Share on Facebook Share on Twitter Share on Google+ Share on Pinterest Share on Linkedin ਵਿਧਾਨ ਸਭਾ ਚੋਣਾਂ: ਬਾਹਰੀ ਸੁਰੱਖਿਆ ਫੋਰਸਾਂ ਨੂੰ ਸਟੇਡੀਅਮਾਂ ਵਿੱਚ ਠਹਿਰਾਇਆ, ਆਪ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੇਟ ਚਿਪਕਾਇਆ ਨੋਟਿਸ, ਚੋਣਾਂ ਤੱਕ ਖੇਡਣਾ ਕੀਤਾ ਬੰਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ: ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਜਿੰਮਾ ਸੰਭਾਲਣ ਬਾਹਰੋਂ ਆਈਆਂ ਸੁਰੱਖਿਆ ਫੋਰਸਾਂ ਨੂੰ ਸੈਕਟਰ-78 ਦੇ ਸਟੇਡੀਅਮ ਵਿੱਚ ਠਹਿਰਾਇਆ ਗਿਆ ਹੈ। ਇਸ ਤਰ੍ਹਾਂ ਬਾਕੀ ਖੇਡ ਸਟੇਡੀਅਮਾਂ ਵਿੱਚ ਸੁਰੱਖਿਆ ਦਸਤੇ ਦੀਆਂ ਟੁਕੜੀਆਂ ਨੂੰ ਆਉਂਦੇ ਜਾਂਦੇ ਦੇਖਿਆ ਗਿਆ ਹੈ। ਜਿਸ ਕਾਰਨ ਸਟੇਡੀਅਮਾਂ ਵਿੱਚ ਪੈ੍ਰਕਟਿਸ ਕਰਨ ਵਾਲੇ ਨੌਜਵਾਨ ਲੜਕੇ-ਲੜਕੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਖੇਡ ਅਫ਼ਸਰ ਨੇ ਸਟੇਡੀਅਮ ਦੇ ਗੇਟ ’ਤੇ ਨੋਟਿਸ ਚਿਪਕਾ ਕੇ ਇੱਥੇ ਖੇਡਣ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀ ਨੇ ਨੋਟਿਸ ਰਾਹੀਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ-2017 ਦੇ ਮੱਦੇਨਜ਼ਰ ਖੇਡ ਭਵਨ ਸੈਕਟਰ-78 ਦਾ ਬੈਡਮਿੰਟਨ ਕੋਰਟ ਅੱਜ 21 ਜਨਵਰੀ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਇਸ ਕੋਰਟ ਵਿੱਚ ਖੇਡਣ ਵਾਲੇ ਖਿਡਾਰੀ ਹੁਣ ਖੇਡ ਭਵਨ ਸੈਕਟਰ-63 ਵਿੱਚ ਖੇਡ ਸਕਦੇ ਹਨ। ਉਂਜ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੈਕਟਰ ਇੰਚਾਰਜ ਜਰਨੈਲ ਸਿੰਘ ਬੈਂਸ ਅਤੇ ਮੀਡੀਆ ਕੋਆਰਡੀਨੇਟਰ ਸੰਨ੍ਹੀ ਬਰਾੜ ਵੱਲੋਂ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਅਤੇ ਖਿਡਾਰੀਆਂ ਦੇ ਵਿਰੋਧ ਨੂੰ ਦੇਖਦਿਆਂ ਅੱਜ ਸੁਰੱਖਿਆ ਫੋਰਸ ਨੂੰ ਬੈਡਮਿੰਟਨ ਕੋਰਟ ’ਤੇ ਬਿਸਤਰ ਵਿਛਾਉਣ ਤੋਂ ਰੋਕ ਕੇ ਉਨ੍ਹਾਂ ਇਹ ਥਾਂ ਛੱਡ ਕੇ ਸਟੇਡੀਅਮ ਦੇ ਕਮਰਿਆਂ ਵਿੱਚ ਸ਼ਿਫ਼ਟ ਕੀਤਾ ਗਿਆ ਹੈ। ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੈਕਟਰ ਇੰਚਾਰਜ ਜਰਨੈਲ ਸਿੰਘ ਬੈਂਸ ਅਤੇ ਮੀਡੀਆ ਕੋਆਰਡੀਨੇਟਰ ਸੰਨ੍ਹੀ ਬਰਾੜ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਸੁਰੱਖਿਆ ਕਰਮੀਆਂ ਨੂੰ ਸਟੇਡੀਅਮਾਂ ਵਿੱਚ ਠਹਿਰਾਉਣ ਕਾਰਨ ਲੱਖਾਂ ਕਰੋੜਾ ਰੁਪਏ ਖਰਚ ਕਰਕੇ ਬਣਾਏ ਕੋਰਟ ਨਸ਼ਟ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਵੀ ਬਹੁਤ ਜਰੂਰੀ ਹਨ ਪ੍ਰੰਤੂ ਬਾਹਰੋਂ ਆਏ ਸੁਰੱਖਿਆ ਕਰਮੀਆਂ ਨੂੰ ਖੇਡ ਸਟੇਡੀਅਮਾਂ ਵਿੱਚ ਠਹਿਰਾਉਣ ਦੀ ਬਜਾਏ ਕਮਿਉਨਿਟੀ ਸੈਂਟਰਾਂ ਜਾਂ ਸਰਾਂ ਵਿੱਚ ਠਹਿਰਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਦੇ ਅਰਾਮ ਲਈ ਮੰਜੇ ਬਿਸਤਰ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਟੇਡੀਅਮ ਵਿੱਚ ਸੁਰੱਖਿਆ ਕਰਮੀਆਂ ਨੂੰ ਕੜਾਕੇ ਦੀ ਠੰਢ ਵਿੱਚ ਭੁੱਜੇ ਸੌਣ ਦਾ ਪ੍ਰਬੰਧ ਹੈ। ਸ੍ਰੀ ਸੰਨੀ ਬਰਾੜ ਨੇ ਦੱਸਿਆ ਕਿ ਉਹ ਪਿਛਲੇ ਸੱਤ ਅੱਠ ਮਹੀਨੇ ਤੋਂ ਇੱਥੇ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ 4 ਬੈਡਮਿੰਟਨ ਕੋਰਟ ਹਨ। ਜਿਨ੍ਹਾਂ ਨੂੰ ਬੀਤੀ ਸ਼ਾਮ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਚੋਣਾਂ ਤੱਕ ਬੰਦ ਹੀ ਰਹੇਗਾ। ਉਨ੍ਹਾਂ ਕਿਹਾ ਕਿ ਬਾਹਰੋਂ ਮਿੱਟੀ ਘੱਟਾ ਲੈ ਕੇ ਸੁਰੱਖਿਆ ਮੁਲਾਜ਼ਮ ਬੂਟਾਂ ਸਮੇਤ ਅੰਦਰ ਆਣ ਵੜਦੇ ਹਨ ਅਤੇ ਇੱਥੇ ਹੀ ਸੌਣ ਦਾ ਪ੍ਰਬੰਧ ਹੈ। ਉਨ੍ਹਾਂ ਦੇ ਲੋਹੇ ਦੇ ਭਾਰੀ ਟਰੰਕ ਅਤੇ ਹਥਿਆਰ ਵੀ ਕੋਰਟ ’ਤੇ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਸੁਰੱਖਿਆ ਮੁਲਾਜ਼ਮਾਂ ਲਈ ਵੀ ਠੰਢ ਵਿੱਚ ਇਹ ਕੋਈ ਵਧੀਆ ਥਾਂ ਨਹੀਂ ਹੈ ਪਰ ਇਸ ਨਾਲ ਬੈਡਮਿੰਟਨ ਕੋਰਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਅਤੇ ਇਸ ਦਾ ਪੂਰੀ ਬੁਨਿਆਦੀ ਢਾਂਚਾ ਹੀ ਹਿੱਲ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਦੇ ਇੱਥੇ ਠਹਿਰਨ ਦੇ ਸਮੇਂ ਵਿੱਚ ਇੱਥੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਥੇ ਮਿਊਜ਼ਿਕ ਐਵਾਰਡ ਕਰਵਾਏ ਜਾਂਦੇ ਹਨ ਜਿਸ ਕਾਰਨ ਇੱਥੋਂ ਦੀ ਗਰਾਉਂਡ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਖਿਡਾਰੀਆਂ ਦੀ ਪ੍ਰੈਕਟਿਸ ਵੀ ਬੰਦ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨਾਂ ਲਈ ਵੱਖਰੇ ਇੰਤਜਾਮਾਤ ਹੋਣੇ ਚਾਹੀਦੇ ਹਨ। ਉਧਰ, ਮੁਹਾਲੀ ਖੇਡ ਸੁਸਾਇਟੀ ਦੇ ਸਕੱਤਰ ਸਰਬਜੀਤ ਗੈਰੀ ਨੇ ਕਿਹਾ ਕਿ ਮੁਹਾਲੀ ਵਿੱਚ ਪੰਜਾਬ ਸਰਕਾਰ ਨੇ ਅਤਿ ਆਧੁਨਿਕ ਸਟੇਡੀਅਮ ਬਣਾਏ ਹੋਏ ਹਨ ਪ੍ਰੰਤੂ ਅਫਸੋਸ ਕਿ ਇਨ੍ਹਾਂ ਸਟੇਡੀਅਮਾਂ ’ਚੋਂ ਸੈਕਟਰ-78 ਦੇ ਬੈਡਮਿੰਟਨ ਸਟੇਡੀਅਮ ਵਿੱਚ ਸੁਰੱਖਿਆ ਕਰਮੀਆਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਵੱਡੀ ਗਿਣਤੀ ਅਜਿਹੇ ਮੈਂਬਰ ਹਨ ਜਿਨ੍ਹਾਂ ਨੇ ਖੇਡ ਵਿਭਾਗ ਕੋਲ ਪੈਸੇ ਜਮ੍ਹਾਂ ਕਰਵਾਏ ਹੋਏ ਹਨ ਅਤੇ ਉਨ੍ਹਾਂ ਦੀ ਖੇਡ ਬੰਦ ਕਰਵਾਉਣ ਦੀ ਥਾਂ ’ਤੇ ਖੇਡ ਵਿਭਾਗ ਨੂੰ ਸੁਰੱਖਿਆ ਕਰਮੀਆਂ ਲਈ ਕੋਈ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਨੂੰ ਵੀ ਸ਼ਿਕਾਇਤ ਦੇਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ