ਮਿਸ਼ਨ-2024: ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਲੋੜ: ਲਾਲਪੁਰਾ

ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਕੁੱਝ ਪਾਰਟੀਆਂ ਨੇ ਲੋਕਾਂ ਵਿੱਚ ਵੰਡੀਆਂ ਪਾਈਆਂ

ਇਕਬਾਲ ਸਿੰਘ ਲਾਲਪੁਰਾ ਨੇ ਭਾਜਪਾ ਆਗੂ ਸ਼ਲਿੰਦਰ ਅਨੰਦ ਦੇ ਘਰ ਕੀਤੀ ਵਰਕਰ ਮਿਲਣੀ

ਨਬਜ਼-ਏ-ਪੰਜਾਬ, ਮੁਹਾਲੀ, 3 ਮਈ:
ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜਨ ਸੰਪਰਕ ਮੁਹਿੰਮ ਦੇ ਤਹਿਤ ਇੱਥੋਂ ਦੇ ਸੈਕਟਰ-69 ਵਿਖੇ ਭਾਜਪਾ ਆਗੂ ਸ਼ਲਿੰਦਰ ਆਨੰਦ ਦੇ ਘਰ ਪਾਰਟੀ ਵਰਕਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ ਮਿਲਣੀ ਕੀਤੀ ਅਤੇ ਉਨ੍ਹਾਂ ਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਜਾਤ ਅਤੇ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ, ਜੋ ਦੇਸ਼ ਅਤੇ ਸਮਾਜ ਲਈ ਵੱਡਾ ਖ਼ਤਰਾ ਹੈ।
ਸ੍ਰੀ ਲਾਲਪੁਰਾ ਨੇ ਕਿਹਾ ਕਿ ਭਾਰਤ ਇੱਕ ਖ਼ੂਬਸੂਰਤ ਗੁਲਦਸਤਾ ਹੈ, ਜਿਸ ਵਿਚ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਫੁੱਲ ਖਿੜਦੇ ਹਨ। ਜਿਨ੍ਹਾਂ ਵਿੱਚ ਕਮਲ ਦਾ ਫੁੱਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਭ ਦਾ ਸਾਂਝਾ ਹੈ ਅਤੇ ਸਾਡਾ ਸੁਫ਼ਨਾ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ ’ਤੇ ਵਸੇ ਮੁਹਾਲੀ ਸ਼ਹਿਰ ਦਾ ਤੇਜ਼ੀ ਨਾਲ ਵਿਕਾਸ ਹੋਣਾ ਚਾਹੀਦਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਦੇਣ ਦੀ ਥਾਂ ਸਿਰਫ਼ ਆਪਣੇ ਪਰਿਵਾਰਾਂ ਦੀ ਤਰੱਕੀ ਨੂੰ ਤਰਜ਼ੀਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁਹਾਲੀ ਟੂਰਿਜ਼ਮ, ਮੈਡੀਕਲ ਅਤੇ ਇੰਡਸਟਰੀ ਹੱਬ ਬਣਨਾ ਚਾਹੀਦਾ ਹੈ। ਇੱਥੇ ਏਮਸ ਹਸਪਤਾਲ ਬਣਾਇਆ ਜਾਣਾ ਸੀ ਪਰ ਹੁਣ ਤੱਕ ਨਹੀਂ ਬਣਿਆ।
ਸ੍ਰੀ ਲਾਲਪੁਰਾ ਨੇ ਕਿਹਾ ਕਿ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਬਹੁਤ ਲੋੜ ਹੈ। ਇੰਜ ਹੀ ਇੱਥੋਂ ਦੂਜੇ ਸ਼ਹਿਰਾਂ ਵਿੱਚ ਸ਼ਿਫ਼ਟ ਹੋ ਰਹੇ ਉਦਯੋਗਾਂ ਨੂੰ ਰੋਕਣ, ਨਵੀਆਂ ਸਨਅਤਾਂ ਲਾਉਣ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਫਲਾਈਓਵਰ, ਵਪਾਰਕ ਅਤੇ ਰਿਹਾਇਸ਼ੀ ਖੇਤਰਾਂ ਵਿਚ ਨੀਡ ਬੇਸਿਡ ਨੀਤੀ ਨੂੰ ਲਾਗੂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੀਆਂ ਮੰਗਾਂ ਸਬੰਧੀ ਉਹ ਕੇਂਦਰ ਨਾਲ ਗੱਲ ਕਰਨਗੇ ਅਤੇ ਛੇਤੀ ਪੂਰੀਆਂ ਕਰਵਾਉਣ ਲਈ ਪੂਰਨ ਉਪਰਾਲੇ ਕਰਨਗੇ।
ਇਸ ਮੌਕੇ ਭਾਜਪਾ ਓਬੀਸੀ ਮੋਰਚਾ ਦੇ ਕੌਮੀ ਸਕੱਤਰ ਦਰਸ਼ਨ ਸਿੰਘ ਸੈਣੀ, ਭਾਜਪਾ ਦੇ ਸੀਨੀਅਰ ਆਗੂ ਅਰੁਣ ਸ਼ਰਮਾ, ਅਸ਼ੋਕ ਝਾਅ, ਬੌਬੀ ਕੰਬੋਜ, ਸੁੰਦਰ ਲਾਲ ਅਗਰਵਾਲ, ਰਮੇਸ਼ ਦੱਤ, ਕੁਲਜੀਤ ਸਿੰਘ ਰੰਧਾਵਾ, ਯੋਗਰਾਜ, ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ, ਅਸ਼ਵਨੀ ਕੌਸ਼ਲ, ਸੁਨੰਦਾ ਰਤਨ, ਸ਼ਾਸਤਰੀ ਬਰਿੰਦਰ ਕ੍ਰਿਸ਼ਨ, ਡਾ. ਲਖਵਿੰਦਰ ਸਿੰਘ, ਜਗਮੋਹਨ ਸਿੰਘ ਕਾਹਲੋਂ, ਪਿਆਰੇ ਲਾਲ ਗਰਗ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…