੰਜ ਸਾਲ ਕਾਂਗਰਸ ਨੇ ਡੱਕਾ ਨਹੀਂ ਤੋੜਿਆ ਅਤੇ ਹੁਣ ਪਿਛਲੇ ਦੋ ਸਾਲਾਂ ਤੋਂ ‘ਆਪ’ ਸਰਕਾਰ ਵੱਲੋਂ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਮੁਹਾਲੀ ਅਤੇ ਆਸਪਾਸ ਇਲਾਕੇ ਨੂੰ ਵਿਕਾਸ ਪੱਖੋਂ ਅਣਗੌਲਿਆ ਕੀਤਾ ਹੋਇਆ ਹੈ। ਉਨ੍ਹਾਂ ਨੇ ਮੰਚ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਖੇਤਰੀ ਪਾਰਟੀ ਦੀ ਮਜ਼ਬੂਤੀ ਹੀ ਸੂਬੇ ਦੇ ਲੋਕਾਂ ਦੀ ਤਰੱਕੀ ਹੈ। ਉਨ੍ਹਾਂ ਐਲਾਨ ਕੀਤਾ ਕਿ ਗਰੇਟਰ ਮੁਹਾਲੀ ਦਾ ਹੋਰ ਵਿਕਾਸ ਕਰਕੇ ਇਸ ਨੂੰ ਮੈਟਰੋ ਸ਼ਹਿਰ ਬਣਾਇਆ ਜਾਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਮੁਹਾਲੀ ਵਿੱਚ ਕੌਮਾਂਤਰੀ ਹਵਾਈ ਅੱਡਾ ਸਥਾਪਿਤ ਕੀਤਾ। ਜਿਸ ਸਦਕਾ ਸ਼ਹਿਰ ਦਾ ਤੇਜ਼ ਰਫ਼ਤਾਰ ਵਿਕਾਸ ਹੋਇਆ। ਇਸ ਨਾਲ ਜਿੱਥੇ ਵਪਾਰ ਵਧਿਆ, ਉੱਥੇ ਸ਼ਹਿਰ ਦਾ ਨਾਂ ਦੁਨੀਆਂ ਦੇ ਨਕਸ਼ੇ ’ਤੇ ਆ ਗਿਆ। ਇੱਥੇ ਹਵਾਈ ਅੱਡੇ ਕਾਰਨ ਹੀ ਆਈਟੀ ਸੈਕਟਰ ਸਥਾਪਿਤ ਹੋਇਆ ਹੈ। ਉਨ੍ਹਾਂ ਖ਼ੁਦ ਸਨਅਤੀ ਘਰਾਣਿਆਂ ਨੂੰ ਰਾਜ਼ੀ ਕਰਕੇ ਮੁਹਾਲੀ ਵਿੱਚ ਇੰਡੀਅਨ ਸਕੂਲ ਆਫ਼ ਬਿਜ਼ਨਸ ਸਥਾਪਿਤ ਕਰਵਾਇਆ। ਆਈਸਰ ਅਤੇ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ ਦੋ ਅਹਿਮ ਕੇਂਦਰ ਸਥਾਪਿਤ ਕਰਵਾਏ। ਬੰਗਲੌਰ ਤੇ ਹੈਦਰਾਬਾਦ ਵਿੱਚ ਆਈਟੀ ਕੰਪਨੀਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮੁਹਾਲੀ ਵਿੱਚ ਨਿਵੇਸ਼ ਲਈ ਰਾਜ਼ੀ ਕੀਤਾ ਪਰ ਬਾਅਦ ਵਿੱਚ ਕਾਂਗਰਸ ਅਤੇ ‘ਆਪ’ ਨੇ ਕੋਈ ਧਿਆਨ ਨਹੀਂ ਦਿੱਤਾ।
ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸੀਨੀਅਰ ਹਰਜੀਤ ਸਿੰਘ ਭੁੱਲਰ, ਐਸਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਪੁਰਖਾਲਵੀ, ਯੂਥ ਵਿੰਗ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਸੋਨੀ ਬੜੀ, ਅਜੈਪਾਲ ਸਿੰਘ ਮਿੱਡੂਖੇੜਾ, ਦਵਿੰਦਰ ਸਿੰਘ ਬੌਬੀ, ਬਲਵਿੰਦਰ ਸਿੰਘ ਲਖਨੌਰ, ਖੁਸ਼ਇੰਦਰ ਸਿੰਘ ਬੈਦਵਾਨ, ਨੰਬਰਦਾਰ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਛਿੰਦੀ, ਅਮਨ ਪੂਨੀਆ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ ਕਿਸਾਨ ਯੂਨੀਅਨ ਲੱਖੋਵਾ…