ਪੀਜੀਆਈ ਦੇ ਕੁੱਕ ਸਮੇਤ ਮੁਹਾਲੀ ਵਿੱਚ 6 ਹੋਰ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ

ਠੀਕ ਹੋਣ ਵਾਲਿਆਂ ਵਿੱਚ ਪੀਜੀਆਈ ਦੇ ਕੁੱਕ ਸਣੇ ਜਵਾਹਰਪੁਰ 4 ਅਤੇ ਖਰੜ ਦਾ ਇਕ ਮਰੀਜ਼ ਸ਼ਾਮਲ

ਮੁਹਾਲੀ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 96, ਹੁਣ ਤੱਕ 49 ਮਰੀਜ਼ ਠੀਕ ਹੋਏ, 45 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾਵਾਇਰਸ ਦੀ ਲਾਗ ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਕਰੋਨਾ ਤੋਂ ਪੀੜਤ ਛੇ ਹੋਰ ਮਰੀਜ਼ਾਂ ਨੇ ਇਸ ਮਹਾਮਾਰੀ ਨੂੰ ਮਾਤ ਦਿੱਤੀ ਹੈ। ਜਿਨ੍ਹਾਂ ਵਿੱਚ ਪੀਜੀਆਈ ਦਾ ਕੁੱਕ ਸਮੇਤ ਪਿੰਡ ਜਵਾਹਰਪੁਰ ਦੇ 4 ਅਤੇ ਇਕ ਮੁੰਡੀ ਖਰੜ ਦੀ ਅੌਰਤ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਅੱਜ ਹਸਪਤਾਲਾਂ ’ਚੋਂ ਛੁੱਟੀ ਦੇ ਦਿੱਤੀ ਗਈ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਪੀਜੀਆਈ ਦਾ ਕੁੱਕ ਪੀਲੂ ਮੱਲ੍ਹਾ (30) ਵਾਸੀ ਨਵਾਂ ਗਾਉਂ ਸਮੇਤ ਕੁਲਵਿੰਦਰ ਸਿੰਘ (38), ਰਮਨਪ੍ਰੀਤ ਕੌਰ (19), ਬਲਵਿੰਦਰ ਕੌਰ (55), ਭਜਨ ਕੌਰ (53) ਵਾਸੀ ਪਿੰਡ ਜਵਾਹਰਪੁਰ ਅਤੇ ਹੇਮਾ ਰਾਣੀ (38) ਵਾਸੀ ਮੁੰਡੀ ਖਰੜ ਸ਼ਾਮਲ ਹਨ। ਪੀਲੂ ਮੱਲ੍ਹਾ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਸੀ ਜਦੋਂਕਿ ਬਾਕੀ ਪੰਜ ਮਰੀਜ਼ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਹੁਣ ਤੱਕ 49 ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ। ਜਿਨ੍ਹਾਂ ’ਚੋਂ ਇਕੱਲੇ ਪਿੰਡ ਜਵਾਹਰਪੁਰ ਦੇ 31 ਮਰੀਜ਼ ਸ਼ਾਮਲ ਹਨ ਜਦੋਂਕਿ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮਰੀਜ਼ ਵੀ ਉਕਤ ਪਿੰਡ ’ਚੋਂ ਮਿਲੇ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਕੁੱਲ ਪੀੜਤ ਮਰੀਜ਼ਾਂ ਗਿਣਤੀ 96 ਹੈ। ਜਿਨ੍ਹਾਂ ’ਚੋਂ ਦੋ ਮਰੀਜ਼ਾਂ ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਵਾਸੀ ਖਰੜ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 49 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂਕਿ ਇਸ ਸਮੇਂ 45 ਮਰੀਜ਼ ਐਕਟਿਵ ਹਨ। ਜੋ ਪੀਜੀਆਈ ਸਮੇਤ ਵੱਖਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਇਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਦੇ ਕੁੱਕ ਪੀਲੂ ਮੱਲ੍ਹਾ ਅਤੇ ਮੁੰਡੀ ਖਰੜ ਦੀ ਅੌਰਤ ਰੇਮਾ ਰਾਣੀ ਨੂੰ ਭਾਵੇਂ ਘਰ ਭੇਜ ਦਿੱਤਾ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ 14 ਦਿਨਾਂ ਤੱਕ ਇਕਾਂਤਵਾਸ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ, ਜਦੋਂਕਿ ਪਿੰਡ ਜਵਾਹਪੁਰ ਨਾਲ ਸਬੰਧਤ ਚਾਰ ਠੀਕ ਹੋਏ ਵਿਅਕਤੀਆਂ ਨੂੰ ਫਿਲਹਾਲ ਸਿੱਧਾ ਘਰ ਨਹੀਂ ਭੇਜਿਆ ਜਾਵੇਗਾ। ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਤੱਕ ਨਿਰੰਕਾਰੀ ਭਵਨ ਡੇਰਾਬੱਸੀ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਸਿਹਤ ਵਿਭਾਗ ਦੀਆਂ ਟੀਮਾਂ ਇਨ੍ਹਾਂ ਵਿਅਕਤੀਆਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰਨਗੀਆਂ।
ਸਿਵਲ ਸਰਜਨ ਨੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੇ ਦਿਨ ਰਾਤ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਇਸ ਬਿਮਾਰੀ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਛੇਤੀ ਹੀ ਇਸ ਮਹਾਮਾਰੀ ’ਤੇ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਪ੍ਰੇਰਦਿਆਂ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰਕੇ ਡਾਕਟਰੀ ਸਲਾਹ ਲਈ ਜਾਵੇ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…