ਅਕਾਲੀ ਦਲ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਮੁਹਾਲੀ ਹਲਕੇ ਦਾ ਵੱਖਰਾ ਚੋਣ ਮੈਨੀਫੈਸਟੋ ਜਾਰੀ

ਮੁਹਾਲੀ ਵਿੱਚ ਸਿਟੀ ਬੱਸ ਸਰਵਿਸ, ਸੀਸੀਟੀਵੀ ਕੈਮਰੇ, ਨੀਡ ਬੇਸਿਡ ਪਾਲਿਸੀ ਲਾਗੂ ਕਰਨ ਦਾ ਐਲਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਸਥਾਨਕ ਫੇਜ਼-7 ਵਿੱਚ ਪੱਤਰਕਾਰ ਸੰਮੇਲਨ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚਹੁਮੁਖੀ ਵਿਕਾਸ, ਬੇਰੁਜ਼ਗਾਰੀ ਦੇ ਖ਼ਾਤਮੇ ਅਤੇ ਹੋਰ ਬੁਨਿਆਦੀ ਸਹੂਲਤਾਂ ਅਤੇ ਅਹਿਮ ਵਿਕਾਸ ਪ੍ਰਾਜੈਕਟਾਂ ਨੂੰ ਦਰਸਾਉਂਦਾ 17 ਨੁਕਾਤੀ ਵੱਖਰਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਸੀਨੀਅਰ ਆਗੂ ਪਰਦੀਪ ਸਿੰਘ ਭਾਰਜ, ਜਸਵਿੰਦਰ ਸਿੰਘ ਵਿਰਕ, ਕਮਲਜੀਤ ਸਿੰਘ ਰੂਬੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਹੂੰਝਾਫੇਰ ਜਿੱਤ ਹਾਸਲ ਕਰਨ ਮਗਰੋਂ ਪੰਜਾਬ ਵਿੱਚ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਮੁਹਾਲੀ ਨੂੰ ਐਜੂਕੇਸ਼ਨ ਹੱਬ ਅਤੇ ਆਈਟੀ ਹੱਬ ਦੇ ਤੌਰ ’ਤੇ ਵਿਕਸਤ ਕੀਤਾ ਜਾਵੇਗਾ। ਕੈਪਟਨ ਸਿੱਧੂ ਨੇ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬੜੇ ਦਾਅਵੇ ਨਾਲ ਆਖਿਆ ਕਿ ਸ਼ਹਿਰੀ ਖੇਤਰ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸੁਵਿਧਾ ਲਈ ਸਿਟੀ ਬੱਸ ਸਰਵਿਸ ਚਾਲੂ ਕੀਤੀ ਜਾਵੇਗੀ। ਇਹ ਉਨ੍ਹਾਂ ਦਾ ਪਾਇਲਟ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਤੇ ਸਟਰੀਟ ਕਰਾਈਮ ਦੀ ਰੋਕਥਾਮ ਲਈ ਵੱਖ-ਵੱਖ ਚੌਂਕਾਂ ’ਤੇ 100 ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਮੁਹਾਲੀ ਦੀ ਤਰੱਕੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ ਵੱਡੀਆਂ ਸਨਅਤਾਂ ਅਤੇ ਪ੍ਰਗਤੀ ਮੈਦਾਨ ਦੀ ਵਿਵਸਥਾ ਕੀਤੀ ਜਾਵੇਗੀ। ਫੈਕਟਰੀ ਏਰੀਆ ਵਿੱਚ ਕਰਮਚਾਰੀਆਂ ਖਾਸ ਕਰਕੇ ਅੌਰਤਾਂ ਲਈ ਬੱਸ ਚਲਾਈ ਜਾਵੇਗੀ ਅਤੇ ਜਿਸ ਦਾ ਟਾਈਮ ਟੇਬਲ ਸਵੇਰੇ ਡਿਊਟੀ ’ਤੇ ਜਾਣ ਅਤੇ ਸ਼ਾਮ ਨੂੰ ਛੁੱਟੀ ਵੇਲੇ ਦਾ ਨਿਰਧਾਰਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਚੋਣ ਮੈਨੀਫੈਸਟੋ ਮਹਿਜ ਲੁਭਾਵਣੇਂ ਚੋਣ ਵਾਅਦੇ ਅਤੇ ਇੱਕ ਕਾਗਜ ਦਾ ਟੁੱਕੜਾ ਨਹੀਂ ਹੈ, ਸਗੋਂ ਮੁਹਾਲੀ ਹਲਕੇ ਦੇ ਲੋਕਾਂ ਨਾਲ ਵਿਕਾਸ ਸਬੰਧੀ ਲਿਖਤੀ ਇਕਰਾਰਨਾਮਾ ਹੈ। ਉਨ੍ਹਾਂ ਕਿਹਾ ਕਿ ਛੋਟੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਦੀ ਸਹੂਲਤ ਲਈ ਨਵੇਂ ਸਿਰਿਓਂ ਸੋਧੀ ਹੋਈ ਨੀਡ ਬੇਸਿਡ ਪਾਲਿਸੀ ਲਾਗੂ ਕਰਨ ਅਤੇ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ ਦੇ ਨਾਲ-ਨਾਲ ਸਾਈਕਲ ਟਰੈਕ ਬਣਾਏ ਜਾਣਗੇ। ਇਸ ਤੋਂ ਇਲਾਵਾ ਵੇਸਟ ਮੈਨੇਜਮੈਂਟ ਟਰੀਟਮੈਂਟ ਪਲਾਂਟ ਸਮੇਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਮਜ਼ੋਰ ਵਰਗ ਦੇ ਲੋਕਾਂ ਲਈ ਪੱਕੇ ਮਕਾਨਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਮੁੱਦਾਹੀਣ ਦੱਸਦਿਆਂ ਕਿਹਾ ਕਿ ਸ੍ਰੀ ਸਿੱਧੂ ਵਿਰੋਧੀ ਧਿਰ ਦਾ ਰੋਲ ਨਿਭਾਉਣ ਵਿੱਚ ਬੂਰੀ ਤਰ੍ਹਾਂ ਅਸਫ਼ਲ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਮੁਹਾਲੀ ਦੇ ਵਿਕਾਸ ਅਤੇ ਹੋਰ ਮਸਲਿਆਂ ’ਤੇ ਕਦੇ ਵੀ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਹੀ ਨਹੀਂ ਕੀਤਾ ਹੈ। ਜਿਸ ਕਾਰਨ ਖ਼ਮਿਆਜ਼ਾ ਲੋਕਾਂ ਨੂੰ ਭੁਗਤਨਾ ਪਿਆ ਹੈ। ਉਨ੍ਹਾਂ ਸਨਅਤਕਾਰਾਂ ਦੀ ਮੰਗ ’ਤੇ ਐਲਾਨ ਕੀਤਾ ਕਿ ਉਦਯੋਗਿਕ ਏਰੀਆ ਵਿੱਚ ਸਾਰੀਆਂ ਹਾਈ ਟੈਂਸ਼ਨ ਤਾਰਾਂ ਅੰਡਰ ਗਰਾਉਂਡ ਕੀਤੀਆਂ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਇਤਿਹਾਸਕ ਨਗਰ ਸੋਹਾਣਾ, ਦਾਊਂ, ਕੁੰਭੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰਾ, ਮੁਹਾਲੀ ਪਿੰਡ ਸਮੇਤ ਚੱਪੜਚਿੜੀ ਅਤੇ ਲਾਂਡਰਾਂ ਸਮੇਤ ਹੋਰਨਾਂ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…