ਮੰਗਾਂ ਮੰਨਣ ਦੇ ਭਰੋਸੇ ਮਗਰੋਂ ਸਫ਼ਾਈ ਸੇਵਕਾਂ ਵੱਲੋਂ ਲੜੀਵਾਰ ਹੜਤਾਲ 10 ਜੂਨ ਤੱਕ ਮੁਲਤਵੀ

ਮੇਅਰ ਤੇ ਕਮਿਸ਼ਨਰ ਨੇ ਮੰਗਾਂ ਮੰਨੀਆਂ, ਕਿਹਾ ਕਿਸੇ ਪਬਲਿਕ ਪਖਾਨੇ ਦੇ ਕਰਮਚਾਰੀ ਨੂੰ ਨਹੀਂ ਕੀਤਾ ਜਾਵੇਗਾ ਫ਼ਾਰਗ

ਨਬਜ਼-ਏ-ਪੰਜਾਬ, ਮੁਹਾਲੀ, 15 ਅਪਰੈਲ:
ਮੁਹਾਲੀ ਦੇ ਸਫ਼ਾਈ ਸੇਵਕਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਸੋਮਵਾਰ ਨੂੰ ਛੇਵੇਂ ਦਿਨ ਖ਼ਤਮ ਹੋ ਗਈ। ਸਾਰੇ ਸਫ਼ਾਈ ਸੇਵਕ, ਵੇਸਟ ਕੁਲੈਕਟਰਾਂ ਅਤੇ ਗੱਡੀਆਂ ਬੰਦ ਕਰਕੇ ਡਰਾਈਵਰਾਂ ਸਮੇਤ ਡਿਊਟੀਆਂ ਦਾ ਬਾਈਕਾਟ ਕਰਕੇ ਅੱਜ ਸਵੇਰੇ 9:30 ਵਜੇ ਮੁਹਾਲੀ ਨਗਰ ਨਿਗਮ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਵੱਡੀ ਭੀੜ ਜਮ੍ਹਾ ਹੋ ਗਈ। ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਅਤੇ ਨਿਗਮ ਅਧਿਕਾਰੀਆਂ ਖ਼ਿਲਾਫ਼ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸਫ਼ਾਈ ਕਾਮਿਆਂ ਦੇ ਰੋਹ ਨੂੰ ਦੇਖਦੇ ਹੋਏ ਸ਼ਾਮ 4:30 ਵਜੇ ਮੇਅਰ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਵੱਲੋਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਸਫ਼ਾਈ ਯੂਨੀਅਨਾਂ ਦੇ ਮੋਹਰੀ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਗਿਆ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਬੇਦੀ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ ਸਮੇਤ ਸੈਨੀਟੇਸ਼ਨ ਬ੍ਰਾਂਚ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਅਧਿਕਾਰੀਆਂ ਨੇ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸਮੇਂ ਪੂਰੇ ਦੇਸ਼ ਵਿੱਚ ਆਦਰਸ਼ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਚੋਣ ਜ਼ਾਬਤਾ ਖ਼ਤਮ ਹੁੰਦੇ ਹੀ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਬਾਰੇ ਵਿਸ਼ੇਸ਼ ਏਜੰਡਾ ਹਾਊਸ ਵਿੱਚ ਪੇਸ਼ ਕਰਕੇ ਚੰਡੀਗੜ੍ਹ ਦੇ ਬਰਾਬਰ ਤਨਖ਼ਾਹ ਦੇਣ ਸਮੇਤ 500 ਰੁਪਏ ਵਿਸ਼ੇਸ਼ ਭੱਤਾ, ਬਾਗਬਾਨੀ ਵਿੰਗ ਦੀ ਤਾਇਨਾਤੀ, ਪਬਲਿਕ ਪਖਾਨਿਆਂ ’ਤੇ ਕੰਮ ਕਰਦੇ ਨੌਕਰੀ ਤੋਂ ਫ਼ਾਰਗ ਕੀਤੇ 200 ਸਫ਼ਾਈ ਸੇਵਕਾਂ ਨੂੰ ਮੁੜ ਡਿਊਟੀਆਂ ’ਤੇ ਅਡਜਸਟ ਕਰਨਾ ਅਤੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।

ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੇਅਰ ਤੇ ਕਮਿਸ਼ਨਰ ਸਮੇਤ ਸਮੂਹ ਅਧਿਕਾਰੀਆਂ ਵੱਲੋਂ ਸਫ਼ਾਈ ਸੇਵਕਾਂ ਦੀ ਉਪਰੋਕਤ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਦੀ ਚੱਲ ਰਹੀ ਹੜਤਾਲ ਫਿਲਹਾਲ 10 ਜੂਨ ਤੱਕ ਮੁਲਤਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਲਕੇ ਮੰਗਲਵਾਰ ਤੋਂ ਪਹਿਲਾਂ ਵਾਂਗ ਸਫ਼ਾਈ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਇਸ ਤੋਂ ਪਹਿਲਾਂ ਯੂਨੀਅਨ ਦੇ ਆਗੂਆਂ ਵਿੱਚ ਮੋਹਣ ਸਿੰਘ, ਸੋਭਾ ਰਾਮ, ਜਗਜੀਤ ਸਿੰਘ, ਆਦੇਸ਼ ਕੁਮਾਰ, ਰਾਜ ਮੋਹਨ, ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਚੋਣ ਜ਼ਾਬਤਾ ਖ਼ਤਮ ਹੋਣ ਬਾਅਦ ਵੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ।
ਸਬੰਧਤ ਫੋਟੋ-6, ਸਫ਼ਾਈ ਕਰਮਚਾਰੀ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ।

Load More Related Articles
Load More By Nabaz-e-Punjab
Load More In General News

Check Also

ਗੁਰੂ ਤੇਗ ਬਹਾਦਰ ਦਾ 403ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਗੁਰੂ ਤੇਗ ਬਹਾਦਰ ਦਾ 403ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ: ਇੱਥੋਂ ਦ…