ਪੱਤਰਕਾਰ ਰਜਿੰਦਰ ਤੱਗੜ ਦੇ ਪੁਲੀਸ ਰਿਮਾਂਡ ’ਚ ਵਾਧਾ, ਏਆਈਜੀ ਸਿੱਧੂ ਨੂੰ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ, ਮੁਹਾਲੀ, 3 ਮਈ:
ਪੰਜਾਬ ਪੁਲੀਸ ਦੇ ਬਰਖ਼ਾਸਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਸੀਨੀਅਰ ਪੱਤਰਕਾਰ ਰਜਿੰਦਰ ਤੱਗੜ ਨੂੰ ਚਾਰ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਏਆਈਜੀ ਸਿੱਧੂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਜਦੋਂਕਿ ਪੱਤਰਕਾਰ ਤੱਗੜ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਹੋ ਵਾਧਾ ਕੀਤਾ ਗਿਆ। ਬਰਖ਼ਾਸਤ ਏਆਈਜੀ ’ਤੇ ਜਾਅਲੀ ਐਸਸੀ ਸਰਟੀਫਿਕੇਟ ਮਾਮਲੇ ਵਿੱਚ ਲੋਕਾਂ ਨੂੰ ਪੈਸੇ ਦੇ ਕੇ ਧਰਨਾ ਲਗਾਉਣ ਦਾ ਦੋਸ਼ ਹੈ। ਇਸ ਸਬੰਧੀ ਸਿੱਧੂ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ। ਜਦੋਂਕਿ ਪੱਤਰਕਾਰ ਤੱਗੜ ਨੂੰ ਇਸ ਮਾਮਲੇ ਵਿੱਚ ਸਹਿ ਮੁਲਜ਼ਮ ਬਣਾਇਆ ਗਿਆ ਹੈ। ਸਿੱਧੂ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ।
ਸਰਕਾਰੀ ਵਕੀਲ ਨੇ ਪੱਤਰਕਾਰ ਦੇ ਘਰ ਅਤੇ ਦਫ਼ਤਰ ’ਚੋਂ ਕੰਪਿਊਟਰ ਅਤੇ ਡਾਇਰੀਆਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਇਸ ਸਬੰਧੀ ਪੱਤਰਕਾਰ ਤੋਂ ਹੋਰ ਪੁੱਛਗਿੱਛ ਕਰਨੀ ਹੈ। ਉਧਰ, ਬਚਾਅ ਪੱਖ ਦੇ ਸੀਨੀਅਰ ਵਕੀਲ ਐਚਐਸ ਧਨੋਆ ਨੇ ਅਦਾਲਤ ਵਿੱਚ ਜਿਰਾ ਕਰਦਿਆਂ ਕਿਹਾ ਕਿ ਪੱਤਰਕਾਰ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਹਫ਼ਤੇ ਤੋਂ ਪੁਲੀਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਕੋਲੋਂ ਸਾਰੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪੁਲੀਸ ਉਸ ਦੇ ਘਰ ਅਤੇ ਦਫ਼ਤਰ ਦੀ ਸਰਚ ਕਰ ਚੁੱਕੀ ਹੈ ਅਤੇ ਕੰਪਿਊਟਰ ਅਤੇ ਹੋਰ ਸਮਾਨ ਵੀ ਪੁਲੀਸ ਵੱਲੋਂ ਆਪਣੇ ਕਬਜ਼ੇ ਕੀਤਾ ਗਿਆ ਹੈ। ਤੱਗੜ ਪੇਸ਼ੇ ਵਜੋਂ ਇੱਕ ਪੱਤਰਕਾਰ ਹੈ, ਜੋ ਧਰਨੇ ਦੀ ਕਵਰੇਜ ਕਰਨ ਉੱਥੇ ਗਿਆ ਸੀ। ਜਿਸ ਨੂੰ ਵੀ ਪੁਲੀਸ ਨੇ ਨਿੱਜੀ ਰੰਜ਼ਸ ਦੇ ਚੱਲਦਿਆਂ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ, ਜੋ ਸਰਾਸਰ ਗਲਤ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੱਤਰਕਾਰ ਤੱਗੜ ਨੂੰ ਮੁੜ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜਦੋਂਕਿ ਏਆਈਜੀ ਮਾਲਵਿੰਦਰ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ ਕਿਸਾਨ ਯੂਨੀਅਨ ਲੱਖੋਵਾ…