ਪੇਂਡੂ ਅੌਰਤਾਂ ਨੂੰ ਵੋਟ ਦੀ ਮਹੱਤਤਾ ਜਾਗਰੂਕ ਕਰੇਗਾ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ: ਵਿਰਕ

ਸੰਸਥਾ ਦੀ ਸੂਬਾ ਪ੍ਰਧਾਨ ਹਰਦੀਪ ਕੌਰ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਕੀਤੀ ਮੁਲਾਕਾਤ

ਨਬਜ਼-ਏ-ਪੰਜਾਬ, ਮੁਹਾਲੀ, 1 ਮਈ:
ਦੇਸ਼ ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਵੀਪ ਪ੍ਰੋਗਰਾਮ ਚਲਾਏ ਜਾ ਰਹੇ ਹਨ। ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਨੇ ਵੀ ਲੋਕਤੰਤਰ ਦੀ ਮਜ਼ਬੂਤੀ ਲਈ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ। ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਟਰੱਸਟ ਪੰਜਾਬ ਭਰ ਵਿੱਚ ਪੇਂਡੂ ਅੌਰਤਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰੇਗਾ। ਇਸ ਸਬੰਧੀ ਪੇਂਡੂ ਖੇਤਰਾਂ ਵਿੱਚ ਮਹਿਲਾ ਪੰਚਾਇਤਾਂ ਦਾ ਗਠਨ ਕੀਤਾ ਜਾਵੇਗਾ।
ਵਿਰਕ ਨੇ ਦੱਸਿਆ ਕਿ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਦੀਆਂ ਮਹਿਲਾ ਵਰਕਰਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੋਟਾਂ ਸਬੰਧੀ ਸਰਵੇ ਕੀਤਾ ਗਿਆ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਹਾਲੇ ਵੀ ਪੁਰਸ਼ ਇਹ ਫ਼ੈਸਲਾ ਕਰਦੇ ਹਨ ਕਿ ਘਰ ਦੀਆਂ ਅੌਰਤਾਂ ਨੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣੀ ਹੈ। ਆਜ਼ਾਦੀ 70 ਸਾਲਾਂ ਬਾਅਦ ਵੀ ਅੌਰਤਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਦੀ ਸਰਕਾਰ ਚੁਣਨ ਦਾ ਅਧਿਕਾਰ ਨਹੀਂ ਹੈ। ਇਸ ਸਬੰਧੀ ਅੌਰਤਾਂ ਨੂੰ ਜਾਗਰੂਕ ਦੇ ਮੰਤਵ ਨਾਲ ‘‘ਜਾਗ ਭੈਣੇ ਜਾਗ’’ ਮੁਹਿੰਮ ਵਿੱਢਣ ਨਿਰਣਾ ਲਿਆ ਗਿਆ ਹੈ। ਜਿਸ ਦੇ ਲੋਕ ਸਭਾ ਚੋਣਾਂ ਦੌਰਾਨ ਮਤਦਾਨ ਸਬੰਧੀ ਚੰਗੇ ਨਤੀਜੇ ਸਾਹਮਣੇ ਆਉਣਗੇ।
ਹਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਮਹਿਲਾ ਪੰਚਾਇਤਾਂ ਰਾਹੀਂ ਪੇਂਡੂ ਅੌਰਤਾਂ ਨੂੰ ਵੋਟ ਦੇ ਅਧਿਕਾਰ ਅਤੇ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਉਹ ਕਿਸ ਨੂੰ ਵੋਟ ਪਾਉਣ, ਇਹ ਫੈਸਲਾ ਕਰਨ ਦਾ ਅਧਿਕਾਰ ਸਿਰਫ਼ ਉਨ੍ਹਾਂ ਕੋਲ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਪੰਜਾਬ ਦੀ ਸਿਆਸੀ ਰਾਜਧਾਨੀ ਵਜੋਂ ਮਸ਼ਹੂਰ ਸਿਲੀਕਾਨ ਸਿਟੀ ਮੁਹਾਲੀ, ਰਾਇਲ ਸਿਟੀ ਪਟਿਆਲਾ ਵਿੱਚ ਮਹਿਲਾ ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸ਼ਾਸਨ ਦੇ ਸਵੀਪ ਅਫ਼ਸਰਾਂ ਨੂੰ ਬੁਲਾਇਆ ਜਾਵੇਗਾ ਜਦਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮਹਿਲਾ ਸੈੱਲਾਂ ਦੀਆਂ ਜ਼ਿਲ੍ਹਾ ਪ੍ਰਧਾਨਾਂ ਨੂੰ ਬੁਲਾਇਆ ਜਾਵੇਗਾ। ਇਨ੍ਹਾਂ ਮਹਿਲਾ ਜ਼ਿਲ੍ਹਾ ਪ੍ਰਧਾਨਾਂ ਅੱਗੇ ਪੇਂਡੂ ਅੌਰਤਾਂ ਆਪਣਾ ਏਜੰਡਾ ਪੇਸ਼ ਕਰਨਗੀਆਂ। ਇਨ੍ਹਾਂ ਪੰਚਾਇਤਾਂ ਵੱਲੋਂ ਆਉਣ ਵਾਲੇ ਸੁਝਾਅ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਮੰਗ ਪੱਤਰ ਦੇ ਰੂਪ ਵਿੱਚ ਸੌਂਪੇ ਜਾਣਗੇ ਤਾਂ ਜੋ ਉਹ ਇਸ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰ ਸਕਣ।
ਹਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਹਿਲਾ ਪੰਚਾਇਤ ਰਾਹੀਂ ਅੌਰਤਾਂ ਆਪਣੇ ਵਿਚਾਰ ਪ੍ਰਗਟ ਕਰਨਗੀਆਂ। ਇਸ ਪੰਚਾਇਤ ਵਿੱਚ ਅੌਰਤਾਂ ਨੂੰ ਸਵੀਪ ਗਤੀਵਿਧੀਆਂ, ਵੋਟ ਦੇ ਅਧਿਕਾਰ ਆਦਿ ਸਬੰਧੀ ਸਵਾਲ ਪੁੱਛੇ ਜਾਣਗੇ। ਸਹੀ ਜਵਾਬ ਦੇਣ ਵਾਲੀਆਂ ਅੌਰਤਾਂ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ ਕਿਸਾਨ ਯੂਨੀਅਨ ਲੱਖੋਵਾ…