ਮੁਹਾਲੀ ਬਾਰ ਐਸੋਸੀਏਸ਼ਨ ਵਿਖੇ ਵਕੀਲਾਂ ਦੇ ਰੂਬਰੂ ਹੋਏ ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ

ਅਕਾਲੀ ਸਰਕਾਰ ਵੇਲੇ ਹੋਏ ਮੁਹਾਲੀ ਦੇ ਵਿਕਾਸ ਦੇ ਦਮ ’ਤੇ ਲੋਕਾਂ ਦੀ ਕਚਹਿਰੀ ਵਿੱਚ ਉਤਰਿਆ ਹਾਂ: ਪਰਵਿੰਦਰ ਸੋਹਾਣਾ

ਕੋਰਟ ਕੰਪਲੈਕਸ, ਡੀਸੀ ਕੰਪਲੈਕਸ, ਏਅਰਪੋਰਟ, 8 ਖੇਡ ਸਟੇਡੀਅਮ ਅਕਾਲੀ ਸਰਕਾਰ ਦੀ ਦੇਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਵੀਰਵਾਰ ਨੂੰ ਮੁਹਾਲੀ ਬਾਰ ਐਸੋਸੀਏਸ਼ਨ ਦੇ ਕੈਂਪਸ ਵਿਖੇ ਮੁਹਾਲੀ ਦੇ ਵਕੀਲਾਂ ਦੇ ਰੂਬਰੂ ਹੋਏ ਅਤੇ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਉਨ੍ਹਾਂ ਤੋਂ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਪਰਮਜੀਤ ਕੌਰ ਲਾਂਡਰਾਂ, ਸਾਬਕਾ ਪ੍ਰਧਾਨ ਅਵਤਾਰ ਸਿੰਘ ਸਿੱਧੂ, ਐਡਵੋਕੇਟ ਗਗਨਦੀਪ ਸਿੰਘ ਅਤੇ ਸਤਨਾਮ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਵਕੀਲਾਂ ਦੇ ਰੂਬਰੂ ਹੁੰਦਿਆਂ ਅਕਾਲੀ ਬਸਪਾ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਹ ਅਕਾਲੀ ਸਰਕਾਰ ਦੇ ਸਮੇਂ ਮੁਹਾਲੀ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਤੇ ਲਿਆਂਦੇ ਗਏ ਪ੍ਰਾਜੈਕਟਾਂ ਦੇ ਬਲਬੂਤੇ ਲੋਕਾਂ ਦੀ ਕਚਹਿਰੀ ਵਿੱਚ ਆਏ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਮੁਹਾਲੀ ਦੇ ਸਮੂਹ ਵਸਨੀਕ ਉਨ੍ਹਾਂ ਨੂੰ ਇਲਾਕੇ ਦਾ ਜੰਮਪਲ ਹੋਣ ਅਤੇ ਮੁਹਾਲੀ ਵਿੱਚ ਵਿਕਾਸ ਕਾਰਜ ਕਰਵਾਉਣ ਦੀ ਸਮਰੱਥਾ ਰੱਖਣ ਵਾਲਾ ਉਮੀਦਵਾਰ ਮੰਨ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਅਦਾਲਤ ਕੰਪਲੈਕਸ ਅਤੇ ਡੀਸੀ ਕੰਪਲੈਕਸ ਦੀ ਬਿਲਡਿੰਗ ਅਕਾਲੀ ਦਲ ਦੀ ਹੀ ਦੇਣ ਹੈ ਅਤੇ ਮੁਹਾਲੀ ਵਿੱਚ ਅੱਠ ਖੇਡ ਸਟੇਡੀਅਮ ਏਅਰਪੋਰਟ ਵੀ ਅਕਾਲੀ ਦਲ ਨੇ ਹੀ ਲਿਆਂਦੇ ਅਤੇ ਮੁਹਾਲੀ ਦੇ ਸੈਂਟਰ ਤੋਂ ਗੁਜ਼ਰਦੀ ਸੜਕ ਨੂੰ ਵੀ ਅਕਾਲੀ ਦਲ ਨਹੀਂ ਡਬਲ ਕਰਵਾਇਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਮੁਹਾਲੀ ਵਿੱਚ 2500 ਕਰੋੜ ਰੁਪਏ ਤੋਂ ਵੱਧ ਵਿਕਾਸ ਕਾਰਜਾਂ ਉਤੇ ਖਰਚ ਕੀਤੇ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਵੋਟ ਅਪੀਲ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਲਾਕੇ ਦੇ ਨੌਜਵਾਨ ਨੂੰ ਅਕਾਲੀ ਦਲ ਨੇ ਟਿਕਟ ਦੇ ਕੇ ਪੂਰੇ ਇਲਾਕੇ ਨੂੰ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਪਰਵਿੰਦਰ ਸੋਹਾਣਾ ਨੂੰ ਜਿਤਾ ਕੇ ਇਹ ਸੀਟ ਅਕਾਲੀ ਬਸਪਾ ਗੱਠਜੋੜ ਦੀ ਝੋਲੀ ਵਿੱਚ ਪਾਈਏ। ਇਸ ਅਵਤਾਰ ਸਿੰਘ ਸਿੱਧੂ ਅਤੇ ਸੀਨੀਅਰ ਐਡਵੋਕੇਟ ਸੈਣੀ ਨੇ ਵੀ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਵਕੀਲ ਭਾਈਚਾਰ ਨਾਲ ਮਿਲਣੀ ਕਰਨ ਆਉਣ ’ਤੇ ਪਰਵਿੰਦਰ ਸਿੰਘ ਸੋਹਾਣਾ ਅਤੇ ਹੋਰ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਨਰਲ ਸਕੱਤਰ ਅਕਸ਼ ਚੇਤਨ, ਸੰਯੁਕਤ ਸਕੱਤਰ ਤਰਨਜੋਤ ਸਿੰਘ, ਕੈਸ਼ੀਅਰ ਗੁਰਵਿੰਦਰ ਕੌਰ, ਕਾਰਜਕਾਰੀ ਮੈਂਬਰ ਜਯੋਤਸਨਾ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…