ਭਗਵੰਤ ਮਾਨ ਵੱਲੋਂ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਦੀ ਵਕਾਲਤ

ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਅਮਰੁਤ ਸਕੀਮ ਤਹਿਤ ਪੁਰਾਣੇ ਅਨੁਪਾਤ ਦੀ ਬਹਾਲੀ ਦਾ ਮੁੱਦਾ ਵੀ ਚੁੱਕਿਆ

ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਸਮਾਰਟ ਸਿਟੀ ਪ੍ਰਾਜੈਕਟ ਮਹੱਤਵਪੂਰਨ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕਰਕੇ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਦੀ ਗੁਹਾਰ ਲਗਾਈ ਤਾਂ ਜੋ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਕਾਫ਼ੀ ਸਮਾਂ ਮੁਹਾਲੀ ਵਿੱਚ ਰਹਿੰਦੇ ਰਹੇ ਹਨ ਅਤੇ ਉਨ੍ਹਾਂ ਨੂੰ ਮੁਹਾਲੀ ਨਾਲ ਕਾਫ਼ੀ ਲਗਾਅ ਵੀ ਹੈ ਅਤੇ ਉਹ ਸਥਾਨਕ ਲੋੜਾਂ ਬਾਰੇ ਭਲੀਭਾਂਤ ਜਾਣੂ ਹਨ।
ਮੁੱਖ ਮੰਤਰੀ ਨੇ ਅੱਜ ਹਰਦੀਪ ਪੁਰੀ ਨਾਲ ਮੁਲਾਕਾਤ ਦੌਰਾਨ ਮੁਹਾਲੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਟਰਾਈਸਿਟੀ ਦਾ ਹਿੱਸਾ ਹੋਣ ਕਰਕੇ ਮੁਹਾਲੀ ਸ਼ਹਿਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਜ਼ਿਆਦਾਤਰ ਸਰਕਾਰੀ ਵਿਭਾਗਾਂ ਦੇ ਮੁੱਖ ਦਫ਼ਤਰ ਵੀ ਇਸੇ ਸ਼ਹਿਰ ਵਿੱਚ ਹਨ। ਜਿਸ ਕਾਰਨ ਇਸ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੀ ਸਖ਼ਤ ਲੋੜ ਹੈ। ਉਂਜ ਵੀ ਮੁਹਾਲੀ ਸੂਬੇ ਦੀ ਮਿੰਨੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਇਸ ਦੇ ਸਰਬਪੱਖੀ ਅਤੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁਹਾਲੀ ਅਤੇ ਨਾਲ ਲੱਗਦੇ ਸ਼ਹਿਰਾਂ ਜ਼ੀਰਕਪੁਰ, ਖਰੜ, ਡੇਰਾਬੱਸੀ ਅਤੇ ਕੁਰਾਲੀ ਸਮੇਤ ਕੌਮਾਂਤਰੀ ਹਵਾਈ ਅੱਡਾ/ਵਿੱਦਿਅਕ ਸੰਸਥਾਵਾਂ/ਟਾਊਨਸ਼ਿਪਾਂ ਅਤੇ ਉਦਯੋਗਾਂ ਦੀ ਸਥਾਪਨਾ ਦੇ ਰੂਪ ਵਿੱਚ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ। ਇਸ ਖੇਤਰ ਨੂੰ ਯੋਜਨਾਬੱਧ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਸ਼ੇਸ਼ ਫੰਡਾਂ ਦੀ ਵੀ ਲੋੜ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੁਤ 1 ਵਾਂਗ ਅਮਰੁਤ 2.0 ਤਹਿਤ ਵੀ ਫੰਡਾਂ ਦੇ ਉਸੇ ਅਨੁਪਾਤ ਨੂੰ ਬਹਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਮਰੁਤ 1.0 ਤਹਿਤ ਇਕ ਲੱਖ ਤੋਂ 10 ਲੱਖ ਆਬਾਦੀ ਦੀ ਸ਼੍ਰੇਣੀ ਵਾਲੇ ਕਸਬਿਆਂ ਲਈ ਕੇਂਦਰ ਅਤੇ ਰਾਜ ਦਾ ਹਿੱਸਾ 50:50 ਸੀ ਜਦੋਂਕਿ ਅਮਰੁਤ 2.0 ਤਹਿਤ, ਆਬਾਦੀ ਦੀ ਇਸੇ ਸ਼੍ਰੇਣੀ ਵਾਲੇ ਕਸਬਿਆਂ ਲਈ ਕੇਂਦਰ ਅਤੇ ਰਾਜ ਦਾ ਹਿੱਸਾ ਬਦਲ ਕੇ 33:67 ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਲਈ ਇਹ ਅਨੁਪਾਤ 33:67 (ਕੇਂਦਰ ਅਤੇ ਰਾਜ ਦਾ ਹਿੱਸਾ) ਸੀ ਅਤੇ ਅਮਰੁਤ 2.0 ਤਹਿਤ, ਇਹ ਅਨੁਪਾਤ ਹੁਣ 75:25 ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਹਿਰ ਬਹੁਤ ਤੇਜ਼ੀ ਨਾਲ ਫੈਲ ਰਹੇ ਹਨ। ਇਸ ਲਈ ਇਨ੍ਹਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਲਗਾਤਾਰ ਲੋੜ ਹੈ, ਜਿਸ ਲਈ ਪੁਰਾਣਾ ਅਨੁਪਾਤ ਹੀ ਬਹਾਲ ਕੀਤਾ ਜਾਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਪਹਿਲੇ ਮੁੱਖ ਗ੍ਰੰਥੀ ਗਿਆਨੀ ਬਲਵੰਤ ਸਿੰਘ ਦੀ 39ਵੀਂ ਬਰਸੀ ਸ਼ਰਧਾ ਨਾਲ ਮਨਾਈ

ਪਹਿਲੇ ਮੁੱਖ ਗ੍ਰੰਥੀ ਗਿਆਨੀ ਬਲਵੰਤ ਸਿੰਘ ਦੀ 39ਵੀਂ ਬਰਸੀ ਸ਼ਰਧਾ ਨਾਲ ਮਨਾਈ ਨਬਜ਼-ਏ-ਪੰਜਾਬ, ਮੁਹਾਲੀ, 15 ਮਈ:…