ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 3 ਸ਼ੂਟਰ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਲਈ ਸਾਜ਼ਿਸ਼ ਤਹਿਤ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਮੋਹਣਾ

ਸ਼ੂਟਰਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਪੰਜਾਬ ਲਿਆਂਦਾ ਜਾਵੇਗਾ, ਲਾਰੈਂਸ ਬਿਸ਼ਨੋਈ ਨਾਲ ਬਿਠਾ ਕੇ ਕੀਤੀ ਜਾਵੇਗੀ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬਾਕੀ ਮੁਲਜ਼ਮਾਂ ਤੋਂ ਸਖ਼ਤੀ ਨਾਲ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋ ਰਹੇ ਹਨ। ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਲਾਰੈਂਸ ਬਿਸ਼ਨੋਈ ਅਤੇ ਮਾਨਸਾ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਮਨਮੋਹਨ ਸਿੰਘ ਉਰਫ਼ ਮੋਹਣਾ ਨੂੰ ਆਹਮੋ ਸਾਹਮਣੇ ਬਿਠਾ ਕੇ ਕੀਤੀ ਗਈ ਕਰਾਸ ਪੁੱਛਗਿੱਛ ਦੌਰਾਨ ਪੁਲੀਸ ਨੂੰ ਮੂਸੇਵਾਲਾ ਦੀ ਹੱਤਿਆ ਬਾਰੇ ਅਹਿਮ ਸੁਰਾਗ ਮਿਲੇ ਹਨ। ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਸੁਪਰਵਿਜ਼ਨ ਵਿੱਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਉਧਰ, ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 3 ਸ਼ੂਟਰਾਂ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਕੇਸ਼ਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਏਕੇ-47 ਸਮੇਤ 8 ਗਰਨੇਡ, ਗਰਨੇਡ ਲਾਂਚਰ, 9 ਡੈਟੋਨੇਟਰ, ਅਸਾਲਟ ਰਾਈਫ਼ਲ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਕਾਫ਼ੀ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਸੂਤਰਾਂ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਸ਼ੂਟਰਾਂ ਨੂੰ ਜਲਦੀ ਹੀ ਪ੍ਰੋਡਕਸ਼ਨ ਵਰੰਟ ’ਤੇ ਪੰਜਾਬ ਲਿਆਂਦਾ ਜਾਵੇਗਾ ਅਤੇ ਸੀਆਈਏ ਸਟਾਫ਼ ਵਿੱਚ ਲਾਰੈਂਸ ਬਿਸ਼ਨੋਈ ਨਾਲ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਪੁਲੀਸ ਨੂੰ ਸ਼ੂਟਰਾਂ ਬਾਰੇ ਪੰਜਾਬ ਪੁਲੀਸ ਨੇ ਹੀ ਲੀਡ ਦਿੱਤੀ ਸੀ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਮੂਸੇਵਾਲ ਕਤਲ ਮਾਮਲੇ ਵਿੱਚ ਅਹਿਮ ਖੁਲਾਸੇ ਹੋਏ ਹਨ। ਮੂਸੇਵਾਲਾ ਦਾ ਪਿੱਛਾ ਕਰ ਰਹੀ ਬਲੈਰੋ ਗੱਡੀ ਵਿੱਚ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸਵਾਰ ਸਨ ਜਦੋਂਕਿ ਕਰੋਲਾ ਗੱਡੀ ਵਿੱਚ ਜਗਰੂਪ ਸਿੰਘ ਰੂਪਾ, ਮਨਪ੍ਰੀਤ ਸਿੰਘ ਮੰਨਾ ਅਤੇ ਹੋਰ ਸਵਾਰ ਸਨ। ਕਰੋਲਾ ਨੂੰ ਮੰਨਾ ਚਲਾ ਰਿਹਾ ਸੀ। ਕੇਕੜਾ ਦੇ ਫੋਨ ਤੋਂ ਬਾਅਦ ਉਹ ਮੂਸੇਵਾਲਾ ਦੇ ਪਿੱਛੇ ਲੱਗ ਗਏ ਸੀ ਅਤੇ ਥੋੜੀ ਦੂਰ ਜਾ ਕੇ ਕਰੋਲਾ ਗੱਡੀ ਨੇ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕਰਕੇ ਪਹਿਲੀ ਗੋਲੀ ਮੰਨਾ ਨੇ ਚਲਾਈ। ਐਨੇ ਵਿੱਚ ਬਲੈਰੋ ਗੱਡੀ ਵਿੱਚ ਸਵਾਰ ਹਮਲਾਵਰਾਂ ਨੇ ਅੰਨੇ੍ਹਵਾਹ ਫਾਇਰਿੰਗ ਕਰ ਦਿੱਤੀ ਅਤੇ ਜਦੋਂ ਉਨ੍ਹਾਂ ਨੂੰ ਮੂਸੇਵਾਲਾ ਦੇ ਮਰਨ ਦੀ ਤਸੱਲੀ ਹੋ ਗਈ ਤੱਕ ਉਹ ਸਾਰੇ ਜਣੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਥਾਨ ਤੋਂ ਥੋੜਾ ਅੱਗੇ ਜਾ ਕੇ ਹਮਲਾਵਰਾਂ ਨੇ ਗੱਡੀ ਬਦਲੀ ਅਤੇ ਫਤਿਆਬਾਦ ਪਹੁੰਚ ਗਏ ਅਤੇ ਕਈ ਦਿਨ ਉੱਥੇ ਰੁਕੇ। ਇਸ ਮਗਰੋਂ ਉਨ੍ਹਾਂ ਨੇ ਇੱਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਦਿੱਲੀ ਵਿੱਚ ਮਕਾਨ ਕਿਰਾਏ ’ਤੇ ਲਿਆ। ਜਿੱਥੋਂ ਪੁਲੀਸ ਨੇ ਉਨ੍ਹਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਮੂਸੇਵਾਲਾ ਦੀ ਰੇਕੀ ਕਰਨ ਲਈ ਵਿਧਾਨ ਸਭਾ ਚੋਣਾਂ ਦੌਰਾਨ ਮਨਮੋਹਨ ਮੋਹਣਾ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ। ਉਸ ਨੂੰ ਇੱਕ ਚੋਣ ਜਲਸੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਕਾਂਗਰਸ ਮੰਚ ’ਤੇ ਰਾਜਾ ਵੜਿੰਗ ਨਾਲ ਮੋਹਣੇ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਨਵਾਂ ਬਖੇੜਾ ਖੜਾ ਹੋ ਗਿਆ ਹੈ। ਚੋਣਾਂ ਸਮੇਂ ਆਇਆ ਰਾਮ, ਗਿਆ ਰਾਮ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਸਿਆਸੀ ਆਗੂ ਬਿਨਾ ਕੁੱਝ ਸੋਚੇ ਸਮਝੇ ਕਿਸੇ ਨੂੰ ਵੀ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਜੁੱਟ ਜਾਂਦੇ ਹਨ ਅਤੇ ਕਿਸੇ ਵੀ ਆਗੂ ਜਾਂ ਆਮ ਵਿਅਕਤੀ ਦਾ ਅਪਰਾਧਿਕ ਪਿਛੋਕੜ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਨਤੀਜਾ ਸਭ ਦੇ ਸਾਹਮਣੇ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੋਹਣਾ ਅਕਸਰ ਮੂਸੇਵਾਲਾ ਦੇ ਚੋਣ ਜਲਸਿਆਂ ਵਿੱਚ ਵੀ ਭਾਗ ਲੈਂਦਾ ਰਿਹਾ ਹੈ।
ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਪਹਿਲਾਂ ਹੀ ਇਹ ਖੁਲਾਸਾ ਹੋ ਚੁੱਕਾ ਹੈ ਕਿ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਰਹੇ ਲਾਰੈਂਸ ਬਿਸ਼ਨੋਈ ਨੇ ਸਿਗਨਲ ਐਪ ਰਾਹੀਂ ਤਾਲਮੇਲ ਕਰਕੇ ਜਨਵਰੀ 2022 ਵਿੱਚ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਘੜੀ ਸੀ। ਮੋਹਣਾ ਮਾਨਸਾ ਇਲਾਕੇ ਵਿੱਚ ਆਪਣਾ ਵੱਖਰਾ ਗਰੁੱਪ ਬਣਾ ਕੇ ਵਿਚਰ ਰਿਹਾ ਸੀ। ਲਾਰੈਂਸ ਅਤੇ ਬਰਾੜ ਨੇ ਇਲਾਕੇ ਦੇ ਭੇਤੀ ਹੋਣ ਕਰਕੇ ਹੀ ਮੋਹਣਾ ਅਤੇ ਸੰਦੀਪ ਕੇਕੜਾ ਨੂੰ ਮੂਸੇਵਾਲਾ ਦੀ ਰੇਕੀ ਕਰਨ ਲਈ ਚੁਣਿਆ ਸੀ। ਮੋਹਣਾ ’ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਦਾ ਕਤਲ ਕਰਵਾਉਣ ਸਮੇਤ ਵੱਖ-ਵੱਖ ਥਾਣਿਆਂ ਵਿੱਚ ਦਰਜਨ ਅਪਰਾਧਿਕ ਕੇਸ ਦਰਜ ਹਨ। ਉਹ ਕਤਲ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੋਹਣਾ ਨੇ ਆਪਣੇ ਘਰ ਵਿੱਚ ਹੀ ਚਾਰ ਸ਼ੂਟਰਾਂ ਨੇ ਪਨਾਹ ਦਿੱਤੀ ਗਈ ਸੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਤੇਗ ਬਹਾਦਰ ਦਾ 403ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਗੁਰੂ ਤੇਗ ਬਹਾਦਰ ਦਾ 403ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ: ਇੱਥੋਂ ਦ…