ਅਖੰਡ ਕੀਰਤਨੀ ਜਥੇ ਵੱਲੋਂ ਦਿੱਲੀ ਕਮੇਟੀ ਚੋਣਾਂ ਵਿੱਚ ਗੁਰਸਿੱਖੀ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ

ਸਮੂਹ ਸੰਗਤ ਨੂੰ ਆਰਐਸਐਸ ਤੇ ਡੇਰਾ ਸਿਰਸਾ ਦੇ ਪਿੱਠੂਆਂ ਤੋਂ ਸੁਚੇਤ ਰਹਿਣ ਦੀ ਅਪੀਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ/ਚੰਡੀਗੜ੍ਹ, 19 ਫਰਵਰੀ:
ਅਖੰਡ ਕੀਰਤਨੀ ਜਥੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਨੂੰ ਛੱਡ ਕੇ ਹੋਰ ਕਿਸੇ ਵੀ ਪੰਥਕ ਪਾਰਟੀ ਦੇ ਚੰਗੇ ਕਿਰਦਾਰ ਵਾਲੇ ਗੁਰਸਿੱਖ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਇੱਥੇ ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਦਿੱਲੀ ਦੀਆਂ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖੀ ਭੇਸ ਵਿੱਚ ਲੁਕੇ ਆਰ.ਐਸ.ਐਸ. ਵਰਗੀਆਂ ਸਿੱਖ ਵਿਰੋਧੀ ਤਾਕਤਾਂ ਅਤੇ ਡੇਰਾ ਸਿਰਸਾ ਦੇ ਪਿੱਠੂਆਂ ਤੋਂ ਸੁਚੇਤ ਹੋ ਕੇ ਦਿੱਲੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਚੰਗੇ ਕਿਰਦਾਰ ਵਾਲੇ ਅਤੇ ਗੁਰਸਿੱਖ ਉਮੀਦਵਾਰਾਂ ਨੂੰ ਹੀ ਵੋਟ ਪਾਉਣ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਣਾਂ ਵਿੱਚ ਸ਼ਰਾਬ ਅਤੇ ਪੈਸੇ ਵੰਡਣ ਵਾਲਿਆਂ ਨੂੰ ਵੀ ਨਕਾਰਿਆ ਜਾਵੇ ਅਤੇ ਗੁਰਦੁਆਰਾ ਪ੍ਰਬੰਧ ਸਾਫ਼-ਸੁਥਰੇ ਤੇ ਗੁਰਸਿੱਖੀ ਨੂੰ ਸਮਰਪਿਤ ਸਿੱਖਾਂ ਦੇ ਹਵਾਲੇ ਹੀ ਕੀਤੇ ਜਾਣ। ਅਖੰਡ ਕੀਰਤਨੀ ਜਥੇ ਨੇ ਆਖਿਆ ਕਿ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ’ਚ ਸਿੱਖ ਵਿਰੋਧੀ ਤਾਕਤਾਂ ਦੇ ਪਿੱਠੂ ਬਣੇ ਬਾਦਲ ਦਲ ਦੇ ਆਗੂਆਂ ਨੇ ਹਮੇਸ਼ਾ ਆਪਣੀ ਕੁਰਸੀ ਖਾਤਰ ਸਿੱਖਾਂ ਦੀਆਂ ਬਲੀਆਂ ਦਿੱਤੀਆਂ ਹਨ ਅਤੇ ਹੁਣੇ ਹੋਈਆਂ ਪੰਜਾਬ ਚੋਣਾਂ ’ਚ ਡੇਰਾ ਸਿਰਸਾ ਕੋਲੋਂ ਵੋਟਾਂ ਮੰਗਣ ਬਦਲੇ ਪੰਜਾਬ ’ਚ ਡੇਰੇ ਦੇ ਸਮਾਗਮ ਕਰਵਾਉਣ ਦੇ ਕੀਤੇ ਵਾਅਦਿਆਂ ਦੇ ਨਾਲ ਬਾਦਲ ਦਲ ਦੀ ਬਿੱਲੀ ਪੂਰੀ ਤਰ੍ਹਾਂ ਥੈਲੇ ਤੋਂ ਬਾਹਰ ਆ ਗਈ ਹੈ।
ਭਾਈ ਆਰ.ਪੀ. ਸਿੰਘ ਨੇ ਆਖਿਆ ਕਿ ਜੇਕਰ ਬਾਦਲ ਦਲ ਦਾ ਵੱਸ ਚੱਲੇ ਤਾਂ ਉਹ ਵੋਟਾਂ ਤੇ ਕੁਰਸੀ ਖਾਤਰ ਗੁਰਦੁਆਰਿਆਂ ਅੰਦਰ ਵੀ ਆਰ.ਐਸ.ਐਸ. ਤੇ ਡੇਰਾ ਸਿਰਸਾ ਦੀਆਂ ਸਭਾਵਾਂ ਕਰਵਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸਿੱਖੀ ਸੰਸਥਾਵਾਂ ’ਚ ਆਰ.ਐਸ.ਐਸ. ਵਰਗੀਆਂ ਫ਼ਿਰਕੂ ਤੇ ਸਿੱਖ ਵਿਰੋਧੀ ਤਾਕਤਾਂ ਦੀ ਘੁਸਪੈਠ ਅਤੇ ਸਿੱਖ ਸਿਧਾਂਤਾਂ ’ਤੇ ਹੋ ਰਹੇ ਮਾਰੂ ਹਮਲਿਆਂ ਨੂੰ ਰੋਕਣ ਲਈ ਬਾਦਲ ਦਲ ਨੂੰ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਵਿਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਅਖੰਡ ਕੀਰਤਨੀ ਜਥੇ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਬਾਦਲ ਦਲ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਵਿਚੋਂ ਗੁਰਸਿੱਖੀ ਕਿਰਦਾਰ ’ਤੇ ਪੂਰੇ ਉਤਰਨ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਜੀਤੀ ਸਿੱਧੂ ਨੇ ਕੀਤਾ ਸਵਾਗਤ, ਕਿਹਾ ਪੰਜਾਬ…