Share on Facebook Share on Twitter Share on Google+ Share on Pinterest Share on Linkedin ਮੁਅੱਤਲੀ ਮਾਮਲਾ: ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ: ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਵੈਰੀਫਿਕੇਸ਼ਨ ਮਾਮਲੇ ਵਿੱਚ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਸਮੇਤ ਹੈਲਪਰ ਰਾਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਮੁੱਦੇ ’ਤੇ ਮੁਲਾਜ਼ਮ ਜਥੇਬੰਦੀ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ ਹਨ। ਜਿੱਥੇ ਪਰਵਿੰਦਰ ਸਿੰਘ ਖੰਗੂੜਾ ਨੇ ਬੋਰਡ ਮੈਨੇਜਮੈਂਟ ’ਤੇ ਉਸ ਨੂੰ ਡੂੰਘੀ ਸਾਜ਼ਿਸ਼ ਤਹਿਤ ਮੁਅੱਤਲ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਘਪਲਿਆਂ ਬਾਰੇ ਆਵਾਜ਼ ਚੁੱਕਦੇ ਆ ਰਹੇ ਹਨ। ਜਿਸ ਕਾਰਨ ਉਹ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਅਤੇ ਹੁਣ ਉਸ ਦੀ ਆਵਾਜ਼ ਬੰਦ ਕਰਵਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਉੱਥੇ ਕਰਮਚਾਰੀ ਯੂਨੀਅਨ ਵਿੱਚ ਵਿਰੋਧੀ ਧਿਰ ਦੇ ਆਗੂ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਨੇ ਸਪੱਸ਼ਟ ਕੀਤਾ ਕਿ ਸਰਬ ਸਾਂਝਾ-ਰਾਣੂ ਗਰੁੱਪ (ਨੀਲਾ ਰੰਗ) ਖੰਗੂੜਾ ਦੀ ਹਮਾਇਤ ਨਹੀਂ ਕਰਦਾ ਹੈ, ਕਿਉਂਕਿ ਉਹ ਕੁਰੱਪਸ਼ਨ ਦੇ ਕੇਸ ਵਿੱਚ ਫਸੇ ਹੋਏ ਹਨ। ਹਾਂ ਜੇਕਰ ਪਰਵਿੰਦਰ ਖੰਗੂੜਾ ਮੁਲਾਜ਼ਮ ਮਸਲਿਆਂ ’ਤੇ ਪੈਰਵਾਈ ਕਰਦਿਆਂ ਮੁਅੱਤਲ ਹੁੰਦਾ ਤਾਂ ਉਹ ਜ਼ਰੂਰ ਉਸ ਦਾ ਸਾਥ ਦਿੰਦੇ। ਉਨ੍ਹਾਂ ਕਿਹਾ ਕਿ ਜਿਸ ਸੀਟ ਅਤੇ ਜ਼ਿਲ੍ਹੇ ਨਾਲ ਸਬੰਧਤ ਇਹ ਦੋਨੋਂ ਕੇਸ ਹਨ, ਉਸ ਸਮੇਂ ਸੀਟ ਦਾ ਚਾਰਜ ਪਰਵਿੰਦਰ ਸਿੰਘ ਕੋਲ ਸੀ। ਇਹ ਕੇਸ ਦੀ ਫੈਕਟ ਫਾਇੰਡਿੰਗ ਦੌਰਾਨ ਖੰਗੂੜਾ ਵੱਲੋਂ ਕਰਮਚਾਰੀਆਂ ਨੂੰ ਦਫ਼ਤਰੀ ਰਿਕਾਰਡ ਦੇਣ ਤੋਂ ਵੀ ਰੋਕਿਆ ਗਿਆ ਜੋ ਉਨ੍ਹਾਂ ਦੀ ਗਲਤ ਮਨਸ਼ਾ ਹੋਣ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਸੱਚਾ ਸੀ ਤਾਂ ਜਾਂਚ ਦੌਰਾਨ ਪੂਰੇ ਤੱਥ ਕਿਉਂ ਨਹੀਂ ਪੇਸ਼ ਹੋਣ ਦਿੱਤੇ ਗਏ। ਉਨ੍ਹਾਂ ਕਿਹਾ ਕਿ ਖੰਗੂੜਾ ਵੱਲੋਂ ਕੀਤੀ ਰੈਲੀ ਮੁਲਾਜ਼ਮ ਜਥੇਬੰਦੀ ਦੀ ਨਹੀਂ ਬਲਕਿ ਇੱਕ ਗਰੁੱਪ ਦੀ ਸੀ, ਜਿਸ ਦਾ ਪ੍ਰਧਾਨ ਕੁਰੱਪਸ਼ਨ ਦੇ ਕੇਸ ਵਿੱਚ ਮੁਅੱਤਲ ਚੱਲ ਰਿਹਾ ਹੈ। ਵਿਰੋਧੀ ਧਿਰ ਨੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕਿ ਅਜਿਹੀਆਂ ਰੈਲੀਆਂ ਦਾ ਹਿੱਸਾ ਨਾ ਬਣਿਆ ਜਾਵੇ। ਜੇਕਰ ਇਸ ਦੌਰਾਨ ਕਿਸੇ ਕਰਮਚਾਰੀ ਦਾ ਕੋਈ ਨੁਕਸਾਨ ਹੰਦਾ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਸੁਨੀਲ ਅਰੋੜਾ, ਰਮਨ ਦੀਪ ਗਿੱਲ, ਗੁਰਇਕਬਾਲ ਸਿੰਘ ਸੋਢੀ, ਪ੍ਰਭਦੀਪ ਸਿੰਘ ਬੋਪਾਰਾਏ, ਰਾਜ ਕੁਮਾਰ ਭਗਤ, ਜਗਤਾਰ ਸਿੰਘ, ਜਸਵੀਰ ਸਿੰਘ ਚੋਟੀਆਂ, ਕੁਸ਼ੱਲਿਆ ਦੇਵੀ, ਬਲਜਿੰਦਰ ਸਿੰਘ ਮਾਂਗਟ, ਲਕਸ਼ਮੀ, ਹਰਮਿੰਦਰ ਸਿੰਘ ਕਾਕਾ, ਗੌਰਵ ਸਾਂਪਲਾ ਅਤੇ ਜਗਪ੍ਰੀਤ ਸਿੰਘ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਸੀ ਕਿ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨੀਲੇ ਗਰੁੱਪ (ਵਿਰੋਧੀ ਧਿਰ) ਦੇ ਆਗੂਆਂ ਵੱਲੋਂ ਮੁਅੱਤਲ ਕੀਤੇ ਮੁਲਾਜ਼ਮਾਂ ਨਾਲ ਖੜ੍ਹਨ ਦੀ ਥਾਂ ਰੈਲੀ ਦਾ ਬਾਈਕਾਟ ਕਰਕੇ ਬੋਰਡ ਮੈਨੇਜਮੈਂਟ ਦੇ ਪਿੱਠੂ ਹੋਣ ਦਾ ਸਬੂਤ ਦਿੱਤਾ ਹੈ। ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਨੇ ਕਿਹਾ ਕਿ ਖੰਗੂੜਾ ਪਿਛਲੇ ਡੇਢ ਦਹਾਕੇ ਤੋਂ ਮੁਲਾਜ਼ਮ ਹਿੱਤਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਹਰਦੇਵ ਸਿੰਘ ਕਲੇਰ ਨੇ ਮੁਲਾਜ਼ਮਾਂ ਨੂੰ ਇੱਕਜੁੱਟ ਹੋਣ ਅਪੀਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ